ਸਰਕਾਰ ਨੇ ਬਦਲੇ ਵੀਜ਼ਾ ਨਿਯਮ, ਯੂ.ਏ.ਈ ਚ ਆਸਾਨੀ ਨਾਲ ਮਿਲੇਗੀ ਐਂਟਰੀ

ਸਰਕਾਰ ਨੇ ਬਦਲੇ ਵੀਜ਼ਾ ਨਿਯਮ, ਯੂ.ਏ.ਈ ਚ ਆਸਾਨੀ ਨਾਲ ਮਿਲੇਗੀ ਐਂਟਰੀ

ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਜਾ ਕੇ ਕੰਮ ਕਰਨ ਤੇ ਰਹਿਣ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ । ਵੀਜ਼ਾ ਸੁਧਾਰਾਂ ਨੂੰ ਲੈ ਕੇ ਸਭ ਤੋਂ ਵੱਡੇ ਕਦਮ ਚੁੱਕਦੇ ਹੋਏ ਯੂ.ਏ.ਈ ਨੇ ਦੇਸ਼ ਵਿੱਚ ਦਾਖਲੇ ਅਤੇ ਨਿਵਾਸ ਲਈ ਇੱਕ ਨਵੀਂ ਯੋਜਨਾ ਪੇਸ਼ ਕੀਤੀ ਹੈ ।

 ਇਸ ਦੇ ਤਹਿਤ 10 ਤਰ੍ਹਾਂ ਦੇ ਐਂਟਰੀ ਵੀਜ਼ੇ ਜਾਰੀ ਕੀਤੇ ਜਾਣਗੇ ਜੋ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਹੋਣਗੇ । ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਵੀਜ਼ੇ ਲਈ ਕਿਸੇ ਵੀ ਮੇਜ਼ਬਾਨ ਜਾਂ ਸਪਾਂਸਰ ਦੀ ਲੋੜ ਨਹੀਂ ਹੋਵੇਗੀ । ਇਸ ਦੇ ਨਾਲ ਹੀ ਉਨ੍ਹਾਂ ਦੇ ਦਾਖਲੇ ‘ਤੇ ਕੋਈ ਲਿਮਿਟ ਨਹੀਂ ਹੋਵੇਗੀ। ਵਿਜ਼ਟਰ ਦੇ ਤੌਰ ‘ਤੇ ਹੁਣ ਦੇਸ਼ ਵਿੱਚ 60 ਦਿਨ ਰੁਕਿਆ ਜਾ ਸਕਦਾ ਹੈ, ਜੋ ਕਿ ਪਹਿਲਾਂ ਸਿਰਫ 30 ਦਿਨ ਸੀ । ਨਵੇਂ ਨਿਯਮਾਂ ਅਨੁਸਾਰ ਗੋਲਡਨ ਰੈਜ਼ੀਡੈਂਸ ਧਾਰਕ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਘਰੇਲੂ ਕਰਮਚਾਰੀਆਂ ਦੀ ਮੇਜ਼ਬਾਨੀ ਵੀ ਕਰ ਸਕਦਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਪੇ 25 ਸਾਲ ਦੀ ਉਮਰ ਤੱਕ ਆਪਣੇ ਪੁਰਸ਼ ਬੱਚਿਆਂ ਨੂੰ ਸਪਾਂਸਰ ਕਰ ਸਕਦੇ ਹਨ, ਜੋ ਪਹਿਲਾਂ ਸਿਰਫ 18 ਸਾਲ ਹੀ ਸੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਨਵੇਂ ਨਿਯਮ ਦੁਨੀਆ ਭਰ ਦੇ ਸਰਵੋਤਮ ਟੈਲੇਂਟ ਨੂੰ ਆਕਰਸ਼ਿਤ ਕਰਨਗੇ। ਪੇਸ਼ੇਵਰ ਕਾਮਿਆਂ ਕੋਲ ਵੀਜ਼ਾ ਲਈ ਕਾਨੂੰਨੀ ਰੁਜ਼ਗਾਰ ਕੰਟਰੈਕਟ ਹੋਣਾ ਚਾਹੀਦਾ ਹੈ । ਘੱਟੋ-ਘੱਟ ਸਿੱਖਿਆ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਮਹੀਨਾਵਾਰ ਤਨਖਾਹ 8,100 ਡਾਲਰ ਤੋਂ ਘੱਟ ਨਹੀਂ ਹੋਣੀ ਚਾਹੀਦੀ। ਸੱਭਿਆਚਾਰ, ਕਲਾ, ਖੇਡਾਂ, ਡਿਜੀਟਲ ਟੈਕਨਾਲੋਜੀ, ਕਾਢ ਦੇ ਖੇਤਰਾਂ ਦੇ ਲੋਕ ਵੀ ਆਸਾਨੀ ਨਾਲ ਵੀਜ਼ਾ ਪ੍ਰਾਪਤ ਕਰ ਸਕਣਗੇ । ਇਸ ਦੇ ਲਈ ਕੋਈ ਨੌਕਰੀ, ਤਨਖਾਹ ਜਾਂ ਯੋਗਤਾ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਤੁਹਾਨੂੰ ਸਰਕਾਰੀ ਸਿਫ਼ਾਰਸ਼ ਦੀ ਲੋੜ ਹੋਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂ.ਏ.ਈ ਨੇ ਗ੍ਰੀਨ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਤਾਂ ਜੋ ਲੋਕ ਬਿਨ੍ਹਾਂ ਕਿਸੇ ਕੰਪਨੀ ਦੀ ਸਪਾਂਸਰਸ਼ਿਪ ਦੇ ਦੇਸ਼ ਵਿੱਚ ਰਹਿ ਸਕਣ ਅਤੇ ਕੰਮ ਕਰ ਸਕਣ। ਇਹ ਪਿਛਲੇ ਸਿਸਟਮ ਨਾਲੋਂ ਇੱਕ ਵੱਡਾ ਬਦਲਾਅ ਹੈ । ਕਿਉਂਕਿ ਪਹਿਲਾਂ ਸਿਰਫ ਇੱਕ ਵੱਡੇ ਨਿਵੇਸ਼ ਤੋਂ ਬਾਅਦ ਕੁਝ ਗਿਣੇ-ਚੁਣੇ ਲੋਕਾਂ ਨੂੰ ਹੀ ਲੰਬੇ ਸਮੇਂ ਦੇ ਨਿਵਾਸ ਪਰਮਿਟ ਦਿੱਤੇ ਜਾਂਦੇ ਸਨ। ਨਵਾਂ ਵੀਜ਼ਾ ਯੂਏਈ ਦੀ ਪਿਛਲੀ ਗੋਲਡ ਵੀਜ਼ਾ ਸਕੀਮ ‘ਤੇ ਅਧਾਰਤ ਹੈ, ਜਿਸ ਨਾਲ ਨਿਵੇਸ਼ਕਾਂ, ਹੁਨਰਮੰਦ ਕਾਮਿਆਂ ਅਤੇ ਪੋਸਟ ਗ੍ਰੈਜੂਏਟਾਂ ਲਈ ਦੇਸ਼ ਵਿੱਚ ਦਾਖਲ ਹੋਣਾ ਆਸਾਨ ਹੋ ਗਿਆ ਹੈ।ਰਿਪੋਰਟ ਦੇ ਅਨੁਸਾਰ 2 ਮਿਲੀਅਨ ਦੀ ਜਾਇਦਾਦ ਖਰੀਦਣ ਨਾਲ ਰੀਅਲ ਅਸਟੇਟ ਨਿਵੇਸ਼ਕਾਂ ਨੂੰ ਜਾਇਦਾਦ ਖਰੀਦਣ ਦੌਰਾਨ ਗੋਲਡਨ ਰੈਜ਼ੀਡੈਂਸ ਪਾ ਸਕਣਗੇ । ਨਵੇਂ ਨਿਯਮਾਂ ਮੁਤਾਬਕ ਨਿਵੇਸ਼ਕ ਜੇਕਰ ਸਥਾਨਕ ਬੈਂਕਾਂ ਤੋਂ ਕਰਜ਼ਾ ਲੈ ਕੇ ਜਾਇਦਾਦ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਲੰਬੀ ਮਿਆਦ ਦਾ ਵੀਜ਼ਾ ਮਿਲ ਸਕਦਾ ਹੈ। ਯੂ.ਏ.ਈ ਵਿੱਚ ਆ ਕੇ ਵਪਾਰ ਦੇ ਮੌਕਿਆਂ ਦੀ ਤਲਾਸ਼ ਵਾਲੇ ਲੋਕਾਂ ਨੂੰ ਵੀ ਬਿਨਾਂ ਕਿਸੇ ਮੇਜ਼ਬਾਨ ਦੇ ਵੀਜ਼ਾ ਮਿਲੇਗਾ, ਤਾਂ ਜੋ ਲੋਕ ਉੱਥੇ ਜਾ ਕੇ ਮੌਕਿਆਂ ਦੀ ਸਹੀ ਵਰਤੋਂ ਕਰ ਸਕਣ । ਇਸ ਤੋਂ ਇਲਾਵਾ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਵੀਜ਼ਾ ਆਸਾਨੀ ਨਾਲ ਮਿਲ ਜਾਵੇਗਾ।

Leave a Reply

Your email address will not be published.