ਇਕੱਲੇ ਬੰਦੇ ਨੂੰ ਖਾਲੀ ਘਰ ਵੀ ਖਾਣ ਨੂੰ ਪੈਂਦਾ ਹੈ। ਵੰਨ-ਸੁਵੰਨੇ ਅਤੇ ਖਿੜੇ ਫੁੱਲਾਂ ਨਾਲ ਹੀ ਬਗੀਚੇ ਸੋਹਣੇ ਲੱਗਦੇ ਹਨ। ਕਈਆਂ ਕੋਲ ਤਾਂ ਹਵਾ ਭਰ ਜਿੰਨੀ ਵੀ ਥੋੜ੍ਹ ਨਹੀ ਹੁੰਦੀ ਅਤੇ ਕਈਆਂ ਕੋਲ ਅੱਖ ਭਰੀ ਤੋਂ ਬਿਨਾਂ ਬਾਕੀ ਸਭ ਕੁਝ ਖਾਲੀ ਹੁੰਦਾ ਹੈ। ਇਕੱਲਤਾ ਦੇ ਨਤੀਜੇ ਹੈਰਾਨੀਜਨਕ ਹੁੰਦੇ ਹਨ ਅਤੇ ਇਕੱਠ ਦੇ ਪ੍ਰਭਾਵਜਨਕ। ਬਹੁਤਾਤ ਵੀ ਮੇਰੇ-ਤੇਰੇ ਵਰਗਿਆਂ ਨਾਲ ਹੀ ਹੁੰਦੀ ਹੈ ਨਹੀਂ ਤਾਂ ਸੱਥਾਂ ਵੀ ਸੱਖਣੀਆਂ ਲੱਗਦੀਆਂ ਹਨ ਰੌਣਕਾਂ ਬਾਝੋਂ। ਰੌਣਕਾਂ ਦਾ ਮੂਲ-ਰੂਪ ਸਾਥ ਹੁੰਦਾ ਹੈ ਅਤੇ ਸਾਥ ਵੱਡਪਣ ਦੀ ਲਾਗ ਹੁੰਦਾ ਹੈ।
ਕਈ ਕੋਹਾਂ ਪਿੱਛੇ ਛੱਡੀਆਂ ਪੈੜਾਂ ਦੇ ਰਸਤੇ ਜਾਂਦਿਆਂ-ਜਾਂਦਿਆਂ ਅਣਗਿਣਤ ਵਿਸਥਾਰ ਦੀਆਂ ਵਾਟਾਂ ਨੂੰ ਪੰਧ ਮਾਰਦੇ ਹੋਏ ਹੱਸਦੇ-ਖੇਡਦੇ, ਨੱਚਦੇ-ਟੱਪਦੇ ਮੰਨੋਰੰਜਨ ਵਾਲੇ ਮਾਹੌਲ ਵਿਚ ਮਸ਼ਕਰੀਆਂ ਕਰਦੇ ਆਪਣੇ ਪਿਆਰਿਆਂ ਨਾਲ ਕਦੋਂ ਉਸ ਮਿੱਥੇ ਹੋਏ ਮਿਆਰ ਤੱਕ ਪਹੁੰਚ ਜਾਈਦਾ ਹੈ ਪਤਾ ਹੀ ਨਹੀਂ ਲੱਗਦਾ। ਨਾ ਮੁੱਕਣ ਵਾਲੀ ਵਾਟ ਲਾਗਤੀ ਸਮੇਂ ਅਧੀਨ ਪਲ-ਛਿਣ ਦੀ ਮੁਥਾਜ ਬਣ ਕੇ ਰਹਿ ਜਾਂਦੀ ਹੈ। ਇੰਝ ਲੱਗਦੈ ਜਿਵੇਂ ਪੰਧ ਸਿਰੇ ਤੋਂ ਸਫ਼ਰ ਦੇ ਅੰਤ ਤੱਕ ਸਾਨੂੰ ਪਲਕ ਝਪਕਣ ਜਿੰਨਾ ਵੀ ਵਕਤ ਨਹੀਂ ਲੱਗਾ ਹੁੰਦਾ। ਫਿਰ ਸਾਡੇ ਅੰਦਰ ਕਾਸ਼ ਦੀ ਉਤੇਜਨਾ ਜਾਗ ਜਾਂਦੀ ਹੈ ਅਤੇ ਦੋਸਤਾਂ, ਮਿੱਤਰਾਂ, ਸੱਜਣਾਂ, ਪਿਆਰਿਆਂ ਤੇ ਪਰਿਵਾਰ ਨਾਲ ਇਕੱਠਿਆਂ ਬਿਤਾਇਆ ਹੋਇਆ ਸਮਾਂ ਸਾਨੂੰ ਸੁਫਨਿਆਂ ਖਿਆਲਾਂ ਦਾ ਅਲੰਕਾਰ ਜਾਪਣ ਲੱਗ ਜਾਂਦਾ ਹੈ ਤੇ ਦਿਲ ਅੰਦਰੋਂ ਇਕ ਅਪੀਲ, ਬੇਨਤੀ, ਮਿੰਨਤ ਭਰੀ ਆਵਾਜ਼ ਆਉਂਦੀ ਹੈ ਕਿ ਕਾਸ਼ ਕੁਝ ਪਲ ਸਾਡੇ ਕੋਲ ਹੋਰ ਹੁੰਦੇ, ਕੁਝ ਪਲ ਸਾਨੂੰ ਹੋਰ ਮਿਲ ਜਾਂਦੇ।
ਜੀਹਨੇ ਸੱਜਣਾਂ ਨਾਲ ਸੋਹਣਾ ਸਮਾਂ ਹੰਢਾਇਆ ਹੋਵੇ ਉਹਦਾ ਇਨ੍ਹਾਂ ਹਸੀਨ ਤੇ ਖ਼ੂਬਸੂਰਤ ਪਲਾਂ ਨੂੰ ਗਵਾਉਣ ਤੇ ਛੱਡਣ ਨੂੰ ਦਿਲ ਨਹੀਂ ਕਰਦਾ ਅਤੇ ਉਨ੍ਹਾਂ ਨਾਲ ਹੋਰ ਖ਼ੂਬਸੂਰਤ ਪਲ ਪੈਦਾ ਕਰਨ ਨੂੰ ਦਿਲ ਕਰਦਾ ਹੈ, ਕਦੇ ਨਾ ਖ਼ਤਮ ਹੋਣ ਵਾਲੇ, ਕਦੇ ਨਾ ਮੁੱਕਣ ਵਾਲੇ ਉਹ ਅਥਾਹ, ਅਸਥੂਲ, ਅਮੁੱਕ ਵਿਸ਼ਾਲ ਲਮਹੇ, ਜੋ ਸਮਾਂ ਭਾਲਦੇ ਹਨ ਅਸੀਮਤ ਵਕਤ ਆਪਣੇ ਪਿਆਰਿਆਂ ਨਾਲ। ਪਰ ਅਫਸੋਸ ਕਿ ਇਕੱਠਿਆਂ ਬਿਤਾਏ ਵੇਲੇ ਬਦਲ ਗਏ ਸੱਜਣ, ਸਾਥ ਛੱਡ ਗਏ ਸਾਥਵਾਨ, ਨਵਿਆਂ ਲੜ ਲੱਗ ਗਏ ਦਿਲਬਰ, ਵਿਛੜ ਗਏ ਹਾਣੀ ਕਦੇ ਵਾਪਸ ਨਹੀਂ ਆਉਂਦੇ। ਜੇ ਆਉਣ ਵੀ ਤਾਂ ਦੁਬਾਰਾ ਦੁੱਖ ਦੇਣ ਹੀ ਆਉਂਦੇ ਹਨ। ਇਸ ਹੁਸੀਨ ਸਫ਼ਰ ਦੌਰਾਨ ਥਕਾਵਟ ਸਾਡੇ ਹਾਸਿਆਂ ਦੀ ਹਵਾ ਥਾਣੀਂ ਹੀ ਉੱਡ-ਪੁੱਡ ਜਾਂਦੀ ਹੈ। ਸਾਡੇ ਖਿਆਲ, ਵਿਚਾਰ, ਗੱਲਾਬਾਤਾਂ ਮਹਿਫਲ ਦਾ ਰੂਪ ਧਾਰ ਲੈਂਦੇ ਹਨ। ਇਹ ਵੇਲਾ ਸਿਰਫ਼ ਸਾਥਵਾਨ ਵਾਲਾ ਹੀ ਰਹਿ ਜਾਂਦਾ ਹੈ ਬਾਕੀ ਪਿਛਲਾ ਫ਼ਿਕਰਮੰਦੀਆਂ, ਰੁਝੇਵਿਆਂ ਤੰਗੀਆਂ ਵਾਲਾ ਸਮਾਂ ਕਿਸੇ ਮਾਖੌਲ ਵਾਲੀ ਗੱਲੋਂ ਖਿੜ-ਖਿੜ ਕੇ ਹੱਸਦਿਆ ਹੋਇਆਂ ਸਾਡੇ ਸਾਰਿਆਂ ਦੇ ਰਲ ਕੇ ਮਾਰੀਆਂ ਤਾੜੀਆਂ ਦੀ ਲਪੇਟ ਵਿਚ ਆ ਕੇ ਖੇਰੂੰ-ਖੇਰੂੰ ਹੋ ਜਾਂਦਾ ਹੈ। ਦੁਰਲਭ ਥਾਵਾਂ ਦਿਆਂ ਰਾਹਾਂ ਦੇ ਨਿਸ਼ਾਨ ਸਾਡੇ ਮਨ ਅੰਦਰ ਖਿਆਲਾਂ, ਯਾਦਾਂ ਦੀ ਧਰਤੀ ਦੇ ਖਾਲੀ ਨਕਸ਼ੇ ਉਤੇ ਕਿੰਨੀ ਹੀ ਲੰਮੀ ਵਾਟ ਦੇ ਆਕਾਰ ਬਣਾ ਲੈਂਦੇ ਹਨ ਜਿਸ ਦਾ ਜੋੜ ਨਹੀਂ ਲਗਾਇਆ ਜਾ ਸਕਦਾ। ਮਨ ਨਾਲ ਬਣਾਈਆਂ ਬਣਤਰੀ ਯੋਜਨਾਵਾਂ ਜਦੋਂ ਸਿਰੇ ਨਹੀਂ ਚੜ੍ਹਦੀਆਂ ਤਾਂ ਇੰਝ ਜਾਪਦਾ ਹੈ ਜਿਵੇਂ ਸਾਡੀ ਆਸਾਂ ਵਾਲੀ ਸਰਜ਼ਮੀਨ ‘ਤੇ ਪੁੰਗਰ ਰਹੇ ਕਿਸੇ ਖ਼ਾਬ ਨੂੰ ਕੋਈ ਮਧੋਲ ਕੇ ਤੁਰ ਗਿਆ ਹੋਵੇ। ਮਲੂਕ ਸਦਰਾਂ ਦੇ ਬਾਗ਼ ‘ਚੋਂ ਜਦੋਂ ਕੋਈ ਮੋਹ ਵਾਲਾ ਫੁੱਲ ਤੋੜਦਾ ਹੈ ਤਾਂ ਚਾਵਾਂ ਨਾਲ ਸ਼ਿੰਗਾਰੇ ਅਰਮਾਨ ਢਹਿ ਢੇਰੀ ਹੋ ਜਾਂਦੇ ਹਨ।
ਬੇਅੰਤ ਸ਼ਿੱਦਤਾਂ ਨਾਲ ਪਾਲੇ ਮੁਹੱਬਤ ਦੇ ਬੂਟੇ ਨਾਲ ਜਦੋਂ ਕੋਈ ਵਿਸ਼ਵਾਸ਼ਘਾਤ ਕਰਦਾ ਹੈ ਤਾਂ ਸਾਡੇ ਧੁਰ ਅੰਦਰ ਦਾ ਜ਼ਰਰਾ ਜ਼ਰਰਾ ਕੁਮਲਾ ਜਾਂਦਾ ਹੈ ਸਾਡੇ ਅੰਦਰ ਦੀਆਂ ਨਾੜੀਆਂ, ਪਰਨਾਲੀਆਂ, ਮਾਸ਼ਪੇਸ਼ੀਆਂ ਕੋਸ਼ਿਕਾਵਾ, ਧਮਨੀਆਂ, ਸ਼ਿਰਾਵਾਂ, ਦਿਲ ਦਿਮਾਗ ਤੇ ਅੰਦਰ ਸਥਿਤ ਹਰ ਇਕ ਚੀਜ਼ ਤੇ ਅੰਗ-ਅੰਗ ‘ਚੋਂ ਚੀਸਾਂ ਨਿਕਲਦੀਆਂ ਹਨ। ਸਾਡਾ ਲਹੂ ਰੋਣ ਲੱਗਦਾ ਹੈ, ਰੋਮ-ਰੋਮ ‘ਚੋਂ ਅੱਥਰੂ ਨਿਕਲਦੇ ਹਨ। ਜਿਗਰ ਦੀ ਦਲੇਰੀ ਕੰਬ ਜਾਂਦੀ ਹੈ, ਦਿਲ ਹਓਕੇ ਲੈਣ ਲੱਗਦਾ ਹੈ। ਸਾਡੇ ਨਹੁੰਆਂ ‘ਚ ਪਿਆਜੀਪਣ ਤੋਂ ਪੀਲਾਪਣ ਆ ਜਾਂਦਾ ਹੈ। ਸਾਡੀਆਂ ਅੱਖਾਂ ‘ਚੋਂ ਲਾਲੀ ਉੱਡ ਜਾਂਦੀ ਹੈ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਸਾਨੂੰ ਹਨੇਰੇ ਵਿਚ ਇਕੱਲਿਆਂ ਨੂੰ ਆ ਕੇ ਇਕਦਮ ਡਰਾ ਦੇਵੇ ਤਾਂ ਓਦੋਂ ਸਾਡੇ ਜੋ ਹਾਵ-ਭਾਵ ਹੁੰਦੇ ਹਨ, ਦਿਲ ਕੰਬਣ ਲੱਗਦਾ ਹੈ, ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਸਾਰੇ ਤਨ ਦੇ ਵਾਲਾਂ ਵਿਚੋਂ ਸੇਕ ਨਿਕਲਣ ਲੱਗਦਾ ਹੈ ਜਾਂ ਜਦੋਂ ਅਸੀਂ ਕੋਈ ਹੈਰਾਨੀਜਨਕ ਗੱਲ ਸੁਣਦੇ ਹਾਂ ਤਾਂ ਸਾਡੇ ਅੰਦਰ ਹੌਲ ਪੈਣ ਲੱਗਦੇ ਹਨ। ਜਦੋਂ ਅਸੀਂ ਆਪਣੀ ਮੌਤ ਨੂੰ ਬਿਲਕੁਲ ਨੇੜਿਓਂ ਮਹਿਸੂਸ ਕਰਦੇ ਹਾਂ ਤਾਂ ਬਿਲਕੁਲ ਓਦਾ ਹੀ ਸਾਡੇ ਸਰੀਰ ਦੀ ਹਾਲਤ ਹੋ ਜਾਂਦੀ ਹੈ। ਕਈ ਵਾਰ ਅਸੀਂ ਹੋਰ ਬਿਹਤਰ ਦੀ ਭਾਲ ‘ਚ ਬਿਹਤਰ ਨੂੰ ਵੀ ਗਵਾ ਲੈਂਦੇ ਹਾਂ।
ਘੁੰਮਣ-ਫਿਰਨ ਵਾਲਾ ਸਫ਼ਰ ਹੀ ਅਸੀਂ ਆਪਣੇ ਸਾਥੀਆਂ, ਪਿਆਰਿਆਂ, ਦੋਸਤਾਂ, ਮਿੱਤਰਾਂ, ਸੱਜਣਾਂ ਨਾਲ ਤੈਅ ਕਰਦੇ ਹਾਂ ਜ਼ਿੰਦਗੀ ਦਾ ਸਫ਼ਰ ਤਾਂ ਸਾਨੂੰ ਇਕੱਲਿਆਂ ਹੀ ਤੈਅ ਕਰਨਾ ਪੈਂਦਾ ਹੈ, ਅਸੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਵੀ ਇਕੱਲੇ ਕਰਦੇ ਹਾਂ ਤੇ ਖ਼ਤਮ ਵੀ ਇਕੱਲੇ ਕਰਦੇ ਹਾਂ ਵਿਚਲੇ ਸਫ਼ਰ ਦੌਰਾਨ ਸਾਡੇ ਨਾਲ ਨਵੀਆਂ ਰਿਸ਼ਤੇਦਾਰੀਆਂ, ਨਵੇਂ ਸਾਕ-ਸੰਬੰਧ ਬਣਦੇ ਹਨ ਅਤੇ ਨਵੇਂ ਲੋਕਾਂ ਨਾਲ ਸਾਂਝਾਂ ਪੈਂਦੀਆਂ ਹਨ। ਹੱਸਦਿਆਂ ਨਾਲ ਤਾਂ ਸਾਰੇ ਹੱਸਦੇ ਹਨ ਪਰ ਰੋਂਦਿਆਂ ਨਾਲ ਕੋਈ-ਕੋਈ ਹੀ ਰੋਂਦਾ ਹੈ। ਜੇ ਕੋਈ ਤੁਹਾਡਾ ਦੁੱਖ-ਦਰਦ ਆਵਦਾ ਸਮਝੇ, ਤੁਹਾਡਾ ਹਰ ਪਲ ਸਾਥ ਦਵੇ, ਸਹੀ ਗ਼ਲਤ ਦੱਸੇ ਤੇ ਗ਼ਲਤ ਚੀਜ਼ਾਂ/ਗੱਲਾਂ ਤੋਂ ਰੋਕੇ ਤਾਂ ਇਹੋ ਜਿਹੇ ਇੰਨਸਾਨ ਨੂੰ ਕਦੇ ਗਵਾਓ ਨਾ, ਉਹਦੀ ਕਦਰ ਕਰੋ, ਕਿਉਂਕਿ ਦੁਨੀਆ ‘ਤੇ ਸਭ ਕੁਝ ਮਿਲ ਜਾਵੇਗਾ ਪਰ ਇਹੋ ਜਿਹੇ ਹਮਸਫ਼ਰ ਸਾਥੀ, ਸੱਜਣ, ਦੋਸਤ ਵਾਰ-ਵਾਰ ਨਹੀਂ ਮਿਲਦੇ। ਇਹੋ ਜਿਹੇ ਇਨਸਾਨਾਂ ਨਾਲ ਜ਼ਿੰਦਗੀ ਦਾ ਸਫ਼ਰ ਕੁਝ ਸੌਖਾ ਹੋ ਜਾਂਦਾ ਹੈ। ਕੋਈ ਭਾਰੀ ਚੀਜ਼ ਨੂੰ ਇਕ ਜਣਾ ਚੁੱਕੇਗਾ ਤਾਂ ਬੜਾ ਔਖਾ ਹੋਵੇਗਾ ਪਰ ਜੇ ਦੋ ਜਾਂ ਦੋ ਤੋਂ ਵੱਧ ਰਲ ਕੇ ਚੁੱਕਣਗੇ ਤਾਂ ਉਹ ਘਟ ਭਾਰੀ ਲੱਗੇਗੀ। ਏਦਾ ਹੀ ਸਾਡੇ ਸੁੱਖ-ਦੁੱਖ, ਮੁਸੀਬਤਾਂ ਤੇ ਔਖੇ ਵੇਲੇ ਹੁੰਦੇ ਹਨ। ਜ਼ਿੰਦਗੀ ਵਿਚ ਰਲ-ਮਿਲ ਕੇ ਕੱਢਿਆ ਸਮਾਂ ਸੌਖਾ ਨਿਕਲ ਜਾਂਦਾ ਹੈ ਤੇ ਇਕੱਲਿਆਂ ਔਖਾ। ਖ਼ੁਸ਼ੀਆਂ ਜਿੰਨੀਆਂ ਵੰਡਾਂਗੇ ਓਨੀਆਂ ਵਧਣਗੀਆਂ, ਦੁੱਖ ਜਿੰਨਾ ਕਿਸੇ ਨਾਲ ਸਾਂਝਾ ਕਰਾਂਗੇ ਓਨਾ ਘਟੇਗਾ।
ਦਿਲ ‘ਤੇ ਪਿਆ ਭਾਰ ਸਾਨੂੰ ਜਾ ਕਿਸੇ ਨੂੰ ਦਿਸਦਾ ਤਾਂ ਨਹੀ ਪਰ ਇਸ ਤੋਂ ਭਾਰੀ ਕੋਈ ਚੀਜ਼ ਨਹੀਂ ਹੁੰਦੀ। ਕਈ ਵਾਰ ਸਾਡੇ ਹਾਸੇ, ਹਾਸੇ ਨਹੀਂ ਹੁੰਦੇ, ਦੁੱਖਾਂ- ਤਕਲੀਫ਼ਾਂ ਤੇ ਬੋਝਾਂ ਦੀ ਹਵਾ ਹੁੰਦੇ ਹਨ। ਕਈ ਵਾਰ ਅਸੀਂ ਖ਼ੁਸ਼ ਤਾਂ ਹੁੰਨੇ ਆਂ ਪਰ ਚਿਹਰੇ ‘ਤੇ ਖੁਸ਼ੀਂ ਨਹੀਂ ਹੁੰਦੀ। ਕਈ ਵਾਰ ਅਸੀਂ ਜਿਉਂਦੇ ਤਾਂ ਹੁੰਨੇ ਆਂ ਪਰ ਅੰਦਰੋਂ ਮਰੇ ਹੋਏ ਹੁੰਦੇ ਆਂ। ਕਈ ਵਾਰ ਸਾਡੇ ਸਾਹ ਚੱਲ ਰਹੇ ਹੁੰਦੇ ਨੇ ਪਰ ਦਿਲ ਤੇ ਦਿਮਾਗ ਖੜ੍ਹੇ ਹੁੰਦੇ ਹਨ। ਸਾਰੇ ਆਪਣੀ ਆਈ ‘ਤੇ ਹੀ ਨਹੀਂ ਮਰਦੇ, ਕਈ ਅਣਿਆਈ ਮੌਤ ਵੀ ਮਰਦੇ ਹਨ। ਕਿਸੇ ਗੱਲੋਂ ਕਿਸੇ ਫ਼ਿਕਰ ‘ਚ ਅੰਦਰੋਂ-ਅੰਦਰੀ ਧੁੱਖਦੇ ਰਹਿਣਾ ਵੀ ਹਰ ਰੋਜ਼ ਪਲ-ਪਲ ਮਰਨ ਦੇ ਸਮਾਨ ਹੁੰਦਾ ਹੈ। ਕਈ ਮੌਤਾਂ ਜਾਂ ਖੁਦਕੁਸ਼ੀਆਂ ਦਾ ਦੋਸ਼ੀ ਇਨਸਾਨ ਖੁਦ ਜਾਂ ਰੱਬ ਨਹੀਂ ਹੁੰਦਾ ਸਗੋਂ ਉਹ ਲੋਕ ਹੁੰਦੇ ਹਨ ਜਿਹੜੇ ਉਸ ਨੂੰ ਇਹ ਸਭ ਕਰਨ ਲਈ ਮਜਬੂਰ ਕਰਦੇ ਹਨ। ਜ਼ਿੰਦਗੀ ਦੇ ਸਫ਼ਰ ਵਿਚ ਬਹੁਤ ਸਫ਼ਰ ਅਜਿਹੇ ਹੁੰਦੇ ਹਨ ਜਿਹੜੇ ਅਸੀਂ ਚਾਹੁਦੇ ਹਾਂ ਕਿ ਕਦੇ ਖਤਮ ਨਾ ਹੋਣ ਅਤੇ ਕਈ ਅਜਿਹੇ ਪਲ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਕਿ ਰੱਬਾ ਇਹੋ ਜਿਹਾ ਸਮਾਂ ਕਦੇ ਦੁਬਾਰਾ ਨਾ ਦਿਖਾਵੀਂ। ਸਫ਼ਰ ਸੁਹਾਣੇ ਹੋਣ ਤਾਂ ਚੰਗੇ ਲੱਗਦੇ ਹਨ, ਸਾਥੀ ਪਿਆਰੇ ਹੋਣ ਤਾਂ ਚੰਗੇ ਲੱਗਦੇ ਹਨ, ਹਮਸਫ਼ਰ ਸਾਥ ਦੇਣ ਵਾਲਾ ਹੋਵੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ। ਦਿਨਾਂ, ਮੌਸਮਾਂ, ਸਾਲਾਂ ਦੇ ਬਦਲਣ ਨਾਲ ਜੇ ਹਮਸਫ਼ਰ ਨਹੀਂ ਬਦਲਦਾ ਤਾਂ ਸਮਝੋ ਜ਼ਿੰਦਗੀ ਦੇ ਹਰ ਮੋੜ ‘ਤੇ ਉਹ ਤੁਹਾਡਾ ਸਾਥ ਦੇਵੇਗਾ।
ਜਿੰਨਾ ਚਿਰ ਸਾਹ ਚੱਲਦੇ ਹਨ ਸਫ਼ਰ ਵੀ ਚੱਲਦੇ ਰਹਿਣਗੇ। ਸਾਡਾ ਆਖਰੀ ਸਫ਼ਰ ਧੜਕਣ ਦੇ ਬੰਦ ਦਰਵਾਜ਼ੇ ਦੇ ਅੰਦਰਲੇ ਪਾਸੇ ਖਤਮ ਹੋਵੇਗਾ। ਖ਼ੁਸ਼ੀਆਂ-ਗ਼ਮੀਆਂ, ਦੁੱਖ-ਸੁੱਖ, ਔਕੜਾਂ-ਮੁਸੀਬਤਾਂ, ਜਿੱਤਣਾ-ਹਾਰਨਾ, ਤਿਆਗਣਾ-ਪਾਉਣਾ, ਹੱਸਣਾ-ਰੋਣਾ ਆਦਿ ਸਭ ਜੀਵਨ ਦਾ ਹੀ ਹਿੱਸਾ ਹਨ। ਸਾਨੂੰ ਇਹ ਸਭ ਕੁਝ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਖੁਸ਼ੀਆਂ ਦੀ ਉਮਰ ਹੁੰਦੀ ਹੈ ਪਰ ਦੁੱਖਾਂ ਦੀ ਕੋਈ ਸੀਮਾਂ ਨਹੀਂ ਹੁੰਦੀ। ਸਫ਼ਰਾਂ ਦੀ ਸ਼ੁਰੂਆਤ ਹੁੰਦੀ ਹੈ ਅੰਤ ਸਿਰਫ ਹਾਸਲ ਕੀਤਾ ਹੁੰਦਾ ਹੈ ਲਾਲਸਾ ਦਾ ਨਹੀਂ, ਇਹੀ ਕਾਰਨ ਹੈ ਕਿ ਕਿਸੇ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਅਸੀਂ ਨਵੀਆਂ ਮੰਜ਼ਿਲਾਂ ਮਿੱਥ ਲੈਂਦੇ ਹਾਂ। ਇਸ ਕਾਰਨ ਸਾਡੀ ਭਟਕਣ ਜੀਵਨ ਭਰ ਨਹੀਂ ਮੁੱਕਦੀ ਅਤੇ ਇਨ੍ਹਾਂ ਤਮਾਮ ਸਫ਼ਰਾਂ ਦੇ ਨਿਸ਼ਾਨ ਸਾਡੀ ਰੂਹ ‘ਤੇ ਰਹਿ ਜਾਂਦੇ ਹਨ।
—-ਸੰਦੀਪ ਸਿੰਘ