ਰਾਏਗੜ੍ਹ, 24 ਜਨਵਰੀ
ਬਿਲਾਸਪੁਰ ਜੇਲ੍ਹ ਦੇ ਇੱਕ ਕੈਦੀ ਨੇ ਸਨਅਤਕਾਰ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਇੱਕ ਪੱਤਰ ਭੇਜ ਕੇ ਧਮਕੀ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਇਹ ਪੱਤਰ ਸੋਮਵਾਰ ਨੂੰ ਪਤਰਪਾਲੀ ਪਿੰਡ ਵਿੱਚ ਸਥਿਤ ਜਿੰਦਲ ਸਟੀਲ ਐਂਡ ਪਾਵਰ ਲਿਮਿਟਡ (ਜੇਐੱਸਪੀਐੱਲ) ਫੈਕਟਰੀ ਵਿੱਚ ਡਾਕ ਰਾਹੀਂ ਪ੍ਰਾਪਤ ਹੋਇਆ ਹੈ। ਪੱਤਰ ਵਿੱਚ ਉਸ ਨੇ ਸਨਅਤਕਾਰ ਤੋਂ 48 ਘੰਟਿਆਂ ਵਿੱਚ 50 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਮਗਰੋਂ ਪਤਾ ਲੱਗਾ ਹੈ ਕਿ ਕਿ ਇਹ ਪੱਤਰ ਬਿਲਾਸਪੁਰ ਕੇਂਦਰੀ ਜੇਲ੍ਹ ਦੇ ਇੱਕ ਕੈਦੀ ਵੱਲੋਂ ਲਿਖਿਆ ਗਿਆ ਸੀ। ਇਸ ਸਬੰਧੀ ਕੋਟੜਾ ਰੋਡ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। -ਪੀਟੀਆਈ