ਸਟਾਰਟਅੱਪਸ ਆਈਪੀ ਅਤੇ ਇਨੋਵੇਸ਼ਨ ਸਬੰਧੀ ਸਹਿਯੋਗ ਦੇਣ ਵੱਲ ਇੱਕ ਵੱਡਾ ਕਦਮ : ਸਕੱਤਰ ਉਦਯੋਗ ਅਤੇ ਵਣਜ

Home » Blog » ਸਟਾਰਟਅੱਪਸ ਆਈਪੀ ਅਤੇ ਇਨੋਵੇਸ਼ਨ ਸਬੰਧੀ ਸਹਿਯੋਗ ਦੇਣ ਵੱਲ ਇੱਕ ਵੱਡਾ ਕਦਮ : ਸਕੱਤਰ ਉਦਯੋਗ ਅਤੇ ਵਣਜ
ਸਟਾਰਟਅੱਪਸ ਆਈਪੀ ਅਤੇ ਇਨੋਵੇਸ਼ਨ ਸਬੰਧੀ ਸਹਿਯੋਗ ਦੇਣ  ਵੱਲ ਇੱਕ ਵੱਡਾ ਕਦਮ : ਸਕੱਤਰ ਉਦਯੋਗ ਅਤੇ ਵਣਜ

ਸੂਬੇ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਟਾਰਟਅੱਪ ਪੰਜਾਬ ਸੈੱਲ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਸਮਝੌਤੇ (ਐਮਓਯੂ) `ਤੇ ਹਸਤਾਖਰ ਕੀਤੇ।

ਉਦਯੋਗ ਅਤੇ ਵਣਜ ਦੇ ਸਕੱਤਰ-ਕਮ-ਡਾਇਰੈਕਟਰ ਸਿਬਿਨ ਸੀ, ਜੋ ਸਟੇਟ ਸਟਾਰਟਅਪ ਦੇ ਨੋਡਲ ਅਫਸਰ ਵੀ ਹਨ, ਨੇ ਸਟਾਰਟਅੱਪ ਪੰਜਾਬ ਦੀ ਤਰਫੋਂ ਐਮਓਯੂ `ਤੇ ਦਸਤਖਤ ਕੀਤੇ, ਜਦਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਤਰਫੋਂ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਦਸਤਖਤ ਕੀਤੇ। ਸਟਾਰਟਅਪ ਪੰਜਾਬ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਦੇ ਉੱਦਮੀ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਨੈੱਟਵਰਕ, ਸਬੰਧਾਂ, ਤਕਨਾਲੋਜੀ, ਗਿਆਨ ਅਤੇ ਪ੍ਰਬੰਧਨ ਪਹਿਲੂਆਂ ਦੇ ਸੰਦਰਭ ਵਿੱਚ ਆਪੋ-ਆਪਣੀ ਸੰਸਥਾਗਤ ਮੁਹਾਰਤ ਪ੍ਰਦਾਨ ਕਰਕੇ ਸਟਾਰਟਅੱਪ ਨੂੰ ਸਹਿਯੋਗ ਦੇਣ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ ਹੈ।

ਸਿਬਿਨ ਸੀ ਨੇ ਕਿਹਾ, “ਪੰਜਾਬ ਵਿੱਚ ਉੱਦਮਤਾ ਦੀ ਕਈ ਦਹਾਕਿਆਂ ਪੁਰਾਣੀ ਅਮੀਰ ਪਰੰਪਰਾ ਹੈ ਅਤੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਆਈ.ਟੀ./ਆਈ.ਟੀ.ਈ.ਐਸ., ਸਟੀਲ, ਨਿਰਮਾਣ ਆਦਿ ਵਿੱਚ ਮਜ਼ਬੂਤ ਕਾਰੋਬਾਰ ਸਥਾਪਿਤ ਕੀਤੇ ਹਨ।” ਉਨ੍ਹਾਂ ਅੱੱਗੇ ਕਿਹਾ ਕਿ ਸਟਾਰਟਅਪ ਪੰਜਾਬ ਢੁੱਕਵੀਂ ਸੇਧ, ਵਿੱਤੀ , ਇਨਕਿਊਬੇਸ਼ਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਕੇ ਰਾਜ ਦੇ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨਾਲ ਇਹ ਸਮਝੌਤਾ ਸਟਾਰਅੱਪਜ਼ ਨੂੰ ਆਈ.ਪੀ. (ਇੰਟਲੈਕਚੁਅਲ ਪ੍ਰਾਪਰਟੀ) ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਿਆਂ ਸੂਬੇ ਵਿੱਚ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਉਦਮੀ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਖੋਜ ਅਤੇ ਵਿਕਾਸ ਸਬੰਧੀ ਸਹਾਇਤਾ ਅਤੇ ਵਪਾਰਕ ਤੇ ਤਕਨੀਕੀ ਸੇਧ ਦਾ ਲਾਭ ਲੈ ਸਕਦੇ ਹਨ।

ਪੀਐਸਸੀਐਸਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਕਿਹਾ, “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਹਮੇਸ਼ਾ ਹੀ ਪੰਜਾਬ ਦੇ ਉਭਰਦੇ ਉੱਦਮੀਆਂ ਅਤੇ ਇਨੋਵੇਟਰਾਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਹੈ। ਸਟਾਰਟਅੱਪ ਪੰਜਾਬ ਨਾਲ ਇਹ ਸਾਂਝੇਦਾਰੀ ਸਟਾਰਟਅੱਪਸ ਨੂੰ ਪ੍ਰੋਟੋਟਾਈਪ ਵਿਕਸਿਤ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਉੱਦਮੀਆਂ ਨੂੰ ਪੇਟੈਂਟ ਸਹਾਇਤਾ ਪ੍ਰਦਾਨ ਕਰਨ ਲਈ ਖੋਜ ਤੇ ਵਿਕਾਸ ਅਤੇ ਤਕਨੀਕੀ ਸੰਪਰਕ ਪ੍ਰਦਾਨ ਕਰੇਗੀ।”

ਸਿਬਿਨ ਸੀ ਨੇ ਅੱਗੇ ਕਿਹਾ, “ਸਟਾਰਟਅੱਪ ਪੰਜਾਬ ਸੈੱਲ ਵੱਖ-ਵੱਖ ਵਰਕਸ਼ਾਪਾਂ, ਬੂਟ ਕੈਂਪਾਂ ਅਤੇ ਭਾਈਵਾਲੀ ਰਾਹੀਂ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਰਾਜ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ, ਸਟਾਰਟਅੱਪ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈ.ਬੀ.ਡੀ.ਪੀ), 2017 ਵਿੱਚ ਦਰਸਾਏ ਅਨੁਸਾਰ ਵੱਖ-ਵੱਖ ਵਿੱਤੀ ਪ੍ਰੋਤਸਾਹਨ ਜਿਵੇਂ ਕਿ ਸੀਡ ਫੰਡਿੰਗ, ਵਿਆਜ ਸਬਸਿਡੀ, ਲੀਜ਼ ਰੈਂਟਲ ਸਬਸਿਡੀ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ ਸਾਰੇ ਪ੍ਰੋਤਸਾਹਨ ਜੋ ਐਮ.ਐਸ.ਐਮ.ਈ. ਯੂਨਿਟਾਂ ਲਈ ਉਪਲਬਧ ਹਨ, ਆਈ.ਬੀ.ਡੀ.ਪੀ.  2017 ਦੇ ਅਨੁਸਾਰ ਸਟਾਰਟਅੱਪ ਯੂਨਿਟਾਂ ਲਈ ਉਪਲਬਧ ਹਨ।“

ਸਟਾਰਟਅਪ ਪੰਜਾਬ ਦੀਆਂ ਕੁਝ ਤਾਜ਼ਾ ਪਹਿਲਕਦਮੀਆਂ ਵਿੱਚ ਪੰਜਾਬ ਵਿਦਿਆਰਥੀ ਉੱਦਮਤਾ ਯੋਜਨਾ (ਤਕਨੀਕੀ ਸਿੱਖਿਆ ਵਿਭਾਗ ਅਤੇ ਉੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ) ਜੋ ਉਦਮਤਾ ਅਤੇ ਨਵੀਨਤਾ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੀ ਯੂਨੀਵਰਸਿਟੀ/ਕਾਲਜ ਵਿੱਚ ਅਕਾਦਮਿਕ ਕੋਰਸਾਂ ਵਿੱਚ 20% ਹਾਜ਼ਰੀ ਛੋਟ ਅਤੇ 4% ਗ੍ਰੇਸ ਅੰਕ ਪ੍ਰਦਾਨ ਕਰੇਗੀ, 500-ਸੀਟਰ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਐਸ.ਟੀ.ਪੀ.ਆਈ. ਮੋਹਾਲੀ ਜੋ ਸਟਾਰਟਅੱਪਸ ਨੂੰ ਤਿਆਰ-ਬਰ-ਤਿਆਰ ਮਾਹੌਲ ਦੀ ਪੇਸ਼ਕਸ਼ ਕਰੇਗਾ ਜਿੱਥੇ ਇੱਕ ਅਤਿ-ਆਧੁਨਿਕ ਏ.ਆਈ/ਡਾਟਾ ਵਿਸ਼ਲੇਸ਼ਣ ਲੈਬ ਹੈ, ਇਨਕਿਊਬੇਟਰ ਮੈਨੇਜਰਾਂ ਦੀ ਸਮਰੱਥਾ ਨਿਰਮਾਣ ਲਈ ਰਾਜ ਦੇ ਇਨਕਿਊਬੇਟਰਾਂ ਲਈ ਛੇ ਮਾਸਟਰ ਕਲਾਸਾਂ ਦੀ ਲੜੀ ਦਾ ਆਯੋਜਨ, ਰਾਜ ਦੇ ਨੌਜਵਾਨਾਂ ਨੂੰ ਢੁੱਕਵੀਂ ਸੇਧ ਦੇਣ ਲਈ ਉੱਦਮੀ ਪ੍ਰੋਗਰਾਮ ਅਤੇ ਹੋਰ ਕਈ ਪਹਿਲਕਦਮੀਆਂ ਸ਼ਾਮਲ ਹਨ। ਪੰਜਾਬ ਇਨੋਵੇਸ਼ਨ ਮਿਸ਼ਨ, ਨਿੱਜੀ ਤੌਰ `ਤੇ ਚਲਾਈ ਗਈ ਸੰਸਥਾ, ਜੋ ਕਾਲਕਟ ਭਵਨ ਮੋਹਾਲੀ ਵਿਖੇ ਸੈਕਟਰ-ਅਗਨੋਸਟਿਕ ਇਨਕਿਊਬੇਟਰ ਅਤੇ ਐਕਸਲੇਟਰ ਚਲਾਏਗੀ ਅਤੇ ਪੰਜਾਬ ਇਨੋਵੇਸ਼ਨ ਫੰਡ ਦੀ ਸਥਾਪਨਾ ਵੀ ਕਰੇਗੀ, ਨੂੰ ਸਟਾਰਟਅਪ ਪੰਜਾਬ ਸੈੱਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

Leave a Reply

Your email address will not be published.