ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਨੇ ਕੀਤਾ ਦਾਅਵਾ, ਜਾਣੋ ਕੀ

Home » Blog » ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਨੇ ਕੀਤਾ ਦਾਅਵਾ, ਜਾਣੋ ਕੀ
ਸ਼ੰਕਰਾਚਾਰੀਆ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਨੇ ਕੀਤਾ ਦਾਅਵਾ, ਜਾਣੋ ਕੀ

ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਖ਼ੁਦ ਨੂੰ ‘ਹਿੰਦੂ ਰਾਸ਼ਟਰ’ ਐਲਾਨ ਕਰ ਦੇਣ ’ਤੇ 15 ਦੇਸ਼ ਇਕ ਸਾਲ ਦੇ ਅੰਦਰ ਇਹੀ ਕਦਮ ਚੁੱਕਣਗੇ।

ਮਕਰ ਸੰਕ੍ਰਾਂਤੀ ’ਤੇ ਗੰਗਾਸਾਗਰ ’ਚ ਸ਼ਾਹੀ ਇਸ਼ਨਾਨ ਕਰਨ ਆਏ ਸ਼ੰਕਰਾਚਾਰੀਆ ਨੇ ਵੀਰਵਾਰ ਨੂੰ ਪੱਤਰਕਾਰ ਵਾਰਤਾ ’ਚ ਕਿਹਾ ਕਿ ਮੇਰੀ 52 ਦੇਸ਼ਾਂ ਦੇ ਉੱਚ ਪ੍ਰਤੀਨਿਧੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਹੋਈ ਹੈ। ਇਸ ’ਚ ਮਾਰੀਸ਼ਸ, ਨੇਪਾਲ ਤੇ ਭੂਟਾਨ ਸਮੇਤ 15 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇੱਛਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਭਾਰਤ ਜੇਕਰ ਖ਼ੁਦ ਨੂੰ ਹਿੰਦੂ ਰਾਸ਼ਟਰ ਐਲਾਨ ਕਰ ਦੇਵੇਗਾ ਤਾਂ ਇਸ ਤੋਂ ਪ੍ਰੇਰਣਾ ਲੈ ਕੇ ਉਹ ਵੀ ਆਪਣੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਐਲਾਨ ਕਰਨ ਦੀ ਦਿਸ਼ਾ ’ਚ ਕਦਮ ਚੁੱਕਣਗੇ। ਬੰਗਲਾਦੇਸ਼ ’ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੋੜੇ ਜਾਣ ’ਤੇ ਸ਼ੰਕਰਾਚਾਰੀਆ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਭਾਰਤ ’ਚ ਘੱਟਗਿਣਤੀ ਲੋਕ ਆਰਾਮ ਨਾਲ ਰਹਿ ਸਕਦੇ ਹਨ ਤਾਂ ਬੰਗਲਾਦੇਸ਼ ’ਚ ਹਿੰਦੂ ਸੁਰੱਖਿਅਤ ਕਿਉਂ ਨਹੀਂ ਰਹਿ ਸਕਦੇ? ਬੰਗਲਾਦੇਸ਼ ਭਾਰਤ ਤੋਂ ਹੀ ਟੁੱਟ ਕੇ ਬਣਿਆ ਹੈ। ਹਿੰਦੂ ਦੇਵੀ-ਦੇਵਤਿਆਂ ਦਾ ਵਿਸ਼ਵ ’ਚ ਕਿਤੇ ਵੀ ਅਪਮਾਨ ਸਹਿਣ ਨਹੀਂ ਕੀਤਾ ਜਾ ਸਕਦਾ।

ਚੀਨ ਦੇ ਹੱਥਾਂ ਦਾ ਯੰਤਰ ਬਣਦਾ ਜਾ ਰਿਹੈ ਨੇਪਾਲ

ਸ਼ੰਕਰਾਚਾਰੀਆ ਨੇ ਕਿਹਾ ਕਿ ਨੇਪਾਲ ਹੁਣ ਚੀਨ ਦੇ ਅਧੀਨ ਹੋ ਗਿਆ ਹੈ। ਉਹ ਉਸ ਦੇ ਹੱਥਾਂ ਦਾ ਯੰਤਰ ਬਣਦਾ ਜਾ ਰਿਹਾ ਹੈ। ਇਸ ਮਾਮਲੇ ’ਚ ਸਾਡੀ ਵਿਦੇਸ਼ ਨੀਤੀ ਕਮਜ਼ੋਰ ਸਾਬਿਤ ਹੋਈ ਹੈ। ਕੋਰੋਨਾ ਦੇ ਪਰਛਾਵੇਂ ’ਚ ਗੰਗਾਸਾਗਰ ਮੇਲੇ ਦੇ ਆਯੋਜਨ ’ਤੇ ਸ਼ੰਕਰਾਚਾਰੀਆ ਨੇ ਕਿਹਾ ਕਿ ਕੋਰੋਨਾ ਦੇ ਦੌਰ ’ਚ ਹੀ ਵੱਖ-ਵੱਖ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤੇ ਅੱਗੇ ਵੀ ਹੋਣ ਜਾ ਰਹੀਆਂ ਹਨ। ਜਦੋਂ ਕੋਈ ਸਿਆਸੀ ਪ੍ਰੋਗਰਾਮ ਹੁੰਦਾ ਹੈ ਤਾਂ ਸਿਆਸਤਦਾਨਾਂ ਨੂੰ ਕੋਰੋਨਾ ਦੇ ਦਰਸ਼ਨ ਨਹੀਂ ਹੁੰਦੇ, ਪਰ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਹੋਣ ’ਤੇ ਕੋਰੋਨਾ ਦੀ ਗੱਲ ਉੱਠਣ ਲਗਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੀਰਥ ਸਥਾਨਾਂ ਨੂੰ ਸੈਰ ਸਪਾਟਾ ਸਥਾਨਾਂ ’ਚ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ। ਤਪੋ ਭੂਮੀ ਨੂੰ ਭੋਗ ਭੂਮੀ ਦਾ ਰੂਪ ਦੇਣਾ ਸਹੀ ਨਹੀਂ ਹੈ।

ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁੰਭ ਵਾਂਗ ਗੰਗਾਸਾਗਰ ਮੇਲੇ ’ਚ ਵੀ ਆਉਣਾ ਚਾਹੀਦਾ ਹੈ, ਇਸ ਦਾ ਸਿੱਧੇ ਤੌਰ ’ਤੇ ਜਵਾਬ ਦਿੰਦਿਆਂ ਸ਼ੰਕਰਾਚਾਰੀਆ ਨੇ ਕਿਹਾ ਕਿ ਪੀਐੱਮ ਚਾਹੁਣ ਤਾਂ ਮੇਰੇ ਨਾਲ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਸ਼ੰਕਰਾਚਾਰੀਆ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਮਕਰ ਸੰਕ੍ਰਾਂਤੀ ’ਤੇ ਗੰਗਾਸਾਗਰ ਆ ਰਹੇ ਹਨ। ਸ਼ੰਕਰਾਚਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਿਲ ਕੇ ਗੰਗਾਸਾਗਰ ਮੇਲੇ ਨੂੰ ਵਿਸ਼ਵ ਪੱਧਰ ਦਾ ਤੀਰਥ ਐਲਾਨ ਕਰਨ ਦਾ ਸੱਦਾ ਦਿੱਤਾ। ਗੰਗਾਸਾਗਰ ਮੇਲੇ ਨੂੰ ਹੁਣ ਤਕ ਰਾਸ਼ਟਰੀ ਮੇਲਾ ਐਲਾਨ ਨਾ ਕੀਤੇ ਜਾਣ ’ਤੇ ਸ਼ੰਕਰਾਚਾਰੀਆ ਨੇ ਕਿਹਾ ਕਿ ਰਾਸ਼ਟਰੀ ਮੇਲਾ ਨਾ ਸਹੀ, ਇਹ ਰਾਸ਼ਟਰੀ ਤਿਉਹਾਰ ਤਾਂ ਹੈ। ਸ਼ੰਕਰਾਚਾਰੀਆ ਆਪਣੇ ਪੈਰੋਕਾਰਾਂ ਨਾਲ ਸ਼ੁੱਕਰਵਾਰ ਸਵੇਰੇ ਗੰਗਾਸਾਗਰ ’ਚ ਸ਼ਾਹੀ ਇਸ਼ਨਾਨ ਕਰਨਗੇ।

Leave a Reply

Your email address will not be published.