ਵੱਧ ਤੋਂ ਵੱਧ ਯੂਕ੍ਰੇਨ ਦੇ ਲੋਕਾਂ ਨੂੰ ਕਨੈਡਾ ‘ਚ  ਸ਼ਰਨ ਦੇਵਾਂਗੇ  : ਟਰੂਡੋ

ਪੋਲੈਂਡ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੋਲੈਂਡ ਦੌਰੇ ਦੌਰਾਨ ਕਿਹਾ ਕਿ ਯੂਕ੍ਰੇਨ ਵਿੱਚ ਜੰਗ ਕਾਰਨ ਦੇਸ਼ ਛੱਡਣ ਵਾਲੇ ਲੋਕਾਂ ਵਿਚੋਂ ਵੱਧ ਤੋਂ ਵੱਧ ਸ਼ਰਨਾਰਥੀਆਂ ਨੂੰ ਕੈਨੇਡਾ ਸ਼ਰਨ ਦੇਵੇਗਾ।

ਟਰੂਡੋ ਨੇ ਕਿਹਾ ਕਿ ਜ਼ਿੰਦਾ ਰਹਿਣ ਲਈ ਆਪਣਾ ਸਭ ਕੁਝ ਪਿੱਛੇ ਛੱਡ ਕੇ ਦੇਸ਼ ਛੱਡ ਕੇ ਦੇਸ਼ ਵਿਚੋਂ ਨਿਕਲ ਰਹੇ ਯੂਕ੍ਰੇਨ ਦੇ ਲੱਖਾਂ ਲੋਕਾਂ ਨੂੰ ਦੇਖ ਸਾਡਾ ਦਿਲ ਦੁਖੀ ਹੋ ਜਾਂਦਾ ਹੈ। ਟਰੂਡੋ ਨੇ ਪੋਲੈਂਡ ‘ਚ ਕਿਹਾ ਕਿ ਕੈਨੇਡਾ ਮਦਦ ਕਰੇਗਾ, ਕੈਨੇਡਾ ਤੁਹਾਡੀ ਮਦਦ ਲਈ ਇੱਥੇ ਮੌਜੂਦ ਹੈ। ਪੋਲੈਂਡ  ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ (ਨਾਟੋ) ਦਾ ਮੈਂਬਰ ਹੈ, ਜਿਸ ਦੀ ਸਰਹੱਦ ਯੂਕ੍ਰੇਨ ਨਾਲ ਲੱਗਦੀ ਹੈ। 24 ਫਰਵਰੀ ਨੂੰ ਰੂਸੀ ਫ਼ੌਜਾਂ ਦੇ ਯੂਕ੍ਰੇਨ ‘ਤੇ ਹਮਲਾ ਕਰਨ ਤੋਂ ਬਾਅਦ ਲਗਭਗ 15 ਲੱਖ ਲੋਕਾਂ ਨੇ ਪੋਲੈਂਡ ਵਿੱਚ ਸ਼ਰਨ ਲਈ ਹੈ। ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਅਤੇ ਪ੍ਰਧਾਨ ਮੰਤਰੀ ਮੈਟਿਊਜ਼ ਜੈਕਬ ਮੋਰਾਵੀਕੀ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਪੋਲੈਂਡ ਦੀ ਮਦਦ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਯੂਕ੍ਰੇਨ ਦਾ ਸਮਰਥਨ ਕਰਨ ਅਤੇ ਰੂਸ ‘ਤੇ ਸਖ਼ਤ ਪਾਬੰਦੀਆਂ ਨੂੰ ਜਾਰੀ ਰੱਖਣ ਦੇ ਤਰੀਕਿਆਂ ‘ਤੇ ਵੀ ਚਰਚਾ ਕੀਤੀ।

ਟਰੂਡੋ ਨੇ ਵਾਰਸਾ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਮੁਲਾਕਾਤ ਕੀਤੀ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਣ ਲਈ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਹੀ ਹੈ, ਜਿੱਥੇ ਯੂਕ੍ਰੇਨੀ ਮੂਲ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ। ਟਰੂਡੋ ਨੇ ਡੂਡਾ ਨਾਲ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਉਹ ਜਦੋਂ ਇੱਥੇ ਆਉਣਗੇ, ਅਸੀਂ ਉਨ੍ਹਾਂ ਨੂੰ ਪੜ੍ਹਣ, ਕੰਮ ਕਰਨ ਦੀ ਇਜਾਜ਼ਤ ਦੇਵਾਂਗੇ। ਜਦੋਂ ਕਿ ਬਹੁਤ ਸਾਰੇ ਉਮੀਦ ਕਰਨਗੇ ਕਿ ਉਹ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਯੂਕ੍ਰੇਨ ਵਾਪਸ ਆਉਣ ਦੇ ਯੋਗ ਹੋਣਗੇ, ਉੱਥੇ ਬਹੁਤ ਸਾਰੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਅੱਗੇ ਦੀ ਜ਼ਿੰਦਗੀ ਜਿਊਣਾ ਚਾਹੁਣਗੇ ਅਤੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸ਼ਰਨ ਦੇਵਾਂਗੇ। ਟਰੂਡੋ ਨੇ ਕਿਹਾ ਕਿ ਕੈਨੇਡਾ ਮਨੁੱਖੀ ਦੁਖਾਂਤ ਲਈ ਜ਼ਿੰਮੇਵਾਰ ਰੂਸੀ ਨੇਤਾਵਾਂ ਖਾਸ ਕਰਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਹੇਗ ਸਥਿਤ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਸਾਹਮਣੇ ਲਿਆਉਣ ਵਿੱਚ ਸਰਗਰਮੀ ਨਾਲ ਮਦਦ ਕਰੇਗਾ।

Leave a Reply

Your email address will not be published. Required fields are marked *