ਵੋਟਰ ਨੂੰ ਪੋਲਿੰਗ ਸਟੇਸ਼ਨਾਂ ਤਕ ਲਿਆਉਣ ਲਈ ਅਸਫਲ ਸਾਬਤ ਹੋਈਆਂ ਸਿਆਸੀ ਪਾਰਟੀਆਂ

ਵੋਟਰ ਨੂੰ ਪੋਲਿੰਗ ਸਟੇਸ਼ਨਾਂ ਤਕ ਲਿਆਉਣ ਲਈ ਅਸਫਲ ਸਾਬਤ ਹੋਈਆਂ ਸਿਆਸੀ ਪਾਰਟੀਆਂ

ਸੰਗਰੂਰ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਲੋਕਾਂ ਨੇ ਬਿਲਕੁਲ ਵੀ ਉਤਸ਼ਾਹ ਨਹੀਂ ਦਿਖਾਇਆ, ਜਿਸ ਕਰਕੇ ਸੱਤਾਧਿਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਬਹੁਤ ਲੋਕ ਦਿਖਾਈ ਦਿੱਤੇ। ਲੋਕਾਂ ਵੱਲੋਂ ਵੋਟਾਂ ਪ੍ਰਤੀ ਘੱਟ ਰੁਚੀ ਦਿਖਾਉਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਕਮਿਸ਼ਨ ਤੋਂ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਮੰਗ ਕੀਤੀ ਗਈ ਸੀ। ਜੇਕਰ ਗੱਲ ਪੋਲਿੰਗ ਦੀ ਕੀਤੀ ਜਾਵੇ ਤਾਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕੁਲ 50 ਫ਼ੀਸਦੀ ਤੋਂ ਵੀ ਘੱਟ ਵੋਟਿੰਗ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੋਣ ਕਮਿਸ਼ਨ ਨੂੰ ਸੰਗਰੂਰ ‘ਚ ਪੋਲਿੰਗ ਦਾ ਸਮਾਂ ਇਕ ਘੰਟਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਖੇਤੀ ਦਾ ਸਮਾਂ ਹੈ ਅਤੇ ਇਸ ਕਾਰਨ ਲੋਕ ਹੋਰ ਕੰਮਾਂ ਵਿੱਚ ਰੁੱਝੇ ਹੋਏ ਹਨ। ਅਜਿਹੇ ‘ਚ ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਤੋਂ ਵਧਾ ਕੇ 7 ਵਜੇ ਕੀਤਾ ਜਾਣਾ ਚਾਹੀਦਾ ਹੈ। ਲੋਕ ਸਭਾ ਹਲਕਾ ਸੰਗਰੂਰ ‘ਚ ਪੈਂਦੇ 9 ਵਿਧਾਨ ਸਭਾ ਹਲਕਿਆਂ ‘ਚ ਸਭ ਤੋਂ ਘੱਟ ਵੋਟਿੰਗ ਵਿਧਾਨ ਸਭਾ ਹਲਕਾ ਲਹਿਰਾ ਵਿੱਚ 32 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਮਾਲੇਰਕੋਟਲਾ ‘ਚ 41.26 ਫੀਸਦੀ, ਦਿੜ੍ਹਬਾ 40.58 ਫੀਸਦੀ, ਸੁਨਾਮ 34, ਭਦੋੜ 38 ਫੀਸਦੀ, ਬਰਨਾਲਾ 36.23, ਮਹਿਲ ਕਲਾਂ 37 ਅਤੇ ਸੰਗਰੂਰ ‘ਚ 36 ਫੀਸਦੀ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋ ਕੀਤੀ ਹੈ।

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਢੰਗ-ਤਰੀਕੇ ਅਪਣਾਏ ਗਏ। ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤਕ ਖਿੱਚਣ ਲਈ ਸਾਰੀਆਂ ਹੀ ਰਾਜਨੀਤਕ ਧਿਰਾਂ ਨੇ ਜ਼ੋਰ ਲਗਾਇਆ ਅਤੇ ਪ੍ਰਸ਼ਾਸਨ ਨੇ ਵੀ ਵੱਖ-ਵੱਖ ਮਾਧਿਅਮਾਂ ਰਾਹੀਂ ਵੋਟਾਂ ਪਾਉਣ ਦੀ ਅਪੀਲ ਕੀਤੀ ਪਰ ਵੋਟਰ ਨੂੰ ਪੋਲਿੰਗ ਸਟੇਸ਼ਨਾਂ ਤਕ ਲੈ ਕੇ ਆਉਣ ਲਈ ਸਾਰੀਆਂ ਹੀ ਧਿਰਾਂ ਪੂਰੀ ਤਰ੍ਹਾਂ ਅਸਫਲ ਸਾਬਤ ਹੋਈਆਂ ਜਿਸ ਕਾਰਨ ਘੱਟ ਹੋਈ ਪੋਲਿੰਗ ਜ਼ਿਮਨੀ ਚੋਣ ਦਾ ਹੈਰਾਨੀਜਨਕ ਨਤੀਜਾ ਸਾਹਮਣੇ ਆਉਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਸ਼ਾਮ 6 ਵਜੇ ਤਕ ਕੁੱਲ 36.40 ਫੀਸਦੀ ਪੋਲਿੰਗ ਹੋਈ ਜੋ 50 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ‘ਚ ਜਿਆਦਾਤਰ ਵੋਟਰ ਵੋਟ ਪਾਉਣ ਨਹੀਂ ਗਏ ਅਤੇ ਪੋਲਿੰਗ ਸਟੇਸ਼ਨਾਂ ‘ਤੇ ਸੰਨਾਟਾ ਪੱਸਰਿਆ ਰਿਹਾ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੋਟਰਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਤੋਂ ਬਾਅਦ ਜ਼ਿਮਨੀ ਚੋਣ ਵਿਚ ਵੋਟਰਾਂ ਦਾ ਹੁੰਗਾਰਾ ਬਿਲਕੁੱਲ ਮੱਧਮ ਰਿਹਾ। ਪਿਛਲੀ ਵਿਧਾਨ ਸਭਾ ਚੋਣ ਵਿਚ 72 ਫ਼ੀਸਦੀ ਵੋਟਿੰਗ ਹੋਈ ਸੀ, ਜਦਕਿ ਇਸ ਜ਼ਿਮਨੀ ਚੋਣ ਵਿਚ ਬਹੁਤ ਘੱਟ ਵੋਟ ਫੀਸਦੀ ਪੋਲ ਹੋਈ ਹੈ ਜਿਸ ਦੇ ਕਈ ਰਾਜਨੀਤਕ ਮਾਅਨੇ ਨਿਕਲਦੇ ਹਨ।

ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ‘ਚ ‘ਆਪ’ ਵਰਕਰਾਂ ਦੀ ਨਿਰਾਸ਼ਤਾ ਵੀ ਘੱਟ ਵੋਟ ਫ਼ੀਸਦੀ ਹੋਣ ਦਾ ਕਾਰਨ ਮੰਨੀ ਜਾ ਸਕਦੀ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ‘ਆਪ’ ਵਰਕਰਾਂ ‘ਚ ਸਿਖ਼ਰ ਦਾ ਉਤਸ਼ਾਹ ਪਾਇਆ ਜਾ ਰਿਹਾ ਸੀ ਪਰ ‘ਆਪ’ ਸਰਕਾਰ ਵੱਲੋਂ ਵਰਕਰਾਂ ਦੀਆਂ ਉਮੀਦਾਂ ‘ਤੇ ਖਰਾ ਨਾ ਉਤਰਨਾ ਉਨ੍ਹਾਂ ‘ਚ ਨਿਰਾਸ਼ਤਾ ਪੈਦਾ ਕਰ ਗਿਆ ਹੈ ਜਿਸ ਕਾਰਨ ‘ਆਪ’ ਵਰਕਰ ਵੋਟ ਪਾਉਣ ਨਹੀਂ ਗਏ। ਪੰਜਾਬ ਦੇ ਲੋਕਾਂ ਨੇ ਅਕਾਲੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ‘ਆਪ’ ਵੱਲੋਂ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਨਾ ਉੱਤਰਨ ਕਾਰਨ ਲੋਕਾਂ ਦਾ ਵੋਟਾਂ ਪਾਉਣ ‘ਚ ਵਿਸ਼ਵਾਸ ਖ਼ਤਮ ਹੋ ਗਿਆ ਹੈ ਜਿਸ ਕਾਰਨ ਲੋਕ ਪੋਿਲੰਗ ਸਟੇਸ਼ਨਾਂ ਵੱਲ ਨਹੀਂ ਗਏ।ਜ਼ਿਮਨੀ ਚੋਣ ‘ਚ ਵੋਟ ਫ਼ੀਸਦੀ ਘਟਣ ਦਾ ਕਾਰਨ ਬੀਤੇ ਦਿਨੀਂ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਕਾਰਨ ਨੌਜਵਾਨਾਂ ‘ਚ ਸਰਕਾਰ ਦੇ ਖ਼ਿਲਾਫ਼ ਰੋਸ ਹੈ । ਸਿੱਧੂ ਮੂਸੇਵਾਲੇ ਦੇ ਕਤਲ ਤੋਂ ਨਿਰਾਸ਼ ਨੌਜਵਾਨ ਪੰਜਾਬ ਸਰਕਾਰ ਅਤੇ ਕਿਸੇ ਵੀ ਸਿਆਸੀ ਧਿਰ ਨੂੰ ਵੋਟ ਪਾਉਣ ਤੋਂ ਕਿਨਾਰਾ ਕੀਤਾ ਗਿਆ ਹੈ।

Leave a Reply

Your email address will not be published.