ਵਿਸ਼ਵ ਕੱਪ ‘ਚ ਸੋਨ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲਣਗੇ 80-80 ਲੱਖ ਰੁ.

ਚੰਡੀਗੜ੍ਹ : ਭਾਰਤ ਵਿੱਚ ਹਾਕੀ ਵਿਸ਼ਵ ਕੱਪ 2023 ਹੋ ਰਿਹਾ ਹੈ, ਜਿਸ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਆਗਾਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਹਰ ਖਿਡਾਰੀ ਨੂੰ ਜਿੱਤਣ ਉਪਰ 80 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ 13 ਜਨਵਰੀ ਤੋਂ ਸ਼ੁਰੂ ਹੋਏ ਇਸ ਆਈ.ਐਫ.ਐਚ ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਾਕੀ ਦੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ”ਜੇਕਰ ਭਾਰਤੀ ਹਾਕੀ ਟੀਮ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਦੀ ਹੈ ਤਾਂ ਉਹ ਸਾਡੇ ਹਰ ਖਿਡਾਰੀ ਨੂੰ 80 ਲੱਖ ਰੁਪਏ ਇਨਾਮ ਵੱਜੋਂ ਦੇਣਗੇ।” ਭਾਰਤ ਇਸ ਵਾਰ ਸੋਨ ਤਮਗੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ਨੇ ਪਹਿਲੇ ਮੈਚ ਵਿੱਚ ਸਪੇਨ ਨੂੰ ਹਰਾ ਕੇ ਸ਼ੁਰੂਆਤ ਕੀਤੀ ਹੈ ਅਤੇ ਹੁਣ ਇੰਗਲੈਂਡ ਨਾਲ ਮੈਚ ਬਰਾਬਰੀ ਉਪਰ ਰਿਹਾ ਹੈ। ਭਾਰਤੀ ਹਾਕੀ ਟੀਮ 48 ਸਾਲ ਪੁਰਾਣੇ ਵਿਸ਼ਵ ਕੱਪ ਸੋਨ ਤਮਗੇ ਦੇ ਸੋਕੇ ਨੂੰ ਖਤਮ ਕਰਨ ਲਈ ਦ੍ਰਿੜ ਨਜ਼ਰ ਆ ਰਹੀ ਹੈ। ਭਾਰਤੀ ਹਾਕੀ ਟੀਮ ਵਿੱਚ 12 ਮੈਂਬਰ 2021 ਟੋਕੀਓ ਓਲੰਪਿਕ ਟੀਮ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਓਲੰਪਿਕ ਵਿੱਚ ਭਾਰਤ ਨੂੰ ਕਾਂਸੀ ਤਮਗਾ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Leave a Reply

Your email address will not be published. Required fields are marked *