ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਸਮੇਤ 16 ਆਗੂ ਭਾਜਪਾ ‘ਚ ਸ਼ਾਮਿਲ

Home » Blog » ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਸਮੇਤ 16 ਆਗੂ ਭਾਜਪਾ ‘ਚ ਸ਼ਾਮਿਲ
ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਸਮੇਤ 16 ਆਗੂ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ / ਪੰਜਾਬ ਦੀ ਸਿਆਸਤ ‘ਚ ਸਰਗਰਮੀ ਨਾਲ ਆਪਣੇ ਵਿਸਥਾਰ ‘ਚ ਰੱਝੀ ਭਾਜਪਾ ਨੇ ਮੰਗਲਵਾਰ ਨੂੰ 2 ਮੌਜੂਦਾ ਕਾਂਗਰਸੀ ਵਿਧਾਇਕਾਂ ਸਮੇਤ 16 ਆਗੂਆਂ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਹੈ ।

ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਵਿਧਾਇਕਾਂ ‘ਚ ਕਾਦੀਆਂ ਤੋਂ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਸ੍ਰੀ ਹਰਿਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਸ਼ਾਮਿਲ ਹਨ । ਫ਼ਤਹਿਜੰਗ ਸਿੰਘ ਬਾਜਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ । ਹਾਲ ਹੀ ‘ਚ ਦੋ ਭਰਾਵਾਂ ਦੀ ਸਿਆਸੀ ਅਜ਼ਮਾਇਸ਼ ਉਸ ਵੇਲੇ ਸਾਹਮਣੇ ਆਈ ਸੀ, ਜਦੋਂ ਪ੍ਰਤਾਪ ਸਿੰਘ ਬਾਜਵਾ, ਜੋ ਕਿ ਪੰਜਾਬ ਕਾਂਗਰਸ ਲਈ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਹਾਲ ਹੀ ‘ਚ ਕਾਦੀਆਂ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ । ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫ਼ਤਹਿਜੰਗ ਸਿੰਘ ਬਾਜਵਾ ਦੇ ਹੱਕ ‘ਚ ਨਿੱਤਰਦਿਆਂ ਨਾ ਸਿਰਫ਼ ਚੋਣ ਰੈਲੀ ਕੀਤੀ ਸਗੋਂ ਆਪਣੇ ਤੌਰ ‘ਤੇ ਫ਼ਤਹਿਜੰਗ ਸਿੰਘ ਬਾਜਵਾ ਨੂੰ ਉਮੀਦਵਾਰ ਵੀ ਐਲਾਨ ਦਿੱਤਾ ।

ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਹਾਲੇ ਕਿਸੇ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ । ਹਲਕਿਆਂ ਮੁਤਾਬਿਕ ਫ਼ਤਹਿਜੰਗ ਸਿੰਘ ਬਾਜਵਾ ਨੂੰ ਜਦ ਲੱਗਾ ਕਿ ਸੀਟਾਂ ਦੀ ਵੰਡ ‘ਚ ਉਹ ਆਪਣੇ ਭਰਾ ਪ੍ਰਤਾਪ ਸਿੰਘ ਜੋ ਕਿ ਹਾਈਕਮਾਨ ਦੇ ਨਜ਼ਦੀਕ ਦੱਸੇ ਜਾਂਦੇ ਹਨ, ਤੋਂ ਪਿੱਛੇ ਰਹਿ ਸਕਦੇ ਹਨ ਤਾਂ ਉਨ੍ਹਾਂ ਭਾਜਪਾ ‘ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ । ਬਾਜਵਾ ਅਤੇ ਲਾਡੀ ਤੋਂ ਇਲਾਵਾ ਹੋਰ ਜਿਹੜੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਉਨ੍ਹਾਂ ‘ਚ ਸਾਬਕਾ ਕ੍ਰਿਕਟਰ ਦਿਨੇਸ਼ ਮੌਂਗੀਆ, ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਗੁਰਤੇਜ ਸਿੰਘ ਘੁੜਿਆਣਾ, ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕੀਲ ਮਧੂਮੀਤ ਅਤੇ ਈਸਾਈ ਨੇਤਾ ਕਮਲ ਬਖ਼ਸ਼ੀ ਸ਼ਾਮਿਲ ਹਨ । ਇਨ੍ਹਾਂ ਸਭ ਆਗੂਆਂ ਨੂੰ ਭਾਜਪਾ ਦੇ ਹੈੱਡਕੁਆਰਟਰ ਵਿਖੇ ਪੰਜਾਬ ‘ਚ ਪਾਰਟੀ ਦੇ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪਾਰਟੀ ਦੇ ਮਹਾਂ ਸਕੱਤਰ ਦੁਸ਼ਿਅੰਤ ਗੌਤਮ ਦੀ ਮੌਜੂਦਗੀ ‘ਚ ਸ਼ਾਮਿਲ ਕਰਵਾਇਆ ਗਿਆ ।

ਦੱਸਣਯੋਗ ਹੈ ਕਿ ਹਾਲ ਹੀ ‘ਚ ਭਾਜਪਾ ‘ਚ ਸ਼ਾਮਿਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਬਾਅਦ ਮੰਗਲਵਾਰ ਨੂੰ ਪਾਰਟੀ ਦਾ ਲੜ ਫੜਨ ਵਾਲੇ ਬਾਜਵਾ ਅਤੇ ਲਾਡੀ ਤਿੰਨੋਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਪੰਜਾਬ ਲੋਕ ਕਾਂਗਰਸ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ, ਪਰ ਤਿੰਨਾਂ ਨੇ ਹੀ ਕੈਪਟਨ ਦੀ ਪਾਰਟੀ ‘ਚ ਸ਼ਾਮਿਲ ਹੋਣ ਦੀ ਥਾਂ ‘ਤੇ ਭਾਜਪਾ ‘ਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ । ਹਲਕਿਆਂ ਮੁਤਾਬਿਕ ਪੰਜਾਬ ‘ਚ ਕੈਪਟਨ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਚੋਣ ਮੈਦਾਨ ‘ਚ ਉਤਰ ਰਹੀ ਭਾਜਪਾ 117 ਸੀਟਾਂ ‘ਚੋਂ 70 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇਗੀ ਜਦਕਿ ਕੈਪਟਨ ਦੇ ਹਿੱਸੇ 30 ਤੋਂ 35 ਸੀਟਾਂ ਆ ਸਕਦੀਆਂ ਹਨ । ਅਜਿਹੇ ਹਾਲਾਤ ‘ਚ ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ । ਸਿਆਸੀ ਹਲਕਿਆਂ ਮੁਤਾਬਿਕ ਬਾਜਵਾ, ਲਾਡੀ ਅਤੇ ਮੌਗੀਆ ਸਮੇਤ ਕਈ ਆਗੂਆਂ ਨੂੰ ਭਾਜਪਾ ਵਲੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ । ਅਜਿਹੀ ਸਥਿਤੀ ‘ਚ ਕਾਦੀਆਂ ‘ਚ ਦੋ ਭਰਾ ਚੋਣ ਮੈਦਾਨ ‘ਚ ਆਹਮੋ-ਸਾਹਮਣੇ ਹੋ ਸਕਦੇ ਹਨ ।

ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਸਾਬਕਾ ਕ੍ਰਿਕਟਰ ਦਿਨੇਸ਼ ਮੌਂਗੀਆ ਨੇ ਕਿਹਾ ਕਿ ਵਿਕਾਸ ਲਈ ਲੋਕਾਂ ਕੋਲ ਭਾਜਪਾ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ । ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰ ਰਹੇ ਮੌਂਗੀਆ ਨੇ ਕਿਹਾ ਕਿ ਉਹ ਭਾਜਪਾ ‘ਚ ਸ਼ਾਮਿਲ ਹੋ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ । ਪੰਜਾਬ ਭਾਜਪਾ ਦੇ ਆਗੂਆਂ ਦਾ ਦਾਅਵਾ ਹੈ ਕਿ ਕਈ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਪਾਰਟੀ (ਭਾਜਪਾ) ‘ਚ ਸ਼ਾਮਿਲ ਹੋਣ ਦੇ ਚਾਹਵਾਨ ਹਨ ਅਤੇ ਆਉਣ ਵਾਲੇ ਸਮੇਂ ‘ਚ ਕਈ ਮਸ਼ਹੂਰ ਚਿਹਰੇ ਪਾਰਟੀ ‘ਚ ਆ ਸਕਦੇ ਹਨ ।

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨਕੱਈ ਭਾਜਪਾ ’ਚ ਸ਼ਾਮਲ ਮਾਨਸਾ / ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਵਲੋਂ ਚੋਣ ਲੜ ਚੁੱਕੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ ਅੱਜ ਭਾਜਪਾ ਲੀਡਰਸ਼ਿੱਪ ਦੀ ਅਗਵਾਈ ਹੇਠ ਦਿੱਲੀ ਵਿਖੇ ਭਾਜਪਾ ’ਚ ਸ਼ਾਮਿਲ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਉਹ ਵਿਧਾਨ ਸਭਾ ਹਲਕਾ ਮੌੜ ਤੋਂ ਅਕਾਲੀ ਦਲ ਵਲੋਂ ਚੋਣ ਲੜਨ ਦੇ ਚਾਹਵਾਨ ਦੱਸੇ ਜਾਂਦੇ ਸਨ ਪਰ ਅਕਾਲੀ ਦਲ ਨੇ ਮੌੜ ਹਲਕੇ ਤੋਂ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਵਰਨਣਯੋਗ ਹੈ ਕਿ ਉਹ ਜ਼ਿਲ੍ਹਾ ਮਾਨਸਾ ਦੇ ਵਿਧਾਨ ਸਭਾ ਹਲਕਾ ਜੋਗਾ ਤੋਂ ਅਕਾਲੀ ਦਲ ਵਲੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਸਰਕਾਰ ਸਮੇਂ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ।

ਇਸ ਸਬੰਧੀ ਜਦੋਂ ਜਗਦੀਪ ਸਿੰਘ ਨਕੱਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਟਿਕਟ ਨਾ ਦੇਣ ਤੇ ਉਹ ਨਿਰਾਸ਼ ਨਹੀਂ ਸਨ, ਬਲਕਿ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਹੁਣ ਆਮ ਲੋਕਾਂ ਦੀ ਪਾਰਟੀ ਨਹੀਂ, ਬਲਕਿ ਸਰਮਾਏਦਾਰਾਂ ਦੀ ਪਾਰਟੀ ਬਣ ਚੁੱਕਾ ਹੈ। ਜਿਸ ਵਿਚ ਆਮ ਵਰਕਰਾਂ ਦੀ ਪੁੱਛ ਪ੍ਰਤੀਤ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਿਨ-ਬ-ਦਿਨ ਭਾਜਪਾ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਹੁਣ ਪੂਰੀ ਤਰ੍ਹਾਂ ਦੋਫਾੜ ਹੋ ਚੁੱਕੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ।

Leave a Reply

Your email address will not be published.