ਵਿਦੇਸ਼ ਜਾਣ ਦੀ ਚਾਹ ‘ਚ ਪੰਜਾਬੀ ਨੌਜਵਾਨ ਨੇ ਤੋੜੀਆਂ ਸਾਰੀਆਂ ਹੱਦਾਂ

ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਹੈ, ਇਹ ਗੱਲ ਸਾਰੇ ਜਾਣਦੇ ਹਨ।

ਹਾਲਾਂਕਿ ਪੰਜਾਬ ਦੇ ਇਕ ਨੌਜਵਾਨ ਨੇ ਇਸ ਲਈ ਸਾਰੀਆਂ ਹੱਦਾਂ ਤੋੜ ਦਿੱਤੀਆਂ। ਉਹ ਸੁਰੱਖਿਆ ਕੰਧ ‘ਤੇ ਚੜ੍ਹ ਕੇ ਹਵਾਈ ਅੱਡੇ ‘ਚ ਦਾਖਲ ਹੋਇਆ ਅਤੇ ਇੰਡੀਆ ਐਕਸਪ੍ਰੈਸ ਦੀ ਫਲਾਈਟ ਤਕ ਜਾ ਪੁੱਜਾ ਜੋ ਦੁਬਈ ਜਾ ਰਹੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਉਹ ਜਹਾਜ਼ ਵਿੱਚ ਦਾਖਲ ਹੁੰਦਾ, ਸੀਆਈਐਸਐਫ ਦੇ ਜਵਾਨਾਂ ਨੇ ਉਸਨੂੰ ਦੇਖਿਆ ਤੇ ਤੁਰੰਤ ਹਿਰਾਸਤ ਵਿੱਚ ਲੈ ਲਿਆ। ਹਵਾਈ ਅੱਡੇ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਤੇ ਆਪਣੀ ਨਾਕਾਮੀ ਕਾਰਨ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਕ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਨਾਲ ਏਅਰਪੋਰਟ ‘ਤੇ ਪਹੁੰਚਿਆ ਸੀ।

ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-131 ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਉਡਾਣ ਭਰਨ ਤੋਂ ਪਹਿਲਾਂ ਰਨਵੇਅ ‘ਤੇ ਖੜ੍ਹੀ ਸੀ। ਇਸ ਦੌਰਾਨ ਇਕ ਵਿਅਕਤੀ ਏਅਰਪੋਰਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਜਹਾਜ਼ ਤਕ ਪਹੁੰਚ ਗਿਆ। ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ-ਆਪ ਨੂੰ ਫਲਾਈਟ ਦੇ ਅੰਦਰ ਲੁਕਾਉਂਦਾ, ਏਅਰਪੋਰਟ ਸਕਿਓਰਟੀ ‘ਚ ਤਾਇਨਾਤ ਸਟਾਫ ਨੇ ਉਸ ਨੂੰ ਦੇਖ ਲਿਆ। ਸਟਾਫ ਨੇ ਤੁਰੰਤ ਉਸ ਨੂੰ ਫੜ ਕੇ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ। ਫਿਲਹਾਲ ਦੋਸ਼ੀ ਨੌਜਵਾਨ ਸੀਆਈਐਸਐਫ ਦੀ ਹਿਰਾਸਤ ‘ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨੌਜਵਾਨ ਕਹਿ ਰਿਹਾ ਹੈ ਕਿ ਉਹ ਵਿਦੇਸ਼ ਜਾ ਕੇ ਪੈਸੇ ਕਮਾਉਣਾ ਚਾਹੁੰਦਾ ਹੈ ਅਤੇ ਇਸੇ ਲਈ ਕੰਧ ਟੱਪ ਕੇ ਅੰਦਰ ਦਾਖਲ ਹੋਇਆ। ਉਸਦੀ ਜੇਬ ‘ਚੋਂ ਇੱਕ ਆਧਾਰ ਕਾਰਡ ਐਨਰੋਲਮੈਂਟ ਸਲਿੱਪ ਮਿਲੀ ਜੋ ਕਾਫੀ ਫਟੀ ਹੋਈ ਹੈ। ਫਿਲਹਾਲ ਉਸ ਦੇ ਸ਼ਬਦਾਂ ਤੋਂ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ।

Leave a Reply

Your email address will not be published. Required fields are marked *