ਵਿਜੀਲੈਂਸ ਵਲੋਂ ਸੁਮੇਧ ਸੈਣੀ ਗਿ੍ਫ਼ਤਾਰ

Home » Blog » ਵਿਜੀਲੈਂਸ ਵਲੋਂ ਸੁਮੇਧ ਸੈਣੀ ਗਿ੍ਫ਼ਤਾਰ
ਵਿਜੀਲੈਂਸ ਵਲੋਂ ਸੁਮੇਧ ਸੈਣੀ ਗਿ੍ਫ਼ਤਾਰ

ਜਸਬੀਰ ਸਿੰਘ ਜੱਸੀ ਐੱਸ. ਏ. ਐੱਸ. ਨਗਰ, 18 ਅਗਸਤ -ਵਿਜੀਲੈਂਸ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਅੱਜ ਰਾਤ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਇਸ ਗਿ੍ਫ਼ਤਾਰੀ ਦੀ ਪੁਸ਼ਟੀ ਕਰਦੀਆਂ ਏ. ਆਈ. ਜੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੁਮੇਧ ਸੈਣੀ ਖ਼ਿਲਾਫ਼ ਡਬਲਿਊ. ਡਬਲਿਊ. ਆਈ. ਸੀ. ਐਸ. ਕੰਪਨੀ ਦੇ ਜ਼ਮੀਨ ਘੋਟਾਲੇ ਮਾਮਲੇ ‘ਚ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਤਹਿਤ ਐਫ.ਆਈ.ਆਰ ਨੰਬਰ ਗਿਆਰਾਂ ਦਰਜ ਕੀਤੀ ਗਈ ਹੈ ਅਤੇ ਇਸ ਮਾਮਲੇ ‘ਚ ਉਸ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਸੈਕਟਰ 20 ਵਿਚਲੀ ਕੋਠੀ ਦੇ ਵਿਵਾਦ ਅਤੇ ਭਿ੍ਸ਼ਟਾਚਾਰ ਮਾਮਲੇ ਵਿਚ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ ਦੇ ਸਬੰਧ ਵਿਚ ਵਿਜੀਲੈਂਸ ਕੋਲ ਜਾਂਚ ਵਿਚ ਸ਼ਾਮਿਲ ਹੋਣ ਲਈ ਆਇਆ ਸੀ | ਸੁਮੇਧ ਸੈਣੀ ਆਪਣੇ ਵਕੀਲਾਂ ਨਾਲ ਰਾਤ ਅੱਠ ਵਜੇ ਦੇ ਕਰੀਬ ਜਦੋਂ ਵਿਜੀਲੈਂਸ ਦਫ਼ਤਰ ਪੁੱਜਾ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਉਸ ਤੋਂ ਪੁੱਛਗਿੱਛ ਕਰਦਿਆਂ ਰਾਤ ਨੌਂ ਵਜੇ ਦੇ ਕਰੀਬ ਸੁਮੇਧ ਸੈਣੀ ਨੂੰ ਕਿਹਾ ਗਿਆ ਕਿ ਤੁਹਾਨੂੰ ਐਫ.ਆਈ.ਆਰ ਨੰਬਰ ਗਿਆਰਾਂ ਵਿਚ ਗਿ੍ਫ਼ਤਾਰ ਕਰ ਲਿਆ ਜਾਂਦਾ ਹੈ |

ਇਸ ਗਿ੍ਫ਼ਤਾਰੀ ਤੋਂ ਬਾਅਦ ਕਾਫ਼ੀ ਦੇਰ ਤੱਕ ਵਿਜੀਲੈਂਸ ਦਫ਼ਤਰ ਦੇ ਬਾਹਰ ਵਿਜੀਲੈਂਸ ਦੇ ਅਧਿਕਾਰੀਆਂ ਅਤੇ ਸੁਮੇਧ ਸੈਣੀ ਦੇ ਸੁਰੱਖਿਆ ਅਮਲੇ ਅਤੇ ਵਕੀਲਾਂ ਵਿਚਕਾਰ ਬਹਿਸ ਹੁੰਦੀ ਰਹੀ | ਵਿਜੀਲੈਂਸ ਵਲੋਂ ਸੁਮੇਧ ਸੈਣੀ ਦੇ ਸੁਰੱਖਿਆ ਅਮਲੇ ਨੂੰ ਗਿ੍ਫ਼ਤਾਰੀ ਸਬੰਧੀ ਜਾਣਕਾਰੀ ਦੇ ਕੇ ਵਾਪਸ ਭੇਜ ਦਿੱਤਾ | ਉਧਰ ਵਿਜੀਲੈਂਸ ਦੇ ਅਧਿਕਾਰੀ ਸੁਮੇਧ ਸੈਣੀ ਦੀ ਇਸ ਗਿ੍ਫ਼ਤਾਰੀ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਹਨ | ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸੁਮੇਧ ਸੈਣੀ ਅਤੇ ਪੰਜਾਬ ਪੁਲਿਸ ਵਿਚਕਾਰ ਲੁਕਣਮੀਚੀ ਦੀ ਖੇਡ ਚੱਲ ਰਹੀ ਸੀ | ਪੁਲਿਸ ਅਤੇ ਵਿਜੀਲੈਂਸ ਵਲੋਂ ਦਰਜ ਮਾਮਲਿਆਂ ਵਿਚ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਪੁਲਿਸ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਸੀ ਅਤੇ ਅੱਜ ਆਖ਼ਰਕਾਰ ਪੁਲਿਸ ਨੂੰ ਸੁਮੇਧ ਸੈਣੀ ਦੀ ਗਿ੍ਫ਼ਤਾਰੀ ਸਬੰਧੀ ਕਾਮਯਾਬੀ ਮਿਲ ਹੀ ਗਈ |

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਖ਼ਿਲਾਫ਼ ਪੰਜਾਬ ਪੁਲਿਸ ਦੀ ਭਰਤੀ ਮਾਮਲੇ ‘ਚ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਇਕ ਹੋਰ ਐਫ.ਆਈ.ਆਰ ਦਰਜ ਕੀਤੇ ਜਾਣ ਦੀ ਚਰਚਾ ਹੈ | ਜ਼ਿਕਰਯੋਗ ਹੈ ਕਿ ਗਿ੍ਫ਼ਤਾਰੀ ਤੋਂ ਬਚਣ ਲਈ ਸੁਮੇਧ ਸੈਣੀ ਨੇ ਮੰਗਲਵਾਰ ਨੂੰ ਹਾਈਕੋਰਟ ਦਾ ਰੁਖ਼ ਕੀਤਾ ਸੀ | ਉਸ ਵਲੋਂ ਦਾਖ਼ਲ ਕੀਤੀ ਪਟੀਸ਼ਨ, ਜਿਸ ‘ਚ ਜਾਂਚ ਅਧਿਕਾਰੀ ਨੂੰ ਉਨ੍ਹਾਂ ਖ਼ਿਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਵਿਚ ‘ਕਿਸੇ ਹੋਰ ਵਾਧੂ ਅਪਰਾਧ’ ਲਈ ਗਿ੍ਫ਼ਤਾਰ ਨਾ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ | ਜਿਸ ‘ਤੇ ਹਾਈ ਕੋਰਟ ਨੇ ਸੈਣੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਵਾਰ-ਵਾਰ ਅਰਜ਼ੀ ਦਾਖ਼ਲ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਨਾ ਕੀਤੀ ਜਾਵੇ ਅਤੇ ਆਪਣੀਆਂ ਹੱਦਾਂ ‘ਚ ਰਹਿਣ | ਹਾਈ ਕੋਰਟ ਦੇ ਇਸ ਰੁਖ਼ ਦੇ ਬਾਅਦ ਅੱਜ ਸੁਮੇਧ ਸੈਣੀ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਸੀ | ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਹਾਈ ਕੋਰਟ ਨੇ 12 ਅਗਸਤ ਨੂੰ ਸੁਮੇਧ ਸੈਣੀ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਜਾਂਚ ‘ਚ ਸ਼ਾਮਿਲ ਹੋਣ ਦਾ ਆਦੇਸ਼ ਦਿੱਤਾ ਸੀ |

Leave a Reply

Your email address will not be published.