ਵਾਸ਼ਿੰਗਟਨ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਪੁਲਿਸ ਅਧਿਕਾਰੀ ਸਣੇ ਕਈ ਜ਼ਖ਼ਮੀ

ਵਾਸ਼ਿੰਗਟਨ ‘ਚ ਚੱਲੀਆਂ ਗੋਲੀਆਂ, 1 ਦੀ ਮੌਤ, ਪੁਲਿਸ ਅਧਿਕਾਰੀ ਸਣੇ ਕਈ ਜ਼ਖ਼ਮੀ

ਵਾਸ਼ਿੰਗਟਨ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਯੂ ਸਟ੍ਰੀਟ ਵਿੱਚ ਇੱਕ ਮਿਊਜ਼ਿਕਲ ਪ੍ਰੋਗਰਾਮ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ । ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਪੁਲਿਸ ਅਧਿਕਾਰੀ ਸਣੇ ਕਈ ਲੋਕ ਜ਼ਖ਼ਮੀ ਹੋਏ ਹਨ। ਡੀ.ਸੀ ਪੁਲਿਸ ਯੂਨੀਅਨ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵਾਸ਼ਿੰਗਟਨ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨੌਰਥ ਵੈਸਟ ਇਲਾਕੇ ਵਿੱਚ 14ਵੀਂ ਅਤੇ ਯੂ ਸਟਰੀਟ ਨੇੜੇ ਵਾਪਰੀ। ਦੱਸ ਦੇਈਏ ਕਿ ਜਿਸ ਜਗ੍ਹਾ ‘ਤੇ ਇਹ ਘਟਨਾ ਵਾਪਰੀ ਹੈ ਉਸ ਦੀ ਦੂਰੀ ਵ੍ਹਾਈਟ ਹਾਊਸ ਤੋਂ 2 ਮੀਲ ਤੋਂ ਵੀ ਘੱਟ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਇੱਕ ਐੱਮਪੀਡੀ ਅਧਿਕਾਰੀ ਸਮੇਤ ਕਈ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਡੀਸੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਪੁਲਿਸ ਅਧਿਕਾਰੀ ਤੇ ਦੋ ਲੋਕ ਜ਼ਖ਼ਮੀ ਹੋ ਗਏ ਹਨ। ਡੀਸੀ ਪੁਲਿਸ ਯੂਨੀਅਨ ਨੇ ਵੀ ਇੱਕ ਟਵੀਟ ਵਿੱਚ ਪੁਸ਼ਟੀ ਕਰਦਿਆਂ ਕਿਹਾ ਕਿ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਇੱਕ ਪੁਲਿਸ ਅਧਿਕਾਰੀ ਨੂੰ ਗੋਲ਼ੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ, ‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ 14ਵੇਂ ਤੇ ਯੂ ਸੈਂਟ ਐੱਨਡਬਲਯੂ ਦੇ ਖੇਤਰ ਵਿੱਚ ਕੰਮ ਕਰ ਰਹੇ ਸਾਡੇ ਇੱਕ ਮੈਂਬਰ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਮੈਂਬਰ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਫਿਲਹਾਲ ਪੁਲਿਸ ਵੱਲੋਂ ਸਾਰਿਆਂ ਨੂੰ ਇਲਾਕੇ ਵਿੱਚ ਜਾਣ ਤੋਂ ਬਚਣ ਦੇ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਵਧਦੀਆਂ ਗੋਲੀਬਾਰੀ ਦੀਆਂ ਘਟਨਾਵਾਂ ‘ਤੇ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਕਿ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਦੇ ਲਈ ਅਮਰੀਕਾ ਨੂੰ ਹਥਿਆਰਾਂ ‘ਤੇ ਪਾਬੰਦੀ ਲਗਾਉਣ ਜਾਂ ਉਨ੍ਹਾਂ ਨੂੰ ਖਰੀਦਣ ਦੇ ਲਈ ਉਮਰ 18 ਤੋਂ ਵਧਾ ਕੇ 21 ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਸੇ ਦਾ ਅਧਿਕਾਰ ਖੋਹਣਾ ਨਹੀਂ ਹੈ। ਇਹ ਬੱਚਿਆਂ, ਪਰਿਵਾਰਾਂ ਤੇ ਭਾਈਚਾਰਿਆਂ ਦੀ ਰਾਖੀ ਲਈ ਹੈ।

Leave a Reply

Your email address will not be published.