ਵਾਦੀ ਵਿਚ ਘੱਟ ਗਿਣਤੀ ਭਾਈਚਾਰੇ ਵਿਚ ਸਹਿਮ ਦਾ ਮਾਹੌਲ

ਸ੍ਰੀਨਗਰ: ਜੰਮੂ ਕਸ਼ਮੀਰ ‘ਚ ਆਮ ਨਾਗਰਿਕਾਂ ਖਾਸ ਕਰਕੇ ਘੱਟ ਗਿਣਤੀਆਂ ‘ਤੇ ਵਧ ਰਹੇ ਹਮਲਿਆਂ ਕਾਰਨ ਇਥੇ ਖ਼ੌਫ ਦਾ ਮਾਹੌਲ ਹੈ।

ਸ੍ਰੀਨਗਰ ਦੇ ਈਦਗਾਹ ਇਲਾਕੇ ‘ਚ ਅਤਿਵਾਦੀਆਂ ਨੇ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ‘ਚ ਇਕ ਮਹਿਲਾ ਮੁੱਖ ਅਧਿਆਪਕ ਵੀ ਸ਼ਾਮਲ ਹੈ। ਪਿਛਲੇ ਪੰਜ ਦਿਨ ਅੰਦਰ ਕਸ਼ਮੀਰ ਘਾਟੀ ‘ਚ ਸੱਤ ਆਮ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ‘ਚ ਚਾਰ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਨ। ਇਸ ਘਟਨਾ ਦੀ ਚੁਫੇਰਿਉ ਨਿੰਦਾ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਸ਼ਹਿਰ ਦੇ ਅਲੂਚੀ ਬਾਗ ਦੀ ਰਹਿਣ ਵਾਲੀ ਸਤਿੰਦਰ ਕੌਰ ਤੇ ਜੰਮੂ ਦੇ ਰਹਿਣ ਵਾਲੇ ਦੀਪਕ ਚੰਦ ਵਜੋਂ ਹੋਈ ਹੈ। ਇਹ ਦੋਵੇਂ ਸੰਗਮ ਇਲਾਕੇ ‘ਚ ਸਰਕਾਰ ਸਕੂਲ (ਲੜਕਿਆਂ) ‘ਚ ਅਧਿਆਪਕ ਸਨ। ਇਨ੍ਹਾਂ ਦੋ ਅਧਿਆਪਕਾਂ ਦੀ ਹੱਤਿਆ ਮਗਰੋਂ ਕਸ਼ਮੀਰ ‘ਚ ਪੰਜ ਦਿਨ ਅੰਦਰ ਮਾਰੇ ਗਏ ਆਮ ਲੋਕਾਂ ਦੀ ਗਿਣਤੀ ਸੱਤ ਹੋ ਗਈ ਹੈ, ਜਿਨ੍ਹਾਂ ‘ਚੋਂ ਛੇ ਹੱਤਿਆਵਾਂ ਸ਼ਹਿਰ ‘ਚ ਹੋਈਆਂ ਹਨ। ਇਸ ਸਾਲ ਸਤੰਬਰ ਤੱਕ ਸਾਰੇ ਵਰਗਾਂ ਨਾਲ ਸਬੰਧਤ ਘਾਟੀ ਵਿਚ 23 ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਘਟਨਾ ਦੀ ਨਿੰਦਾ ਕਰਦਿਆਂ ਸਿੱਖ ਭਾਈਚਾਰੇ ਨਾਲ ਸਬੰਧਤ ਸਰਕਾਰੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਸਮੇਂ ਤੱਕ ਕੰਮ ਦਾ ਬਾਈਕਾਟ ਕਰਨ ਜਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ।

ਉਧਰ ਜੰਮੂ ਤੇ ਕਸ਼ਮੀਰ ਅਪਨੀ ਪਾਰਟੀ ਦੇ ਮੁਖੀ ਅਲਤਾਫ ਬੁਖਾਰੀ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜਾਂ ਤਾਂ ਖੁਫ਼ੀਆ ਪ੍ਰਬੰਧ ਜ਼ਮੀਨੀ ਪੱਧਰ ‘ਤੇ ਨਾਕਾਮ ਹੋ ਚੁੱਕਾ ਹੈ ਜਾਂ ਫਿਰ ਅਤਿਵਾਦੀ ਜ਼ਿਆਦਾ ਚੁਸਤ ਤੇ ਜਥੇਬੰਦਕ ਹੋ ਚੁੱਕੇ ਹਨ। ਇਸੇ ਦੌਰਾਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਰਕਾਰ ਲੱਭ ਲਵੇਗੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜਾ ਦਿੱਤੀ ਜਾਵੇਗੀ। ਸ੍ਰੀਨਗਰ ਦੇ ਇਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਸੁਰੱਖਿਆ ਯਕੀਨੀ ਬਣਾਏ ਜਾਣ ਤੱਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਆਪਣੀਆਂ ਡਿਊਟੀਆਂ ‘ਤੇ ਨਹੀਂ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਵਤੇਜ ਸਿੰਘ ਨੇ ਕਿਹਾ ਕਿ ਬੀਤੇ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕਈਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਈ ਵਾਰ ਤਾਂ ਅਜਿਹੇ ਹਮਲਿਆਂ ਬਾਰੇ ਅਗਾਊਂ ਜਾਣਕਾਰੀ ਵੀ ਹੁੰਦੀ ਹੈ, ਪਰ ਉਸ ਦੇ ਬਾਵਜੂਦ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ।

ਉਨ੍ਹਾਂ ਕਿਹਾ ਕਿ ਸਰਕਾਰ ਜੰਮੂ ਤੇ ਕਸ਼ਮੀਰ ਦੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਨਾਕਾਮ ਰਹੀ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਜੰਮੂ ਤੇ ਕਸ਼ਮੀਰ ਵਿਚ ਅਤਿਵਾਦੀਆਂ ਵੱਲੋਂ ਬੇਕਸੂਰਾਂ ਨੂੰ ਮਾਰਨ ਦੀ ਨਿੰਦਾ ਕੀਤੀ। ਉਨ੍ਹਾਂ ਨਾਲ ਹੀ ਕੇਂਦਰ ਸਰਕਾਰ ਨੂੰ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫੌਰੀ ਕਦਮ ਚੁੱਕਣ ਦੀ ਅਪੀਲ ਵੀ ਕੀਤੀ। ਗਾਂਧੀ ਨੇ ਟਵੀਟ ਕੀਤਾ,’ਕਸ਼ਮੀਰੀ ਭੈਣਾਂ-ਭਰਾਵਾਂ ‘ਤੇ ਵਧ ਰਹੇ ਦਹਿਸ਼ਤੀ ਹਮਲੇ ਦਰਦਨਾਕ ਤੇ ਨਿੰਦਣਯੋਗ ਹਨ। ਅਸੀਂ ਇਸ ਔਖੀ ਘੜੀ ਵਿਚ ਕਸ਼ਮੀਰੀ ਭੈਣਾਂ ਤੇ ਭਰਾਵਾਂ ਦੇ ਨਾਲ ਖੜ੍ਹੇ ਹਾਂ।‘ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸੁਰੱਖਿਆ ਦੇਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਤਿਵਾਦ ਨਾ ਤਾਂ ਨੋਟਬੰਦੀ ਕਰਨ ਨਾਲ ਰੁਕਿਆ ਤੇ ਨਾ ਹੀ ਧਾਰਾ 370 ਹਟਾਉਣ ਨਾਲ ਰੁਕਿਆ ਹੈ।

ਉਨ੍ਹਾਂ ਟਵੀਟ ਕੀਤਾ, ‘ਕਸ਼ਮੀਰ ‘ਚ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਤਿਵਾਦ ਨਾ ਤਾਂ ਨੋਟਬੰਦੀ ਨਾਲ ਰੁਕਿਆ ਨਾ ਧਾਰਾ 370 ਹਟਣ ਨਾਲ। ਕੇਂਦਰ ਸਰਕਾਰ ਸੁਰੱਖਿਆ ਦੇਣ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।‘ ਉਨ੍ਹਾਂ ਕਿਹਾ, ‘ਸਾਡੇ ਕਸ਼ਮੀਰੀ ਭਰਾਵਾਂ-ਭੈਣਾਂ ‘ਤੇ ਹੋ ਰਹੇ ਇਨ੍ਹਾਂ ਹਮਲਿਆਂ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ।‘ ਸੁਖਬੀਰ ਵੱਲੋਂ ਨਿਖੇਧੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਨੂੰ ਗਿਣੀ-ਮਿਥੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੁਰੱਖਿਆ ਵਧਾਈ ਜਾਵੇ ਤਾਂ ਜੋ ਘੱਟ ਗਿਣਤੀਆਂ ਵਿਚ ਭਰੋਸਾ ਵਧ ਸਕੇ। ਸ੍ਰੀਨਗਰ ਵਿਚ ਦੋ ਅਧਿਆਪਕਾਂ ਦੀ ਹੱਤਿਆ ਦੇ ਮਾਮਲੇ ‘ਤੇ ਦੁੱਖ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਹੈ ਕਿ ਅਤਿਵਾਦੀਆਂ ਨੇ ਸਕੂਲ ਵਿਚ ਵੜਨ ਮਗਰੋਂ ਦੋ ਅਧਿਆਪਕਾਂ ਸਤਿੰਦਰ ਕੌਰ ਤੇ ਦੀਪਕ ਚੰਦ ਨੂੰ ਬਹੁ-ਗਿਣਤੀ ਫਿਰਕੇ ਤੋਂ ਵੱਖ ਕੀਤਾ ਤੇ ਫਿਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਤਿੰਨ ਮਹੀਨੇ ਪਹਿਲਾਂ ਹੀ ਲੱਗ ਗਈ ਸੀ ਸੂਹ! ਜੰਮੂ: ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ 4 ਨਾਗਰਿਕਾਂ ਸਮੇਤ 7 ਨਾਗਰਿਕਾਂ ਦੀ ਪੰਜ ਦਿਨਾਂ ਦੇ ਅੰਦਰ ਹੱਤਿਆਵਾਂ ਬਾਰੇ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਪੁਲਿਸ ਨੂੰ 3 ਤੋਂ 4 ਮਹੀਨੇ ਪਹਿਲਾਂ ਦਹਿਸ਼ਤਗਰਦੀ ਦੀਆਂ ਇਨ੍ਹਾਂ ਸਾਜ਼ਿਸ਼ਾਂ ਦੀਆਂ ਰਿਪੋਰਟਾਂ ਮਿਲੀਆਂ ਸਨ ਪਰ ਇਸ ਦੇ ਬਾਵਜੂਦ ਇਨ੍ਹਾਂ ਮੌਤਾਂ ਨੂੰ ਰੋਕਿਆ ਨਹੀਂ ਜਾ ਸਕਿਆ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਕੋਲ ਤਿੰਨ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਕਸ਼ਮੀਰ ਘਾਟੀ ਵਿਚ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਮਾਰਨ ਬਾਰੇ ਪੁਖਤਾ ਜਾਣਕਾਰੀ ਸੀ।

ਜਥੇਦਾਰ ਵੱਲੋਂ ਅਧਿਆਪਕਾਂ ਦੇ ਕਤਲ ਦੀ ਨਿਖੇਧੀ ਤਲਵੰਡੀ ਸਾਬੋ: ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ‘ਚ ਸਿੱਖ ਪ੍ਰਿੰਸੀਪਲ ਬੀਬੀ ਤੇ ਇਕ ਹਿੰਦੂ ਅਧਿਆਪਕ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਨੂੰ ਬੁਜਦਿਲਾਨਾ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਲਖੀਮਪੁਰ ਖੀਰੀ ਘਟਨਾ ਦੀ ਵੀ ਨਿੰਦਾ ਕੀਤੀ ਹੈ। ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ‘ਤੇ ਗੱਲਬਾਤ ਦੌਰਾਨ ਜਥੇਦਾਰ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਨਾ ਕੇਵਲ ਕਸ਼ਮੀਰ ਸਗੋਂ ਸਮੁੱਚੇ ਦੇਸ਼ ‘ਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ|

Leave a Reply

Your email address will not be published. Required fields are marked *