ਲੰਡਨ : ਡਬਲ-ਡੈਕਰ ਬੱਸ ਰਾਹੀਂ ਲਗਾਈ ਜਾਵੇਗੀ ਕੋਰੋਨਾ ਵੈਕਸੀਨ

ਲੰਡਨ / ਰਾਜਧਾਨੀ ਲੰਡਨ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਨਵੀਂ ਮੁਹਿੰਮ ਦੇ ਹਿੱਸੇ ਵਜੋਂ ਇਕ ਬੱਸ ਵਿਚ ਕੋਰੋਨਾ ਟੀਕੇ ਲਗਾਏ ਜਾਣਗੇ।

ਰਾਜਧਾਨੀ ਵਿਚ ਇਸ ਡਬਲ-ਡੈਕਰ ਬੱਸ ਵਿਚ ਮੌਜੂਦ ਮੈਡੀਕਲ ਅਤੇ ਵਾਲੰਟੀਅਰ ਸਟਾਫ਼ ਵੱਲੋਂ ਇਲਫੋਰਡ ਦਾ ਦੌਰਾ ਕੀਤਾ ਜਾਵੇਗਾ, ਜਿੱਥੇ ਰੈੱਡਬ੍ਰਿਜ ਦੇ ਪੂਰੇ ਸ਼ਹਿਰ ਦੇ ਵਸਨੀਕਾਂ ਨੂੰ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਜਾਵੇਗੀ। ਆਪਣੀ ਮੁਹਿੰਮ ਦੌਰਾਨ ਇਹ ਬੱਸ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ਮਸਜਿਦਾਂ ਵਿਚ ਵੀ ਰੁਕੇਗੀ। ਅਜਿਹੀਆਂ ਮੋਬਾਈਲ ਟੀਕਾਕਰਨ ਇਕਾਈਆਂ ਦੇਸ਼ ਭਰ ਵਿਚ ਤਾਇਨਾਤ ਕੀਤੀਆਂ ਗਈਆਂ ਹਨ, ਜਿਸ ਵਿਚ ਨਾਟਿੰਘਮ, ਬੋਲਟਨ, ਸਵਿੰਡਨ ਅਤੇ ਨਾਰਫੋਕ ਆਦਿ ਸ਼ਾਮਲ ਹਨ। ਜਦਕਿ ਕੌਂਸਲ ਅਨੁਸਾਰ ਰੈਡਬ੍ਰਿਜ ਵਿਚ ਪਹਿਲਾਂ ਹੀ 120,000 ਤੋਂ ਵੱਧ ਲੋਕਾਂ ਨੂੰ ਇਕ ਟੀਕਾ ਲਗਾਇਆ ਜਾ ਚੁੱਕਾ ਹੈ। ਰਮਜ਼ਾਨ ਦੌਰਾਨ ਸਥਾਨਕ ਮਸਜਿਦਾਂ ਦਾ ਦੌਰਾ ਕਰਨ ਦੇ ਨਾਲ-ਨਾਲ ਬੱਸ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਵੀ ਲੰਘਦੀ ਰਹੇਗੀ। ਇਹ ਸੇਵਾ ਮੰਗਲਵਾਰ ਸ਼ਾਮ ਨੂੰ ਬਾਲਫੌਰ ਰੋਡ ਮਸਜਿਦ ਵਿਖੇ ਅਰੰਭ ਹੋਈ ਅਤੇ ਵੀਰਵਾਰ ਨੂੰ ਬੈਲਗਰੇਵ ਰੋਡ ਅਤੇ ਸ਼ਨੀਵਾਰ ਨੂੰ ਨਿਊਬਰੀ ਪਾਰਕ ਦੀ ਯਾਤਰਾ ਕਰੇਗੀ। ਇਸ ਬੱਸ ਨੂੰ ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਦੇ ਐਨ. ਐਚ. ਐਸ. ਫਾਊਡੇਸ਼ਨ ਟਰੱਸਟ (ਯੂ. ਸੀ. ਐਲ. ਐਚ.) ਦੀ ਭਾਈਵਾਲੀ ਨਾਲ ਲਾਂਚ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਉਹਨਾਂ ਲੋਕਾਂ ਨੂੰ ਟੀਕਾ ਲਗਵਾਉਣ ਵਿਚ ਆਸਾਨੀ ਹੋਵੇਗੀ ਜੋ ਟੀਕਾਕਰਨ ਕੇਂਦਰ ਵਿਚ ਜਾਣ ਤੋਂ ਅਸਮਰੱਥ ਹਨ।

Leave a Reply

Your email address will not be published.