ਲੋਕਾਂ ਨੇ ਭਜਾ-ਭਜਾ ਕੁੱਟੇ ਚਿੱਟਾ ਵੇਚਣ ਆਏ 2 ਤਸਕਰ

ਲੁਧਿਆਣਾ : ਪੰਜਾਬ ‘ਚ ਨਸ਼ਿਆਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚਿੱਟਾ ਵੇਚਣ ਲਈ ਜਾਣੇ ਜਾਂਦੇ ਪਿੰਡ ਮਡਿਆਣੀ ‘ਚ ਹੰਗਾਮਾ ਹੋ ਗਿਆ। ਪਿੰਡ ਵਾਲਿਆਂ ਨੇ ਦੋਵਾਂ ਤਸਕਰਾਂ ਦਾ ਪਿੱਛਾ ਕਰਕੇ ਮੁੱਲਾਂਪੁਰ ਤਲਵੰਡੀ ਖੁਰਦ ਲਿੰਕ ਰੋਡ ’ਤੇ ਫੜ ਕੇ ਖੂਬ ਕੁੱਟਿਆ। ਉਨ੍ਹਾਂ ਦੇ ਕੱਪੜੇ ਪਾੜ ਦਿੱਤੇ।

ਮੌਕੇ ‘ਤੇ ਪਹੁੰਚੀ ਸਰਪੰਚ ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਨਾਲ ਲੈ ਕੇ ਦੋਵਾਂ ਤਸਕਰਾਂ ਦੀ ਖੂਬ ਧੁਨਾਈ ਕੀਤੀ। ਨਾਲ ਹੀ ਉਨ੍ਹਾਂ ਦੇ ਕਬਜ਼ੇ ‘ਚੋਂ ਬਰਾਮਦ ਹੋਈਆਂ ਚਿੱਟੇ ਦੀਆਂ ਪੁੜੀਆਂ ਵੀ ਲੋਕਾਂ ਨੂੰ ਦਿਖਾਈਆਂ। ਇਸ ਤੋਂ ਬਾਅਦ ਕੁਝ ਬਜ਼ੁਰਗਾਂ ਨੇ ਦਖਲ ਦੇ ਕੇ ਦੋਵਾਂ ਤਸਕਰਾਂ ਨੂੰ ਭੀੜ ਤੋਂ ਵੱਖ ਕੀਤਾ ਪਰ ਲੋਕ ਉਨ੍ਹਾਂ ਨੂੰ ਫਿਰ ਵੀ ਘੁਟਦੇ ਰਹੇ। ਦੋਵੇਂ ਤਸਕਰ ਪੁਲਿਸ ਦੇ ਹੱਥੇ ਚੜ੍ਹਣ ਤੋਂ ਪਹਿਲਾਂ ਕੁੱਟ ਖਾ ਕੇ ਬੇਸੁਧ ਹੋ ਚੁੱਕੇ ਸਨ। ਲੋਕਾਂ ਨੇ ਤਸਕਰਾਂ ਦੇ ਕਬਜ਼ੇ ‘ਚੋਂ ਪੰਜ ਵੱਖ-ਵੱਖ ਪੁੜੀਆਂ ‘ਚ ਰੱਖੇ ਚਿੱਟੇ, ਸਰਿੰਜ ਅਤੇ ਲਾਈਟਰ ਸਣੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਦਾਖਾ ਪੁਲਿਸ ਦੇ ਹਵਾਲਾ ਕਰ ਦਿੱਤਾ। ਮੁਲਜ਼ਮਾਂ ਦੀ ਪਛਾਣ ਰਵੀ ਸਿੰਘ ਅਤੇ ਬਲਵਿੰਦਰ ਸਿੰਘ ਵਾਸੀ ਮਡਿਆਣੀ ਵਜੋਂ ਹੋਈ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਦਾਖਾ ਪੁਲਿਸ ਵੱਲੋਂ ਚਿੱਟੇ ਦੇ ਨਾਲ ਇੱਕੋ ਪਰਿਵਾਰ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਸੋਮਵਾਰ ਨੂੰ ਮੌਕੇ ’ਤੇ ਪੁੱਜੇ ਡੀਐਸਪੀ ਦਾਖਾ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਰਵੀ ਸਿੰਘ ਖ਼ੁਦ ਵੀ ਨਸ਼ੇ ਦਾ ਆਦੀ ਹੈ। ਸੋਮਵਾਰ ਨੂੰ ਵੀ ਉਹ ਪਿੰਡ ਕੁੱਲ ਗਹਿਣਾ ਤੋਂ ਨਸ਼ੇ ਦੀ ਖੇਪ ਲੈ ਕੇ ਆਇਆ ਸੀ। ਉਸ ਨੇ ਖੁਦ ਵੀ ਇਸ ਵਿੱਚੋਂ ਨਸ਼ੇ ਦਾ ਟੀਕਾ ਲਾਇਆ ਸੀ। ਉਨ੍ਹਾਂ ਨੂੰ ਪਿੰਡ ਦੇ ਬਜ਼ੁਰਗ ਸੁਖਵਿੰਦਰ ਸਿੰਘ ਨੇ ਹੋਰਨਾਂ ਨੌਜਵਾਨਾਂ ਸਣੇ ਪਿੱਛਾ ਕਰਕੇ ਦਬੋਚਿਆ। ਫੜੇ ਜਾਣ ‘ਤੇ ਇਹ ਦੋਵੇਂ ਤਸਕਰ ਹਰਮਨ ਸਿੰਘ ਵਾਸੀ ਮੁੱਲਾਂਪੁਰ ਨੂੰ ਨਸ਼ਾ ਵੇਚ ਰਹੇ ਸਨ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਦਾਖਾ ਪੁਲਿਸ ਨੇ ਚਿੱਟੇ ਦੀ ਤਸਕਰੀ ਲਈ ਬਦਨਾਮ ਪਿੰਡ ਮਡਿਆਣੀ ਵਿੱਚ ਤਸਕਰ ਔਰਤ ਅਤੇ ਉਸਦੇ ਦੋ ਪੁੱਤਰਾਂ ਨੂੰ ਚਿੱਟਾ, ਨਸ਼ੀਲੇ ਕੈਪਸੂਲ ਤੇ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਸੀ।ਇਸ ਤੋਂ ਇਲਾਵਾ ਚਿੱਟਾ ਵੇਚ ਕੇ ਖਰੀਦਿਆ ਮੋਟਰਸਾਈਕਲ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਸਵਿੰਦਰ ਕੌਰ ਉਰਫ਼ ਬੰਟੀ ਅਤੇ ਉਸ ਦੇ ਪੁੱਤਰਾਂ ਧਰਮਪ੍ਰੀਤ ਸਿੰਘ ਅਤੇ ਗੋਲਡੀ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 140 ਨਸ਼ੀਲੀਆਂ ਗੋਲੀਆਂ ਅਤੇ 8500 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ। ਇਸ ਤੋਂ ਪਹਿਲਾਂ ਇੱਕੋ ਪਰਿਵਾਰ ਦੇ ਛੇ ਹੋਰ ਮੈਂਬਰਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਸੋਮਵਾਰ ਨੂੰ ਦੋ ਹੋਰਾਂ ਸਮੇਤ ਮਡਿਆਣੀ ਦੇ ਇਸ ਤਸਕਰ ਪਰਿਵਾਰ ਦੇ 11 ਮੈਂਬਰਾਂ ਨੂੰ ਪੁਲਿਸ ਨੇ ਫੜ ਲਿਆ ਹੈ। ਕੁਝ ਅਜੇ ਵੀ ਫਰਾਰ ਹਨ। ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੇ ਪਿੰਡ ਵਿੱਚ ਸ਼ਰੇਆਮ ਵਿਕ ਰਹੇ ਨਸ਼ਿਆਂ ’ਤੇ ਸ਼ਿਕੰਜਾ ਕੱਸਣ ਵਿੱਚ ਨਾਕਾਮ ਰਹੀ ਜ਼ਿਲ੍ਹਾ ਦਿਹਾਤੀ ਪੁਲਿਸ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੇ ਬੀਤੇ ਦਿਨੀਂ ਤਸਕਰਾਂ ਦੇ ਘਰ ਜਾ ਕੇ ਕਰੀਬ ਢਾਈ ਲੱਖ ਰੁਪਏ ਦੀ ਡਰੱਗ ਮਨੀ, ਚਿੱਟਾ ਤੋਲਣ ਲਈ ਬਿਜਲੀ ਦਾ ਕਾਂਟਾ, ਚਿੱਟੇ ਦੇ ਬਦਲੇ ਲੋਕਾਂ ਦੇ ਗਿਰਵੀ ਰਖੇ ਸੋਨਾ-ਚਾਂਦੀ ਦੇ ਗਹਿਣੇ, ਜਿਸ ‘ਤੇ ਬਾਕਾਇਦਾ ਪਰਚੀ ਲਾਕੇ ਲੋਕਾਂ ਦੇ ਨਾਂ-ਪਤਾ ਦਰਜ ਸਨ। ਇਸ ਤੋਂ ਇਲਾਵਾ ਮਹਿੰਗੇ ਮੋਬਾਈਲ ਫੋਨ ਤੇ ਹੋਰ ਮਹਿੰਗੀਆਂ ਵਸਤਾਂ ਜ਼ਬਤ ਕਰਕੇ ਪੁਲੀਸ ਹਵਾਲੇ ਕਰ ਦਿੱਤੀਆਂ ਗਈਆਂ। ਦੱਸ ਦੇਈਏ ਕਿ ਨਸ਼ਾ ਤਸਕਰਾਂ ਖਿਲਾਫ ਖੁੱਲ੍ਹ ਕੇ ਮੈਦਾਨ ‘ਚ ਨਿੱਤਰ ਆਈ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਦੀ ਹਿੰਮਤ ‘ਤੇ ਪੰਜਾਬ ਸਰਕਾਰ ਨੇ ਪੱਤਰ ਭੇਜ ਕੇ ਸ਼ਾਬਾਸ਼ੀ ਦਿੱਤੀ ਹੈ।

Leave a Reply

Your email address will not be published.