ਲੁਧਿਆਣਾ ਕੋਰਟ ਬਲਾਸਟ : ਐੱਨ.ਆਈ.ਏ ਨੇ ਦੋਸ਼ੀ ਗਗਨਦੀਪ ਦੇ ਘਰ ਲਈ ਤਲਾਸ਼ੀ

ਲੁਧਿਆਣਾ ਕੋਰਟ ਬਲਾਸਟ : ਐੱਨ.ਆਈ.ਏ ਨੇ ਦੋਸ਼ੀ ਗਗਨਦੀਪ ਦੇ ਘਰ ਲਈ ਤਲਾਸ਼ੀ

ਖੰਨਾ : ਲੁਧਿਆਣਾ ਦੀ ਅਦਾਲਤ ‘ਚ ਹੋਏ ਬੰਬ ਬਲਾਸਟ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਐੱਨ.ਆਈ.ਏ. ਦੀ ਟੀਮ ਖੰਨਾ ਪਹੁੰਚੀ ਤੇ ਮਾਮਲੇ ਦੇ ਮੁੱਖ ਦੋਸ਼ੀ ਗਗਨਦੀਪ ਸਿੰਘ ਦੇ ਗੁਰੂ ਤੇਗ ਬਹਾਦੁਰ ਨਗਰ ਸਥਿਤ ਪੁਰਾਣੇ ਘਰ ਪਹੁੰਚੀ।

ਲੁਧਿਆਣਾ ਅਦਾਲਤ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਗਗਨਦੀਪ ਖੰਨਾ ਦੀ ਪ੍ਰੋਫੈਸਰ ਕਾਲੋਨੀ ਵਿੱਚ ਨਵੇਂ ਮਕਾਨ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਨਾਲ ਗੁਰੂ ਤੇਗ ਬਹਾਦੁਰ ਨਗਰ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬਾਅਦ ਤੋਂ ਇਹ ਮਕਾਨ ਬੰਦ ਹੀ ਸੀ। ਧਮਾਕੇ ਮਾਮਲੇ ਦੀ ਜਾਂਚ ਕਰ ਰਹੀ ਐੱਨ.ਆਈ.ਏ. ਦੀ ਟੀਮ ਦਾ ਇਸ ਤਰ੍ਹਾਂ ਅਚਾਨਕ ਬੰਦ ਘਰ ਵਿੱਚ ਰੇਡ ਕਰਨਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ।

ਐੱਨ.ਆਈ.ਏ. ਵੱਲੋਂ ਮਿਲੀ ਅਧਿਕਾਰਕ ਸੂਚਨਾ ਮੁਤਾਬਕ ਖੰਨਾ ਵਿੱਚ ਦੋ ਥਾਵਾਂ ‘ਤੇ ਤਲਾਸ਼ੀ ਲਈ। ਇਸ ਦੌਰਾਨ ਕਈ ਦੋਸ਼ਾਂ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਿਨ੍ਹਾਂ ਵਿੱਚ ਡਿਜੀਟਲ ਸਬੂਤ ਜਿਵੇਂਕਿ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ। ਦੱਸ ਦੇਈਏ ਕਿ ਨਸ਼ਾ ਤਸਕਰੀ ਵਿੱਚ ਕੁਝ ਸਾਲ ਪਹਿਲਾਂ ਗ੍ਰਿਫ਼ਤਾਰ ਹੋ ਚੁੱਕੇ ਖੰਨਾ ਸਦਰ ਥਾਣਾ ਦੇ ਸਾਬਕਾ ਮੁਨਸ਼ੀ ਗਗਨਦੀਪ ਨੇ ਹੀ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਗਗਨਦੀਪ ਦੀ ਵੀ ਮੌਤ ਹੋ ਗਈ ਸੀ।

ਗਗਨਦੀਪ ਦੀ ਲਾਸ਼ ਦੀ ਕੁਝ ਦਿਨਾਂ ਬਾਅਦ ਪਛਾਣ ਹੁੰਦੇ ਹੀ ਪੰਜਾਬ ਪੁਲਿਸ ਵਿੱਚ ਵੀ ਭਾਜੜਾਂ ਪੈ ਗਈਆਂ ਸਨ। ਇਸ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਤੋਂ ਇਲਾਵਾ ਉਸ ਦੀ ਇੱਕ ਮਹਿਲਾ ਮਿੱਤਰ ਪੁਲਿਸ ਮੁਲਾਜ਼ਮ ਤੋਂ ਵੀ ਪੁੱਛਗਿੱਛ ਕੀਤੀ ਸੀ, ਪਰ ਇਸ ਸਾਰੀ ਜਾਂਚ ਵਿੱਚ ਕਿਤੇ ਵੀ ਇਸ ਪੁਰਾਣੇ ਘਰ ਦਾ ਜ਼ਿਕਰ ਨਹੀਂ ਆਇਆ ਸੀ।

Leave a Reply

Your email address will not be published.