ਲਾਪਤਾ ਨੌਜਵਾਨ ਦੀ ਬਿਆਸ ਦਰਿਆ ‘ਚੋਂ ਮਿਲੀ ਲਾਸ਼, ਪੱਥਰਾਂ ਨਾਲ ਬੰਨ੍ਹ ਕੇ ਸੁੱਟੀ ਗਈ ਸੀ 

ਗੁਰਦਾਸਪੁਰ: ਲਾਪਤਾ ਹੋਏ ਕਸਬਾ ਭੈਣੀ ਮੀਆਂ ਖਾਂ ਦੇ ਨੇੜਲੇ ਪਿੰਡ ਕਠਾਣਾ ਦੇ ਨਾਬਾਲਗ ਨੌਜਵਾਨ ਦੀ ਲਾਸ਼  ਬਿਆਸ ਦਰਿਆ ‘ਚੋਂ ਬਰਾਮਦ ਕੀਤੀ ਗਈ ਹੈ। 

ਮੁਲਜ਼ਮਾਂ ਨੇ ਕਤਲ ਕਰਨ ਪਿੱਛੋਂ  ਨੌਜਵਾਨ ਦੀ ਲਾਸ਼ ਨੂੰ ਪੱਥਰ ਨਾਲ ਬੰਨ੍ਹ ਕੇ ਬਿਆਸ ਦਰਿਆ ਵਿੱਚ ਸੁੱਟਿਆ |24 ਮਾਰਚ ਨੂੰ ਲਾਪਤਾ ਹੋਣ ਪਿੱਛੋਂ ਮਾਪਿਆਂ ਵੱਲੋਂ ਥਾਣਾ ਭੈਣੀ ਮੀਆਂ ਖਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਪਿਆਂ ਦੀ ਸੂਚਨਾ ਅਨੁਸਾਰ ਉਹਨਾਂ ਦਾ ਬੇਟਾ ਸੁਖਦੇਵ ਸਿੰਘ (17ਸਾਲ ) 23,24 ਮਾਰਚ ਦੀ ਦਰਮਿਆਨੀ ਰਾਤ ਨੂੰ ਗੰਨਾ ਟਰਾਲੀ ਲੈ ਕੇ ਮੁਕੇਰੀਆਂ ਮਿੱਲ ਲਈ ਰਵਾਨਾ ਹੋਇਆ ਸੀ ਪਰ ਉਹ ਨਾ ਤਾਂ ਮਿੱਲ ਵਿਚ ਪਹੁੰਚਿਆ ਅਤੇ ਨਾ ਹੀ ਉਹ ਰਸਤੇ ਚ ਖੜ੍ਹੇ ਟ੍ਰੈਕਟਰ ਟਰਾਲੀ ਕੋਲ ਮਿਲਿਆ।

ਇਸ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਸੁਖਦੇਵ ਸਿੰਘ ਦੇ ਮਾਪਿਆਂ ਦੀ ਸ਼ਿਕਾਇਤ ਉਤੇ ਪਿੰਡ ਮੌਜਪੁਰ ਦੇ ਕੁੱਝ ਲੋਕਾਂ ਕੋਲੋ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਸੁਖਦੇਵ ਸਿੰਘ ਨੂੰ ਅਗਵਾ ਕਰਕੇ ਪਿੰਡ ਕਿਸ਼ਨਪੁਰ ਦਰਿਆ ਬਿਆਸ ਕੋਲ ਸੁਖਦੇਵ ਸਿੰਘ ਦਾ ਕਤਲ ਕਰਕੇ ਉਸਦੀ ਲਾਸ਼ ਪੱਥਰਾਂ ਨਾਲ ਬੰਨ੍ਹ ਕੇ ਦਰਿਆ ਬਿਆਸ ਵਿਚ ਸੁੱਟ ਦਿੱਤੀ ਸੀ।ਉਥੇ ਹੀ ਅੱਜ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ  ਸੂਬਾ ਪੁਲਿਸ ਰੈਸਕਿਊ ਟੀਮ ਜਲੰਧਰ ਨਾਲ ਮੁਲਜ਼ਮਾਂ ਵੱਲੋਂ ਦੱਸੇ ਹੋਏ ਸਥਾਨ ਉੱਤੇ ਪਹੁੰਚੀ। ਜਿਥੇ ਰੈਸਕਿਊ ਟੀਮ ਅਤੇ ਪਿੰਡ ਮੌਜਪੁਰ ਦੇ ਨੌਜਵਾਨਾਂ ਦੇ ਸਾਂਝੇ  ਯਤਨਾ ਸਦਕਾ ਨੌਜਵਾਨ ਸੁਖਦੇਵ ਦੀ ਲਾਸ਼ ਦਰਿਆ ਬਿਆਸ ਦੇ ਡੂੰਘੇ ਪਾਣੀ ਵਿੱਚੋਂ ਬਰਾਮਦ ਹੋਈ।

ਇਸ ਮੌਕੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਸ਼ਮਸ਼ੇਰ ਸਿੰਘ ਅਤੇ ਨਾਇਬ ਤਹਿਸੀਲਦਾਰ ਕਾਹਨੂੰਵਾਨ ਮਨੋਹਰ ਲਾਲ ਨੇ ਲਾਸ਼ ਨੂੰ ਬਰਾਮਦ ਕਰਕੇ ਮਾਪਿਆਂ ਦੀ ਹਾਜ਼ਰੀ ਵਿੱਚ ਕਾਨੂੰਨੀ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਸਿਵਲ ਹਸਪਤਾਲ ਲਈ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ। ਉਥੇ ਹੀ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਅਤੇ ਮ੍ਰਿਤਕ ਦਾ ਪਰਿਵਾਰ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ ।ਥਾਣਾ ਮੁਖੀ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਠ ਲੋਕਾਂ ਮਹਿਕਪ੍ਰੀਤ ਸਿੰਘ , ਪ੍ਰਸ਼ੋਤਮ ਸਿੰਘ , ਬਾਊ , ਗੁਰਮੀਤ  ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *