ਲਾਠੀਚਾਰਜ ਪਿੱਛੋਂ ਕਿਸਾਨ ਰੋਹ ਦੂਣ-ਸਵਾਇਆ

Home » Blog » ਲਾਠੀਚਾਰਜ ਪਿੱਛੋਂ ਕਿਸਾਨ ਰੋਹ ਦੂਣ-ਸਵਾਇਆ
ਲਾਠੀਚਾਰਜ ਪਿੱਛੋਂ ਕਿਸਾਨ ਰੋਹ ਦੂਣ-ਸਵਾਇਆ

ਚੰਡੀਗੜ੍ਹ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਬਿਨਾ ਕਿਸੇ ਭੜਕਾਹਟ ਕਿਸਾਨਾਂ ਉਤੇ ਅੰਨ੍ਹੇ ਲਾਠੀਚਾਰਜ ਨੇ ਜਿਥੇ ਸੂਬੇ ਦੀ ਭਾਜਪਾ ਸਰਕਾਰ ਦੇ ਗੈਰ ਮਨੁੱਖੀ ਤੇ ਗੈਰ ਜਮਹੂਰੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ, ਉਥੇ ਕਿਸਾਨਾਂ ਦਾ ਰੋਹ ਵੀ ਦੂਣ-ਸਵਾਇਆ ਹੋ ਗਿਆ ਹੈ।

ਸਰਕਾਰ ਦੇ ਅਜਿਹੇ ਵਤੀਰੇ ਪਿੱਛੋਂ ਕਿਸਾਨਾਂ ਨੇ ਸਖਤ ਰਣਨੀਤੀ ਘੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਯੂ.ਪੀ. ਵਿਚ 5 ਸਤੰਬਰ ਵਾਲੀ ਮਹਾਪੰਚਾਇਤ ਲਈ ਤਾਕਤ ਜ਼ੋਰ-ਸ਼ੋਰ ਨਾਲ ਜੁਟਾਈ ਜਾ ਰਹੀ ਹੈ। ਉਧਰ, ਹਰਿਆਣਾ ਸਰਕਾਰ ਦੀ ਗੈਰ ਜਮਹੂਰੀ ਕਾਰਵਾਈ ਦੀ ਪੂਰੇ ਮੁਲਕ ਵਿਚ ਨਿੰਦਾ ਹੋ ਰਹੀ ਹੈ। ਲਾਠੀਚਾਰਜ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਦੀ ਵਾਇਰਲ ਹੋਈ ਵੀਡੀਓ ਨੇ ਵੀ ਭਾਜਪਾ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਅਫਸਰ ਪੁਲਿਸ ਨੂੰ ਕਿਸੇ ਹੁਕਮ ਦਾ ਇੰਤਜ਼ਾਰ ਕੀਤੇ ਬਿਨਾ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇ ਰਿਹਾ ਹੈ। ਇਸ ਅਧਿਕਾਰੀ ਦੇ ਹੁਕਮ ਉਤੇ ਪੁਲਿਸ ਨੇ ਬਿਨਾ ਕਿਸੇ ਚਿਤਾਵਨੀ ਦੇ ਸ਼ਾਂਤ ਬੈਠੇ ਕਿਸਾਨਾਂ ਉਤੇ ਅੰਨ੍ਹੇਵਾਹ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਅਜਿਹਾ ਇਕ ਵਾਰ ਨਹੀਂ ਸਗੋਂ ਵਾਰ-ਵਾਰ ਕੀਤਾ ਗਿਆ। ਸ਼ਾਮ ਤੱਕ ਪੁਲਿਸ ਨੇ 5 ਵਾਰ ਲਾਠੀਚਾਰਜ ਕੀਤਾ। ਖੇਤਾਂ ਵਿਚ ਭੱਜਦੇ ਕਿਸਾਨਾਂ ਦਾ ਪਿੱਛਾ ਕੀਤਾ ਗਿਆ ਤੇ ਡਿਊਟੀ ਮੈਜਿਸਟਰੇਟ ਦੇ ਹੁਕਮਾਂ ਮੁਤਾਬਕ ਨਿਹੱਥੇ ਕਿਸਾਨਾਂ ਦੇ ਸਿਰ ਪਾੜ ਦਿੱਤੇ ਗਏ। ਖੂਨ ਨਾਲ ਲੱਥਪਥ ਕਿਸਾਨਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਸ ਕਾਰਵਾਈ ਵਿਚ ਇਕ ਕਿਸਾਨ ਦੀ ਮੌਤ ਵੀ ਹੋ ਗਈ। ਹਰਿਆਣਾ ਸਰਕਾਰ ਦੇ ਇਸ ਕਾਰੇ ਦੀ ਤੁਲਨਾ ਦੂਜੇ ਜਲ੍ਹਿਆਂਵਾਲਾ ਬਾਗ ਕਾਂਡ ਨਾਲ ਕੀਤੀ ਜਾ ਰਹੀ ਹੈ।

ਦਰਅਸਲ ਜਦੋਂ ਕਿਸਾਨਾਂ ਉਤੇ ਪੁਲਿਸ ਤਸ਼ੱਦਦ ਹੋ ਰਿਹਾ ਸੀ ਤਾਂ ਉਸੇ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਚ ਨਵੀਨੀਕਰਨ ਮਗਰੋਂ ਜਲ੍ਹਿਆਂਵਾਲਾ ਬਾਗ ਦਾ ਉਦਘਾਟਨ ਕਰ ਰਿਹਾ ਸੀ ਤੇ ਬ੍ਰਿਟਿਸ਼ ਸਰਕਾਰ ਦੀ ਜ਼ਾਲਮਾਨਾ ਕਾਰਵਾਈ ਲਈ ਕੋਸ ਰਿਹਾ ਸੀ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ ਦੀ ਸੰਪਾਦਕੀ ਚ ਕਿਹਾ ਕਿ ਹਰਿਆਣਾਚ ਦੂਜਾ ਜਲ੍ਹਿਆਂਵਾਲਾ ਕਾਂਡ ਵਾਪਰਿਆ ਹੈ। ਸਰਕਾਰ ਵੱਲੋਂ ਬੀਜੇ ਗਏ ਜ਼ੁਲਮ ਦੇ ਬੀਜ ਖੱਟੇ ਫਲ ਹੀ ਦੇਣਗੇ। ਮਨੋਹਰ ਲਾਲ ਖੱਟਰ ਦੀ ਸਰਕਾਰ ਨੂੰ ਸੱਤਾ ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਨਿਰਦਈ ਕਾਰਵਾਈ ਪਿੱਛੋਂ ਵੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੁਲਿਸ ਅਫਸਰਾਂ ਦਾ ਸ਼ਰੇਆਮ ਬਚਾਅ ਕਰਦੇ ਛਾਤੀ ਠੋਕ ਕੇ ਆਖ ਰਹੇ ਹਨ ਕਿ ਜੇਕਰ ਉਨ੍ਹਾਂ (ਭਾਜਪਾ) ਦੀਆਂ ਮੀਟਿੰਗ/ਰੈਲੀਆਂ ਵਿਚ ਵਿਘਨ ਪਾਇਆ ਤਾਂ ਅਜਿਹੀ ਹੀ ਸਖਤੀ ਹੋਵੇਗੀ। ਭਾਜਪਾ ਸਰਕਾਰ ਦੇ ਮੌਜੂਦਾ ਰਵੱਈਏ ਤੋਂ ਜਾਪ ਰਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਇਸ ਵਹਿਸ਼ੀ ਕਾਰਵਾਈ ਦੀ ਤਿਆਰੀ ਕਰੀ ਬੈਠੀ ਸੀ। ਦਰਅਸਲ, ਇਹ ਕਿਸਾਨ ਮਨੋਹਰ ਲਾਲ ਖੱਟਰ ਦੇ ਵਿਧਾਨ ਸਭਾ ਹਲਕੇ ਵਿਚ ਭਾਜਪਾ ਦੇ ਵਿਰੋਧ ਲਈ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ।

ਹਰਿਆਣਾ ਵਿਚ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਰੋਜ਼ਾਨਾ ਕਰ ਰਹੇ ਹਨ ਪਰ ਅੱਜ ਤੱਕ ਪੁਲਿਸ ਜਾਂ ਕਿਸੇ ਸਿਆਸੀ ਆਗੂ ਨੂੰ ਨੁਕਸਾਨ ਪਹੁੰਚਾਉਣ ਵਾਲੀ ਘਟਨਾ ਸਾਹਮਣੇ ਨਹੀਂ ਆਈ। ਦਰਅਸਲ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਨੌਂ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉਤੇ ਹਨ ਤੇ ਇਸ ਸ਼ਾਂਤਮਈ ਸੰਘਰਸ਼ ਨੇ ਪੁਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਕੇਂਦਰ ਤੇ ਸੂਬੇ ਸਰਕਾਰ ਨੇ ਵਾਰ-ਵਾਰ ਬਹਾਨੇ ਬਣਾ ਕੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਹਰ ਵਾਰ ਸਰਕਾਰ ਦੀ ਚਾਲ ਦਾ ਸਬਰ ਨਾਲ ਜਵਾਬ ਦੇ ਕੇ ਹਰ ਰਣਨੀਤੀ ਫੇਲ੍ਹ ਕਰ ਦਿੱਤੀ। ਕਿਸਾਨ ਅੰਦੋਲਨ ਨਿੱਤ ਦਿਨ ਚੜ੍ਹਦੀਆਂ ਕਲਾ ਵੱਲ ਵਧ ਰਿਹਾ ਹੈ। ਪਿਛਲੇ ਦਿਨੀਂ ਹੋਈ ਕਿਸਾਨ ਕਨਵੈਨਸ਼ਨ ਨੇ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਸ ਕਨਵੈਨਸ਼ਨ ਵਿਚ ਦੇਸ਼ ਭਰ ਦੇ ਸੂਬਿਆਂ ਦੇ ਕਿਸਾਨ ਆਗੂਆਂ ਤੋਂ ਇਲਾਵਾ ਨੌਜਵਾਨ, ਵਿਦਿਆਰਥੀ, ਔਰਤਾਂ ਤੇ ਹੋਰ ਖੇਤਰਾਂ ਵਿਚ ਕੰਮ ਕਰਦੀਆਂ ਤਿੰਨ ਸੌ ਦੇ ਕਰੀਬ ਜਥੇਬੰਦੀਆਂ ਦੀ ਸ਼ਮੂਲੀਅਤ ਭਵਿੱਖ ਵਿਚ ਅੰਦੋਲਨਕਾਰੀਆਂ ਦੀ ਏਕਤਾ ਦਾ ਰਾਹ ਪੱਧਰਾ ਕਰਨ ਦਾ ਸੰਕੇਤ ਹੈ।

22 ਰਾਜਾਂ ਤੋਂ ਤਿੰਨ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ ਹੈ ਜਿਸ ਨਾਲ ਇਨ੍ਹਾਂ ਸੂਬਿਆਂ ਵਿਚ ਮੋਰਚੇ ਦੀਆਂ ਸਰਗਰਮੀਆਂ ਤੇਜ ਹੋਣ ਦਾ ਆਧਾਰ ਤਿਆਰ ਹੋਇਆ ਹੈ। ਇਸ ਨਾਲ ਕੇਂਦਰ ਸਰਕਾਰ ਵੱਲੋਂ ਅੰਦੋਲਨ ਦੇ ਇਕੱਲੇ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦਾ ਹੀ ਅੰਦੋਲਨ ਹੋਣ ਦੇ ਸਿਰਜੇ ਬਿਰਤਾਂਤ ਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ 5 ਸਤੰਬਰ ਨੂੰ ਮੁਜੱਫਰਪੁਰ ਵਿਚ ਹੋਣ ਵਾਲੀ ਮਹਾਪੰਚਾਇਤ ਦੇ ਨਾਲ-ਨਾਲ 25 ਸਤੰਬਰ ਨੂੰ ‘ਭਾਰਤ ਬੰਦ ਦੇ ਸੱਦੇ ਦਾ ਐਲਾਨ ਵੀ ਕੀਤਾ ਹੈ।

Leave a Reply

Your email address will not be published.