ਲਸ਼ਕਰ ਦੇ 2 ਜ਼ਿਲ੍ਹਾ ਕਮਾਂਡਰਾਂ ਸਮੇਤ 4 ਅੱਤਵਾਦੀ ਹਲਾਕ

ਜਵਾਨ ਸ਼ਹੀਦ-2 ਜ਼ਖ਼ਮੀ * ਸ਼ੋਪੀਆਂ ਤੇ ਕੁਲਗਾਮ ‘ਚ ਹੋਏ ਮੁਕਾਬਲੇ

ਸ੍ਰੀਨਗਰ / ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਤੇ ਕੁਲਗਾਮ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਵੱਖ-ਵੱਖ ਮੁਕਾਬਲਿਆਂ ਦੌਰਾਨ ਲਸ਼ਕਰ-ਏ-ਤਾਇਬਾ ਦੇ 2 ਜ਼ਿਲ੍ਹਾ ਕਮਾਂਡਰਾਂ ਸਮੇਤ 4 ਅੱਤਵਾਦੀ ਮਾਰੇ ਗਏ, ਜਦਕਿ ਮੁਕਾਬਲੇ ‘ਚ ਫ਼ੌਜ ਦਾ ਇਕ ਜਵਾਨ ਸ਼ਹੀਦ ਤੇ 2 ਹੋਰ ਜ਼ਖ਼ਮੀ ਹੋ ਗਏ। ਸ਼ਹੀਦ ਹੋਏ ਜਵਾਨ ਦੀ ਪਛਾਣ ਆਰ.ਆਰ. 44 ਦੇ ਕਰਨਵੀਰ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 25 ਸਾਲ ਸੀ ਅਤੇ ਉਹ ਮੱਧ ਪ੍ਰਦੇਸ਼ ਦੇ ਸਾਤਨਾ ਜ਼ਿਲ੍ਹੇ ਦੇ ਪਿੰਡ ਡਾਲਦਲ ਰਾਮਪੁਰ ਬਘੇਲਾਂ ਨਾਲ ਸੰਬੰਧਿਤ ਸੀ। ਸ਼ੋਪੀਆਂ ਦੇ ਚੀਰਬਾਗ ਦਰਗੜ੍ਹ ਇਲਾਕੇ ‘ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ ‘ਤੇ ਬੁੱਧਵਾਰ ਸਵੇਰ 44 ਆਰ.ਆਰ[, ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਅਤੇ ਸੀ.ਆਰ.ਪੀ. ਨੇ ਸਾਂਝੀ ਮੁਹਿੰਮ ਚਲਾਈ, ਜਦ ਸੁਰੱਖਿਆ ਬਲ ਉਸ ਮਕਾਨ ਨੇੜੇ ਪਹੁੰਚੇ ਜਿਥੇ ਅੱਤਵਾਦੀ ਲੁਕੇ ਸਨ, ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ‘ਚ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਦੌਰਾਨ ਅੱਤਵਾਦੀਆਂ ਨੂੰ ਆਤਮਸਮਰਪਣ ਦੀ ਪੇਸ਼ਕਸ਼ ਕੀਤੀ, ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਜਿਸ ਦੌਰਾਨ 3 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਬਾਦਾਮੀਬਾਗ ਪਹੁੰਚਾਇਆ, ਜਿਥੇ ਇਕ ਜਵਾਨ ਨੇ ਦਮ ਤੋੜ ਦਿੱਤਾ।

ਸੁਰੱਖਿਆ ਬਲਾਂ ਨੇ ਕਈ ਘੰਟੇ ਚੱਲੀ ਕਾਰਵਾਈ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਆਦਿਲ ਅਹਿਮਦ ਵਾਨੀ ਜ਼ਿਲ੍ਹਾ ਕਮਾਂਡਰ ਲਸ਼ਕਰ ਏ ਤਾਇਬਾ ਦੇ ਹਿਟ ਸਕਾਡ ‘ਦੀ ਰਜ਼ਿਸਟੈਂਟ ਫਰੰਟ’ (ਟੀ.ਆਰ.ਐਫ.) ਵਜੋਂ ਕੀਤੀ। ਉਕਤ ਅੱਤਵਾਦੀ 3 ਦਿਨ ਪਹਿਲਾਂ ਪੁਲਵਾਮਾ ਦੇ ਲਿਤਰ ਇਲਾਕੇ ‘ਚ ਗਰੀਬ ਪ੍ਰਵਾਸੀ ਤਰਖਾਣ ਮੁਹੰਮਦ ਸਗੀਰ ਵਾਸੀ ਸਹਾਰਨਪੁਰ (ਯੂ.ਪੀ.) ਦੇ ਕਤਲ ਲਈ ਜ਼ਿੰਮੇਵਾਰ ਸੀ। ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ ‘ਚੋਂ ਭਾਰੀ ਅਸਲ੍ਹਾ ਬਰਾਮਦ ਕੀਤਾ।

ਦੂਜੇ ਅੱਤਵਾਦੀ ਦੀ ਪਛਾਣ ਗੈਰ ਸਰਕਾਰੀ ਸੂਤਰਾਂ ਨੇ ਅਰਾਫ਼ਾਤ ਸ਼ੇਖ ਵਾਸੀ ਨਿਲੋਰਾ ਪੁਲਵਾਮਾ ਵਜੋਂ ਕੀਤੀ ਹੈ। ਅਜਿਹੇ ਇਕ ਹੋਰ ਮੁਕਾਬਲੇ ‘ਚ ਕੁਲਗਾਮ ‘ਚ ਦੇਰ ਸ਼ਾਮ 7.40 ਵਜੇ 9 ਆਰ .ਆਰ., ਐਸ.ਓ. ਜੀ. ਅਤੇ ਸੀ.ਆਰ.ਪੀ.ਐਫ. ਨੇ ਕੁਲਗਾਮ ਦੇ ਅਸ਼ਮਜੀਪੁਰਾ ਇਲਾਕੇ ‘ਚ ਸਾਂਝੀ ਕਾਰਵਾਈ ਦੌਰਾਨ ਲਸ਼ਕਰ ਦੇ ਜ਼ਿਲ੍ਹਾ ਕਮਾਂਡਰ ਗੁਲਜ਼ਾਰ ਅਹਿਮਦ ਰੇਸ਼ੀ ਨੂੰ ਉਸ ਦੇ ਸਾਥੀ ਸਮੇਤ ਮਾਰ ਮੁਕਾਇਆ। ਉਹ ਕੁਲਗਾਮ ਦੇ ਵਨਪੂ ਇਲਾਕੇ ‘ਚ 3 ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਆਈ.ਜੀ.ਪੀ. ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ ਅਜੇ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੀ ਥਾਂ ਤੋਂ ਏ[ਕੇ[ ਰਾਈਫਲ ਸਮੇਤ ਹੋਰ ਅਸਲਾ ਬਰਾਮਦ ਕੀਤਾ ਹੈ।

Leave a Reply

Your email address will not be published. Required fields are marked *