ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

Home » Blog » ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ
ਲਵਲੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਟੋਕੀਉ / ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (23) ਨੂੰ ਉਲੰਪਿਕ ਦੇ ਮਹਿਲਾ ‘ਵੈਲਟਰ ਵੇਟ’ ਵਰਗ (64-69 ਕਿੱਲੋ) ਦੇ ਸੈਮੀਫਾਈਨਲ ‘ਚ ਤੁਰਕੀ ਦੀ ਮੌਜੂਦਾ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਤੋਂ ਹਾਰ ਕੇ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ |

ਇਸ ਦੇ ਨਾਲ ਹੀ ਅਸਾਮ ਦੀ ਇਹ ਮੁੱਕੇਬਾਜ਼, ਵਿਜੇਂਦਰ ਸਿੰਘ (ਬੀਜਿੰਗ 2008) ਅਤੇ ਐਮ.ਸੀ. ਮੈਰੀਕਾਮ (ਲੰਡਨ 2012) ਤੋਂ ਬਾਅਦ ਦੇਸ਼ ਲਈ ਉਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਬਣ ਗਈ ਹੈ | ਆਪਣਾ ਪਹਿਲਾ ਉਲੰਪਿਕ ਖੇਡ ਰਹੀ ਤੇ ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਵਾਰ ਕਾਂਸੀ ਦਾ ਤਗਮਾ ਜਿੱਤਣ ਵਾਲੀ ਲਵਲੀਨਾ ਖ਼ਿਲਾਫ਼ ਬੁਸੇਨਾਜ਼ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾ ਲਿਆ ਤੇ ਭਾਰਤੀ ਮੁੱਕੇਬਾਜ਼ ਨੂੰ ਕੋਈ ਮੌਕਾ ਨਾ ਦਿੰਦੇ ਹੋਏ 5-0 ਨਾਲ ਮੈਚ ਆਪਣੇ ਨਾਂਅ ਕਰਕੇ ਫਾਈਨਲ ‘ਚ ਜਗ੍ਹਾ ਬਣਾਈ | ਲਵਲੀਨਾ ਉਲੰਪਿਕ ਮੁੱਕੇਬਾਜ਼ੀ ਦੇ ਫਾਈਨਲ ‘ਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸੀ ਪਰ ਵਿਸ਼ਵ ਚੈਂਪੀਅਨ ਬੁਸੇਨਾਜ਼ ਨੇ ਉਸ ਦੇ ਸੁਫ਼ਨੇ ਨੂੰ ਤੋੜ ਦਿੱਤਾ | ਭਾਰਤੀ ਮੁੱਕੇਬਾਜ਼ ਕੋਲ ਤੁਰਕੀ ਦੀ ਖਿਡਾਰਨ ਦੇ ਦਮਦਾਰ ਮੁੱਕਿਆਂ ਤੇ ਤੇਜ਼ੀ ਦਾ ਕੋਈ ਜਵਾਬ ਨਹੀਂ ਸੀ ਤੇ ਇਸ ਵਿਚਕਾਰ ਹੜਬੜਾਹਟ ‘ਚ ਵੀ ਲਵਲੀਨਾ ਨੇ ਕਈ ਗਲਤੀਆਂ ਕੀਤੀਆਂ | ਕੁਆਰਟਰ ਫਾਈਨਲ ‘ਚ ਲਵਲੀਨਾ ਹਾਲਾਂਕਿ ਚੀਨੀ ਤਾਈਪੇ ਦੀ ਚੇਨ ਨੀਨ-ਚਿਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਪਹਿਲਾਂ ਹੀ ਤਗਮਾ ਪੱਕਾ ਕਰ ਚੁੱਕੀ ਸੀ | ਤੁਰਕੀ ਦੀ ਮੁੱਕੇਬਾਜ਼ 2019 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਜੇਤੂ ਰਹੀ ਸੀ, ਜਦੋਂਕਿ ਉਸ ਟੂਰਨਾਮੈਂਟ ‘ਚ ਲਵਲੀਨਾ ਨੂੰ ਕਾਂਸੀ ਦਾ ਤਗਮਾ ਮਿਲਿਆ ਸੀ ਪਰ ਉਸ ਸਮੇਂ ਦੋਹਾਂ ਵਿਚਕਾਰ ਮੁਕਾਬਲਾ ਨਹੀਂ ਹੋਇਆ ਸੀ |

Leave a Reply

Your email address will not be published.