ਲਖੀਮਪੁਰ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ

• ਤਿੰਨ ਕਿਸਾਨਾਂ ਦਾ ਸਸਕਾਰ • ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਕੀਤਾ ਇਨਕਾਰ, ਮੁੜ ਹੋਵੇਗਾ ਪੋਸਟਮਾਰਟਮ

ਲਖੀਮਪੁਰ ਖੀਰੀ/ ਬਹਿਰਾਈਚ (ਯੂ. ਪੀ.) / ਲਖੀਮਪੁਰ ਖੀਰੀ ਘਟਨਾ ਦੀ ਜਾਂਚ ਐਸ. ਆਈ. ਟੀ. ਕਰੇਗੀ ਅਤੇ ਜਾਂਚ ਲਈ ਅੱਜ ਸੂਬਾ ਸਰਕਾਰ ਵਲੋਂ 6 ਮੈਂਬਰੀ ਐਸ.ਆਈ.ਟੀ. ਗਠਿਤ ਕਰ ਦਿੱਤੀ ਗਈ ਹੈ।

ਲਖੀਮਪੁਰ ਖੀਰੀ ‘ਚ ਪ੍ਰਦਰਸ਼ਨ ਦੌਰਾਨ ਗੱਡੀ ਹੇਠ ਦਰੜ ਕੇ ਮਾਰੇ ਜਾਣ ਵਾਲੇ ਤਿੰਨ ਕਿਸਾਨਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ‘ਚ ਕਰ ਦਿੱਤਾ ਗਿਆ ਜਦਕਿ ਚੌਥੇ ਕਿਸਾਨ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਪਰਿਵਾਰ ਦੀ ਮੰਗ ਨੂੰ ਮੰਨ ਲਿਆ। ਬਹਿਰਾਈਚ ਦੇ ਪਿੰਡ ਮੋਹਰੀਆ ਦੇ 22 ਸਾਲਾ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰਦਿਆਂ ਦੋਸ਼ ਲਗਾਇਆ ਕਿ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਮੌਕੇ ਗੁਰਵਿੰਦਰ ਸਿੰਘ ਦੇ ਪਿੰਡ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਪਰਿਵਾਰ ਦੀ ਇਸ ਮੰਗ ਦਾ ਸਮਰਥਨ ਕੀਤਾ। ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਗੁਰਵਿੰਦਰ ਦਾ ਦੂਸਰੀ ਵਾਰ ਪੋਸਟਮਾਰਟਮ ਜ਼ਿਲ੍ਹਾ ਹਸਪਤਾਲ ‘ਚ ਕੀਤਾ ਜਾਵੇਗਾ। ਲਾਸ਼ ਨੂੰ ਲਿਆਉਣ ਲਈ ਇਕ ਵਾਹਨ ਭੇਜਿਆ ਗਿਆ ਹੈ।

ਪੋਸਟਮਾਰਟਮ ਲਈ ਹੈਲੀਕਾਪਟਰ ਰਾਹੀਂ ਲਖਨਊ ਤੋਂ ਮਾਹਰਾਂ ਦੀ ਇਕ ਟੀਮ ਬਹਿਰਾਈਚ ਜ਼ਿਲ੍ਹਾ ਪੁਲਿਸ ਲਾਈਨ ਪਹੁੰਚ ਗਈ ਹੈ। ਵਧੀਕ ਡੀ.ਜੀ.ਪੀ. (ਗੋਰਖਪੁਰ) ਅਖਿਲ ਕੁਮਾਰ ਤੇ ਹੋਰ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਮੋਹਰੀਆ ਪਿੰਡ ਪੁੱਜੇ ਸਨ ਪਰ ਪਰਿਵਾਰਕ ਮੈਂਬਰਾਂ ਨੇ ਗੁਰਵਿੰਦਰ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਵਿੰਦਰ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਪੋਸਟਮਾਰਟਮ ਦੀ ਗਲਤ ਰਿਪੋਰਟ ਤੋਂ ਬਾਅਦ ਅਸੀਂ ਅੰਤਿਮ ਸੰਸਕਾਰ ਕਰਨਾ ਨਹੀਂ ਚਾਹੁੰਦੇ। ਹਾਲਾਂਕਿ ਲਵਪ੍ਰੀਤ ਸਿੰਘ (19), ਨਛੱਤਰ ਸਿੰਘ (65) ਅਤੇ ਦਲਜੀਤ ਸਿੰਘ (42) ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਵਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਦਿੱਤੀ। ਲਖੀਮਪੁਰ ਖੀਰੀ ਦੀ ਪਾਲੀਆ ਤਹਿਸੀਲ ‘ਚ ਪੈਂਦੀ ਲਵਪ੍ਰੀਤ ਸਿੰਘ ਦੀ ਜ਼ਮੀਨ ‘ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਰਾਕੇਸ਼ ਟਿਕੈਤ ਹਾਜ਼ਰ ਸਨ। ਲਖੀਮਪੁਰ ਖੀਰੀ ਦੀ ਧੌਰਹਾਰਾ ਤਹਿਸੀਲ ਦੇ ਮ੍ਰਿਤਕ ਕਿਸਾਨ ਨਛੱਤਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ ਨੇ ਵਿਖਾਈ, ਜੋ ਸ਼ਾਸਤਰ ਸੀਮਾ ਬਲ (ਐਸ.ਐਸ.ਬੀ.) ‘ਚ ਤਾਇਨਾਤ ਹੈ। ਬਹਿਰਾਈਚ ‘ਚ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ।

ਲਖੀਮਪੁਰ ਖੀਰੀ ਹਿੰਸਾ ਦੀ ਐਸ.ਆਈ.ਟੀ. ਜਾਂਚ ਦੇ ਆਦੇਸ਼ ਲਖਨਊ / ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਐਸ.ਆਈ.ਟੀ. ਕਰੇਗੀ। ਜਾਂਚ ਲਈ 6 ਮੈਂਬਰੀ ਐਸ.ਆਈ.ਟੀ. ਗਠਿਤ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਪੁਲਿਸ ਵਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਈ.ਜੀ. ਰੇਂਜ ਲਖਨਊ ਰਸ਼ਮੀ ਸਿੰਘ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਨਾਲ ਹੀ ਇਸ ਮਾਮਲੇ ‘ਚ ਇਕ ਸੇਵਾਮੁਕਤ ਜੱਜ ਦੀ ਨਿਗਰਾਨੀ ‘ਚ ਨਿਆਇਕ ਜਾਂਚ ਵੀ ਹੋਵੇਗੀ। ਬੇਟੇ ਖ਼ਿਲਾਫ਼ ਸਬੂਤ ਮਿਲੇ ਤਾਂ ਅਸਤੀਫ਼ਾ ਦੇ ਦੇਵਾਂਗਾ-ਅਜੇ ਮਿਸ਼ਰਾ ਇਸੇ ਵਿਚਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੇ ਕਿਹਾ ਕਿ ਜੇਕਰ ਕੋਈ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਦੇ ਮੌਕੇ ‘ਤੇ ਮੌਜੂਦ ਹੋਣ ਦਾ ਇਕ ਵੀ ਸਬੂਤ ਪੇਸ਼ ਕਰੇਗਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪ੍ਰਿਅੰਕਾ ਗਾਂਧੀ ਵਲੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਫ਼ੋਨ ‘ਤੇ ਗੱਲਬਾਤ ਲਖਨਊ, (ਪੀ.ਟੀ.ਆਈ.)- ਹਿਰਾਸਤ ‘ਚ ਲਈ ਗਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੀਤਾਪੁਰ ਦੇ ਗੈਸਟ ਹਾਊਸ ਤੋਂ ਲਖੀਮਪੁਰ ਹਿੰਸਾ ‘ਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਕਾਂਗਰਸੀ ਆਗੂ ਲਲਨ ਕੁਮਾਰ ਨੇ ਦੱਸਿਆ ਕਿ ਪ੍ਰਿਅੰਕਾ ਨੇ ਮਾਰੇ ਗਏ ਕਿਸਾਨ ਲਵਪ੍ਰੀਤ ਸਿੰਘ, ਨਛੱਤਰ ਸਿੰਘ, ਗੁਰਵਿੰਦਰ ਸਿੰਘ ਤੇ ਪੱਤਰਕਾਰ ਕਸ਼ਯਪ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਸਮਾਜਵਾਦੀ ਪਾਰਟੀ ਵਲੋਂ ਸ਼ਾਂਤਮਈ ਅੰਦੋਲਨ ਲਖਨਊ ‘ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਸਕੱਤਰ ਜਨਰਲ ਰਾਮ ਗੋਪਾਲ ਪਾਰਟੀ ਐਮ.ਐਲ.ਸੀ. ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਵਿਧਾਨ ਪ੍ਰੀਸ਼ਦ ਆਗੂ ਅਹਿਮਦ ਹਸਨ ਅਤੇ ਹੋਰ ਵੱਡੇ ਆਗੂਆਂ ਨੂੰ ਅਖਿਲੇਸ਼ ਦੇ ਘਰ ਦੇ ਬਾਹਰ ਹੀ ਹਿਰਾਸਤ ‘ਚ ਲੈ ਲਿਆ ਗਿਆ ਤੇ ਜ਼ਿੱਦ ਕਰਨ ਦੇ ਬਾਵਜੂਦ ਲਖੀਮਪੁਰ ਖੀਰੀ ਨਹੀਂ ਜਾਣ ਦਿੱਤਾ ਗਿਆ ਤੇ ਉਥੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੱਤਰਕਾਰਾਂ ਦੇ ਸਵਾਲ ਕਰਨ ‘ਤੇ ਰਾਮੂਵਾਲੀਆ ਨੇ ਕਿਹਾ ਕਿ ਸ਼ਾਂਤਮਈ ਅੰਦੋਲਨ ‘ਤੇ ਬੈਠਿਆਂ ਉੱਤੇ ਤਾਂ ਕੋਈ ਲਾਠੀਚਾਰਜ ਵੀ ਨਹੀਂ ਕਰਦਾ, ਜੋ ਪਿਛਲੇ ਲਗਭਗ ਗਿਆਰਾਂ ਮਹੀਨਿਆਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਪਰ ਭਾਜਪਾ ਸਰਕਾਰ ਹੰਕਾਰ ਅਤੇ ਨਫ਼ਰਤ ਨਸ਼ੇ ‘ਚ ਗਲਤਾਨ ਹੈ ਕਿ ਸ਼ਾਂਤਮਈ ਤੇ ਨਿਰਦੋਸ਼ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ। ਰਾਮੂਵਾਲੀਆ ਨੇ ਕਿਹਾ ਕਿ ਇਨ੍ਹਾਂ ਕਤਲਾਂ ਦੀ ਪੂਰੀ ਦੁਨੀਆ ਵਿਚ ਨਿੰਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ‘ਚ ਉੱਤਰ ਪ੍ਰਦੇਸ਼ ਦੇ ਸਿਰਕੱਢ ਕਿਸਾਨ ਆਗੂ ਤਜਿੰਦਰ ਸਿੰਘ ਵਿਰਕ ਵੀ ਸਖ਼ਤ ਜ਼ਖ਼ਮੀ ਹੋ ਗਏ ਹਨ।

ਹੁਣ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦਾ ਵੇਲਾ-ਸ਼ਿਵ ਸੈਨਾ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਕਿਸਾਨਾਂ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਜ਼ੁਲਮ ਖ਼ਿਲਾਫ਼ ਵਿਰੋਧੀ ਧਿਰਾਂ ਦੀ ਇਕਜੁੱਟ ਕਾਰਵਾਈ ਦਾ ਵੇਲਾ ਆ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਕਰਨ ਤੇ ਉਸ ਦੇ ਬੇਟੇ ਦੀ ਗ੍ਰਿਫ਼ਤਾਰੀ ਦੀ ਮੰਗ ਨਵੀਂ ਦਿੱਲੀ / ਸੰਯੁਕਤ ਕਿਸਾਨ ਮੋਰਚਾ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਉਸ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਮੰਤਰੀ ਦਾ ਬੇਟਾ ਘਟਨਾ ਦੀਆਂ ਵੀਡੀਓਜ਼ ‘ਚ ਨਜ਼ਰ ਆ ਰਿਹਾ ਹੈ। ਮੋਰਚੇ ਨੇ ਇਹ ਵੀ ਕਿਹਾ ਕਿ ਉਹ ਆਪਣੇ ਦਾਅਵੇ ‘ਤੇ ਪੱਕੇ ਹਨ ਕਿ ਇਕ ਕਿਸਾਨ ਗੁਰਵਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਵਾਪਸ ਨਹੀਂ ਲਿਆ ਜਾਵੇਗਾ ਅਤੇ ਜਲਦ ਹੀ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *