ਨਵੀਂ ਦਿੱਲੀ / ਕੇਂਦਰ ਸਰਕਾਰ ਨੇ ਦੱਸਿਆ ਕਿ 7 ਮਈ ਨੂੰ ਦੇਸ਼ ‘ਚ ਕੋਰੋਨਾ ਦੇ ਸਭ ਤੋਂ ਵੱਧ 4.14 ਲੱਖ ਮਾਮਲੇ ਆਉਣ ਦੇ ਬਾਅਦ ਹੁਣ ਰੋਜ਼ਾਨਾ ਮਾਮਲਿਆਂ ‘ਚ ਕਰੀਬ 85 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ 20 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ, ਜਿਥੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਤੋਂ ਘੱਟ ਹੈ |
ਕੋਰੋਨਾ ਦੇ ਡੈਲਟਾ ਰੂਪ ਸਬੰਧੀ ਸਰਕਾਰ ਨੇ ਕਿਹਾ ਕਿ ਇਹ ਮਾਰਚ ਮਹੀਨੇ ਤੋਂ ਪ੍ਰਭਾਵ ‘ਚ ਸੀ ਅਤੇ ਹੁਣ ਚਿੰਤਾ ਦਾ ਕਾਰਨ ਨਹੀਂ ਹੈ | ਸਰਕਾਰ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨੀ ਪਵੇਗੀ ਅਤੇ ਉਸ ‘ਤੇ ਨਜ਼ਰ ਰੱਖਣੀ ਪਵੇਗੀ | ਸਰਕਾਰ ਨੇ ਕਿਹਾ ਕਿ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ 11.62 ਫ਼ੀਸਦੀ ਮਾਮਲੇ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਸਨ, ਜਦੋਂਕਿ ਪਹਿਲੀ ਲਹਿਰ ‘ਚ ਅਜਿਹੇ ਮਾਮਲਿਆਂ ਦੀ ਗਿਣਤੀ 11.31 ਫ਼ੀਸਦੀ ਸੀ | ਕੋਰੋਨਾ ਮਾਮਲਿਆਂ ਦੀ ਸਭ ਤੋਂ ਵੱਧ ਹਫ਼ਤਾਵਾਰੀ ਲਾਗ ਦਰ 21.4 ਫ਼ੀਸਦੀ ਰਹੀ ਹੈ, ਜੋ 4 ਤੋਂ 10 ਮਈ ਦੇ ਹਫ਼ਤੇ ਦੌਰਾਨ ਦਰਜ ਕੀਤੀ ਗਈ ਸੀ ਅਤੇ ਹੁਣ ਇਸ ਦਰ ‘ਚ ਤੇਜ਼ੀ ਨਾਲ 78 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਹੈ | ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ, ਜਿਸ ਨਾਲ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋ ਰਹੀ ਹੈ | ਹਾਲਾਂਕਿ ਰੋਜ਼ਾਨਾ ਹੋ ਰਹੀਆਂ ਮੌਤਾਂ ਅਜੇ ਵੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ | ਦੇਸ਼ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 60,471 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 75 ਦਿਨਾਂ ਬਾਅਦ ਇਕ ਦਿਨ ‘ਚ ਸਭ ਤੋਂ ਘੱਟ ਮਾਮਲੇ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਦੇਸ਼ ਵਿਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਹੇਠਾਂ ਡਿਗ ਕੇ 9,13,378 ‘ਤੇ ਆ ਗਈ ਹੈ | ਬੀਤੇ 24 ਘੰਟਿਆਂ ਦੌਰਾਨ 2726 ਹੋਰ ਮੌਤਾਂ ਹੋ ਜਾਣ ਤੋਂ ਬਾਅਦ ਕੋਰੋਨਾ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ 3,77,031 ਹੋ ਗਿਆ ਹੈ | ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1,17,525 ਮਰੀਜ਼ ਠੀਕ ਹੋਏ ਹਨ | ਇਹ ਲਗਾਤਾਰ 33ਵਾਂ ਦਿਨ ਹੈ ਜਦ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਤੋਂ ਜ਼ਿਆਦਾ ਗਿਣਤੀ ਉਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਹੈ |