ਰੈਫਰੈਂਡਮ ਦਾ ਕੇਂਦਰ ਬਣਾਇਆ ਬਰੈਂਪਟਨ !

ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨੇ ਰੈਫਰੈਂਡਮ 2020 ਤੋਂ ਬਾਅਦ ਹੁਣ 18 ਸਤੰਬਰ ਨੂੰ ਕੈਨੇਡਾ ਦੇ ਬਰੈਂਪਟਨ ’ਚ ਇਕ ਵਾਰ ਫਿਰ ਰੈਫਰੈਂਡਮ (ਰਾਏਸ਼ੁਮਾਰੀ) ਦੀ ਤਿਆਰੀ ਕਰ ਲਈ ਹੈ। ਭਾਰਤ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਜੇ. ਐੱਫ਼.) ਕੈਨੇਡਾ ’ਚ ਖਾਲਿਸਤਾਨ ’ਤੇ 18 ਸਤੰਬਰ ਨੂੰ ਰਾਏਸ਼ੁਮਾਰੀ ਕਰਵਾਏਗਾ। ਭਾਰਤ ਖ਼ਿਲਾਫ਼ ਅਕਸਰ ਜ਼ਹਿਰ ਉਗਲਣ ਵਾਲਾ ਗੁਰਪਤਵੰਤ ਸਿੰਘ ਪੰਨੂ ਇਸ ਅੱਤਵਾਦੀ ਗਰੁੱਪ ਦਾ ਮੁਖੀ ਹੈ। ਇਸ ਰਾਏਸ਼ੁਮਾਰੀ ਦਾ ਕੈਨੇਡਾ ’ਚ ਰਹਿੰਦੇ ਭਾਰਤੀ ਵਿਰੋਧ ਕਰ ਰਹੇ ਹਨ। ਇਸ ਰਾਏਸ਼ੁਮਾਰੀ ’ਚ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਕੈਨੇਡਾ ’ਚ ਰਹਿ ਰਹੇ ਲੋਕਾਂ ਨੂੰ ਪੁੱਛ ਰਿਹਾ ਹੈ ਕਿ ਕੀ ਪੰਜਾਬ ਨੂੰ ਇਕ ਵੱਖਰਾ ਦੇਸ਼ ਬਣਾਇਆ ਜਾਣਾ ਚਾਹੀਦਾ ਹੈ? ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਨਵੰਬਰ 2021 ’ਚ ਬ੍ਰਿਟੇਨ ’ਚ ਰੈਫਰੈਂਡਮ ਕਰਵਾਉਣ ਦਾ ਡਰਾਮਾ ਕੀਤਾ ਸੀ। ਹੁਣ ਸਿੱਖਸ ਫਾਰ ਜਸਟਿਸ ਦਾ ਕੈਨੇਡਾ ’ਚ ਰਹਿੰਦੇ ਭਾਰਤ ਪੱਖੀ ਸਿੱਖ ਸਖ਼ਤ ਵਿਰੋਧ ਕਰ ਰਹੇ ਹਨ। ਭਾਰਤ ਸਰਕਾਰ ਨੇ ਵੀ ਇਸ ਰਾਏਸ਼ੁਮਾਰੀ ਦਾ ਸਖ਼ਤ ਵਿਰੋਧ ਕੀਤਾ ਹੈ। ਜਾਣਕਾਰੀ ਮੁਤਾਬਕ ਖਾਲਿਸਤਾਨ ਪੱਖੀ ਅੱਤਵਾਦੀ 18 ਸਤੰਬਰ ਨੂੰ ਰਾਏਸ਼ੁਮਾਰੀ ਕਰਵਾਉਣ ਤੋਂ ਠੀਕ ਪਹਿਲਾਂ ਕੈਨੇਡਾ ’ਚ ਟਰੱਕ ਰੈਲੀ ਕੱਢਣਗੇ। ਇਸ ਦੇ ਪ੍ਰਚਾਰ ਲਈ ਕਈ ਜਗ੍ਹਾ ਪੋਸਟਰ ਲਾਏ ਗਏ ਹਨ ਅਤੇ ਟੋਰਾਂਟੋ ਦੇ ਗੁਰਦੁਆਰਿਆਂ ਅੰਦਰ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਰਾਏਸ਼ੁਮਾਰੀ ’ਚ ਇੱਕ ਹੋਰ ਖ਼ਤਰਨਾਕ ਗੱਲ ਇਹ ਹੈ ਕਿ ਇਸ ਨੂੰ ਕੈਨੇਡਾ ਸਰਕਾਰ ਦੀ ਮਾਲਕੀ ਵਾਲੇ ਅਤੇ ਸੰਚਾਲਿਤ ਕੀਤੇ ਜਾਣ ਵਾਲੇ ਕਮਿਊਨਿਟੀ ਸੈਂਟਰ ’ਚ ਕਰਵਾਇਆ ਜਾਵੇਗਾ। ਸਿੱਖਸ ਫਾਰ ਜਸਟਿਸ ਨੇ ਇਸ ਰਾਏਸ਼ੁਮਾਰੀ ਦੀ ਸ਼ੁਰੂਆਤ 31 ਅਕਤੂਬਰ 2021 ਨੂੰ ਲੰਡਨ ’ਚ ਕੀਤੀ ਸੀ। ਇਸ ਤੋਂ ਬਾਅਦ ਸਵਿਟਜ਼ਰਲੈਂਡ ਅਤੇ ਇਟਲੀ ’ਚ ਵੀ ਇਹ ਰੈਫਰੈਂਡਮ ਕਰਵਾਇਆ ਗਿਆ ਸੀ। ਇਨ੍ਹਾਂ ਰੈਫਰੈਂਡਮਾਂ ਨੂੰ ਪਾਕਿਸਤਾਨ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਸਿੱਖਾਂ ਦੇ ਨਾਂ ’ਤੇ ਪਾਕਿਸਤਾਨੀ ਵੋਟ ਦੇਣ ਪਹੁੰਚੇ ਸਨ। ਸਿੱਖਸ ਫਾਰ ਜਸਟਿਸ ਨੇ ਦਾਅਵਾ ਕੀਤਾ ਸੀ ਕਿ ਲੰਡਨ ’ਚ ਹੋਏ ਰੈਫਰੈਂਡਮ ’ਚ 10 ਤੋਂ 12 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਪਰ ਬ੍ਰਿਟੇਨ ’ਤੇ ਨਜ਼ਰ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਇਸ ’ਚ ਸਿਰਫ਼ 100 ਤੋਂ 150 ਲੋਕਾਂ ਹੀ ਸ਼ਾਮਲ ਹੋਏ ਸਨ। ਬ੍ਰਿਟੇਨ ’ਚ 3 ਖਾਲਿਸਤਾਨ ਪੱਖੀ ਗੁਰਦੁਆਰਿਆਂ ਨੂੰ ਛੱਡ ਕੇ, ਕਿਸੇ ਨੇ ਵੀ ਇਸ ਕਥਿਤ ਰੈਫਰੈਂਡਮ ਲਈ ਆਪਣੇ ਪਲੇਟਫਾਰਮ ਦੀ ਇਜਾਜ਼ਤ ਨਹੀਂ ਦਿੱਤੀ ਸੀ। ਖਾਲਿਸਤਾਨ ਸਮਰਥਕ ਬ੍ਰਿਟੇਨ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਿੱਖ ਪ੍ਰਵਾਸੀਆਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਨਾਗਰਿਕਤਾ ਸਹਾਇਤਾ ਦਾ ਲਾਲਚ ਦਿੱਤਾ। ਨਾਲ ਹੀ ਰੈਫਰੈਂਡਮ ’ਚ ਹਿੱਸਾ ਲੈਣ ਲਈ ਪੈਸੇ ਵੀ ਦਿੱਤੇ ਸਨ। ਕੈਨੇਡਾ ’ਚ ਰਹਿੰਦੇ ਭਾਰਤੀਆਂ ਦਾ ਕਹਿਣਾ ਹੈ ਕਿ ਬਰੈਂਪਟਨ ’ਚ ਖਾਲਿਸਤਾਨੀ ਵਿਚਾਰਧਾਰਾ ਦੇ ਲੋਕਾਂ ਦੀ ਗਿਣਤੀ ਕੈਨੇਡਾ ਦੇ ਹੋਰਨਾਂ ਹਿੱਸਿਆਂ ਨਾਲੋਂ ਥੋੜ੍ਹੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਬਰੈਂਪਟਨ ਨੂੰ ਇਸ ਰੈਫਰੈਂਡਮ ਦਾ ਕੇਂਦਰ ਬਣਾਇਆ ਗਿਆ ਹੈ। ਬਰੈਂਪਟਨ ’ਚ ਰੈਫਰੈਂਡਮ ਨੂੰ ਲੈ ਕੇ ਵੱਡੇ-ਵੱਡੇ ਪੋਸਟਰ ਅਤੇ ਹੋਰਡਿੰਗਜ਼ ਵੀ ਲਾਏ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਯੋਜਨਾਂ ਨੂੰ ਕੈਨੇਡਾ ਸਰਕਾਰ ਇਜਾਜ਼ਤ ਦਿੰਦੀ ਹੈ, ਜੇਕਰ ਉਹ ਸ਼ਾਂਤੀਪੂਰਨ ਢੰਗ ਨਾਲ ਕਰਵਾਏ ਜਾਣ। ਹਾਲਾਂਕਿ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਮੁੱਠੀ ਭਰ ਲੋਕ ਹਨ, ਜੋ ਇਸ ਤਰ੍ਹਾਂ ਦੇ ਆਯੋਜਨ ਕਰਦੇ ਹਨ। ਇਸ ਤੋਂ ਪਹਿਲਾਂ ਬਰੈਂਪਟਨ ’ਚ ਹੀ ਆਜ਼ਾਦੀ ਦਿਵਸ ’ਤੇ ਕਈ ਵਾਰ ਤਿਰੰਗਾ ਯਾਤਰਾ ਵੀ ਕੱਢੀ ਗਈ ਹੈ। ਰੈਫਰੈਂਡਮ ਨੂੰ ਲੈ ਕੇ ਗੁਰਪਤਵੰਤ ਸਿੰਘ ਪੰਨੂ ਲੱਖਾਂ ਲੋਕਾਂ ਦਾ ਇਕੱਠ ਹੋਣ ਦਾ ਦਾਅਵਾ ਕਰਦਾ ਆਇਆ ਹੈ, ਜੋ ਝੂਠ ਸਾਬਤ ਹੋਏ ਹਨ।

Leave a Reply

Your email address will not be published.