ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦਾ ਅਮਰੀਕਾ ਢੁੱਕਵਾਂ ਜਵਾਬ ਦੇਣ ਲਈ ਤਿਆਰ: ਬਾਇਡਨ

ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦਾ ਅਮਰੀਕਾ ਢੁੱਕਵਾਂ ਜਵਾਬ ਦੇਣ ਲਈ ਤਿਆਰ: ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਾਸਕੋ ਨੂੰ ਜੰਗ ਤੋਂ ਪਿਛਾਂਹ ਹਟਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਯੂਕਰੇਨ ’ਤੇ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਢੁੱਕਵਾਂ ਜਵਾਬ ਦੇਣ ਲਈ ਤਿਆਰ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਾਰੀ ਰਹਿਣ ਦੇ ਵੇਰਵੇ ਦਿੰਦਿਆਂ ਬਾਇਡਨ ਨੇ ਕਿਹਾ ਕਿ ਭਾਵੇਂ ਜੋ ਕੁਝ ਮਰਜ਼ੀ ਹੋਵੇ ਪਰ ਅਮਰੀਕਾ ਹਰ ਹਾਲਤ ਲਈ ਤਿਆਰ ਹੈ। ਉਨ੍ਹਾਂ ਕਿਹਾ,‘‘ਅਸੀਂ ਯੂਰੋਪ ਅਤੇ ਪੂਰੀ ਦੁਨੀਆ ’ਚ ਸਥਿਰਤਾ ਤੇ ਸੁਰੱਖਿਆ ਲਈ ਰੂਸ ਅਤੇ ਆਪਣੇ ਭਾਈਵਾਲਾਂ ਨਾਲ ਕੂਟਨੀਤੀ ਲਈ ਤਿਆਰ ਹਾਂ। ਜੇਕਰ ਯੂਕਰੇਨ ’ਤੇ ਰੂਸੀ ਹਮਲਾ ਹੁੰਦਾ ਹੈ ਤਾਂ ਅਸੀਂ ਢੁੱਕਵਾਂ ਜਵਾਬ ਦੇਣ ਲਈ ਤਿਆਰ ਹਾਂ।’’ ਬਾਇਡਨ ਨੇ ਕਿਹਾ ਕਿ ਹਮਲੇ ਦੀ ਅਜੇ ਵੀ ਪੂਰੀ ਸੰਭਾਵਨਾ ਹੈ। ਇਸੇ ਕਰਕੇ ਉਹ ਵਾਰ ਵਾਰ ਅਮਰੀਕੀਆਂ ਨੂੰ ਯੂਕਰੇਨ ਛੱਡਣ ਲਈ ਆਖ ਰਹੇ ਹਨ।

ਬਾਇਡਨ ਨੇ ਕਿਹਾ ਕਿ ਹਮਲੇ ਦੇ ਖ਼ਦਸ਼ੇ ਕਾਰਨ ਹੀ ਅਮਰੀਕਾ ਦਾ ਸਫ਼ਾਰਤਖਾਨਾ ਕੀਵ ਤੋਂ ਬਦਲ ਕੇ ਪੋਲੈਂਡ ਦੀ ਸਰਹੱਦ ਨੇੜੇ ਲਵੀਵ ’ਚ ਆਰਜ਼ੀ ਤੌਰ ’ਤੇ ਤਬਦੀਲ ਕਰ ਲਿਆ ਗਿਆ ਹੈ। ਉਧਰ ਰੱਖਿਆ ਮੰਤਰੀ ਲੌਇਡ ਆਸਟਿਨ ਯੂਰੋਪ ’ਚ ਸੰਕਟ ਟਾਲਣ ਲਈ ਖ਼ਿੱਤੇ ਦੇ ਦੌਰੇ ਵਾਸਤੇ ਰਵਾਨਾ ਹੋ ਗਏ ਹਨ। ਯੂਕਰੇਨ ਨਾਲ ਲਗਦੀ ਸਰਹੱਦ ’ਤੇ ਡੇਢ ਲੱਖ ਰੂਸੀ ਫ਼ੌਜ ਦੀ ਤਾਇਨਾਤੀ ਦਾ ਦਾਅਵਾ ਕਰਦਿਆਂ ਬਾਇਡਨ ਨੇ ਕਿਹਾ ਕਿ ਅਮਰੀਕਾ ਅਜੇ ਵੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਵਾਸਤੇ ਤਿਆਰ ਹੈ। ਉਨ੍ਹਾਂ ਕਿਹਾ,‘‘ਰੂਸੀ ਰੱਖਿਆ ਮੰਤਰੀ ਨੇ ਅੱਜ ਕਿਹਾ ਹੈ ਕਿ ਕੁਝ ਫ਼ੌਜ ਯੂਕਰੇਨ ਸਰਹੱਦ ਨੇੜਿਉਂ ਪਰਤ ਗਈ ਹੈ।

ਜੇਕਰ ਇੰਜ ਹੋਇਆ ਤਾਂ ਇਹ ਬਹੁਤ ਵਧੀਆ ਗੱਲ ਹੈ ਪਰ ਅਸੀਂ ਇਸ ਦੀ ਅਜੇ ਤਸਦੀਕ ਨਹੀਂ ਕਰਦੇ ਹਾਂ। ਸਾਨੂੰ ਸੰਕੇਤ ਮਿਲ ਰਹੇ ਹਨ ਕਿ ਅਜੇ ਵੀ ਯੂਕਰੇਨ ਸਰਹੱਦ ’ਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਇਸ ਨਾਲ ਭਾਰੀ ਤਬਾਹੀ ਹੋਵੇਗੀ ਜਿਸ ਦੀ ਪੂਰੀ ਦੁਨੀਆ ਵੱਲੋਂ ਨਿਖੇਧੀ ਕੀਤੀ ਜਾਵੇਗੀ ਅਤੇ ਉਸ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ।

ਰੂਸ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਸਰਹੱਦ ਤੋਂ ਹੋਰ ਫ਼ੌਜ ਅਤੇ ਹਥਿਆਰ ਹਟਾ ਲਏ ਹਨ। ਯੂਕਰੇਨ ’ਤੇ ਹਮਲੇ ਦੀ ਯੋਜਨਾ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਇਸ ਖ਼ਬਰ ਨਾਲ ਮਾਹੌਲ ਕੁਝ ਸੁਖਾਵਾਂ ਬਣਿਆ ਹੈ। ਉਂਜ ਸਰਹੱਦ ਤੋਂ ਵੱਡੇ ਪੱਧਰ ’ਤੇ ਫ਼ੌਜਾਂ ਦੀ ਬੈਰਕਾਂ ’ਚ ਵਾਪਸੀ ਬਾਰੇ ਕੋਈ ਸੰਕੇਤ ਨਹੀਂ ਮਿਲੇ ਹਨ ਪਰ ਮਾਸਕੋ ਵੱਲੋਂ ਦਿਖਾਏ ਗਏ ਰਵੱਈਏ ਨਾਲ ਸ਼ਾਂਤੀ ਦੀ ਕੁਝ ਆਸ ਬੱਝੀ ਹੈ।

ਬੁੱਧਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਬਖ਼ਤਰਬੰਦ ਵਾਹਨਾਂ ਦੇ ਕ੍ਰੀਮੀਆ ਤੋਂ ਪਿੱਛੇ ਹਟਣ ਦਾ ਵੀਡੀਓ ਜਾਰੀ ਕੀਤਾ ਹੈ। ਇਕ ਦਿਨ ਪਹਿਲਾਂ ਮੰਤਰਾਲੇ ਨੇ ਕਿਹਾ ਸੀ ਕਿ ਯੂਕਰੇਨ ਨੇੜੇ ਫ਼ੌਜੀ ਮਸ਼ਕਾਂ ਮਗਰੋਂ ਜਵਾਨਾਂ ਦੀ ਬੈਰਕਾਂ ’ਚ ਵਾਪਸੀ ਸ਼ੁਰੂ ਹੋ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਸੰਕਟ ਦੇ ਹੱਲ ਲਈ ਕੂਟਨੀਤਕ ਰਾਹ ਦੇ ਸੰਕੇਤ ਦਿੱਤੇ ਸਨ। ਉਂਜ ਪੂਤਿਨ ਨੇ ਕਿਹਾ ਹੈ ਕਿ ਫ਼ੌਜ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਆਉਂਦੇ ਦਿਨਾਂ ’ਚ ਪੈਦਾ ਹੋਣ ਵਾਲੇ ਹਾਲਾਤ ’ਤੇ ਨਿਰਭਰ ਕਰੇਗੀ।

Leave a Reply

Your email address will not be published.