ਰਾਹੁਲ ਦੇ ਸੱਦੇ ‘ਤੇ ਇਕੱਠੀਆਂ ਹੋਈਆਂ 14 ਪਾਰਟੀਆਂ

Home » Blog » ਰਾਹੁਲ ਦੇ ਸੱਦੇ ‘ਤੇ ਇਕੱਠੀਆਂ ਹੋਈਆਂ 14 ਪਾਰਟੀਆਂ
ਰਾਹੁਲ ਦੇ ਸੱਦੇ ‘ਤੇ ਇਕੱਠੀਆਂ ਹੋਈਆਂ 14 ਪਾਰਟੀਆਂ

ਨਵੀਂ ਦਿੱਲੀ / ਚਰਚਾਵਾਂ ਤੋਂ ਸੱਖਣੇ ਸੰਸਦ ਦੇ ਮੌਨਸੂਨ ਇਜਲਾਸ ‘ਚ ਮੰਗਲਵਾਰ ਨੂੰ ਦੋਵਾਂ ਸਦਨਾਂ ਤੋਂ ਪਰੇ ਚਰਚਾਵਾਂ ਦੇ ਦੌਰ ਚੱਲਦੇ ਨਜ਼ਰ ਆਏ, ਜਿੱਥੇ ਸਰਕਾਰ ਅਤੇ ਵਿਰੋਧੀ ਧਿਰਾਂ ਵੱਖੋ-ਵੱਖਰੇ ਤੌਰ ‘ਤੇ ਇਕ-ਦੂਜੇ ਨੂੰ ਕੇਂਦਰ ‘ਚ ਰੱਖਦਿਆਂ ਬੈਠਕਾਂ ਕਰ ਰਹੇ ਸਨ |

ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਵਿਰੋਧੀ ਧਿਰਾਂ ਨੇ ਸੰਸਦ ਭਵਨ ਦੇ ਨੇੜੇ ‘ਸੰਵਿਧਾਨ ਕਲੱਬ’ ‘ਚ ਨਾਸ਼ਤੇ ‘ਤੇ ਸਰਕਾਰ ਦੀ ਘੇਰਾਬੰਦੀ ਲਈ ਬੈਠਕ ਕੀਤੀ, ਜਦਕਿ ਤਕਰੀਬਨ ਉਸੇ ਹੀ ਸਮੇਂ ਸੱਤਾ ਧਿਰ ਭਾਜਪਾ ਵੀ ਸੰਸਦ ਭਵਨ ਦੇ ਅੰਦਰ ਪਾਰਟੀ ਦੇ ਸੰਸਦੀ ਦਲ ਦੇ ਨੇਤਾਵਾਂ ਦੀ ਬੈਠਕ ‘ਚ ਸੰਸਦ ਦੇ ਹੰਗਾਮਿਆਂ ਲਈ ਵਿਰੋਧੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਜ਼ਰ ਆਈ | ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਨਾ ਚੱਲਣ ਦੇਣਾ ਲੋਕਤੰਤਰ ਅਤੇ ਜਨਤਾ ਦਾ ਅਪਮਾਨ ਹੈ | ਸੱਤਾ ਧਿਰ ਅਤੇ ਵਿਰੋਧੀ ਧਿਰਾਂ ਦੇ ਇਨ੍ਹਾਂ ਇਲਜ਼ਾਮਾਂ ਦੇ ਸਿਲਸਿਲੇ ਤੋਂ ਬਾਅਦ ਸ਼ੁਰੂ ਹੋਈ ਸੰਸਦ ਦੀ ਕਾਰਵਾਈ ‘ਚ ਹੰਗਾਮੇ ਅਤੇ ਨਾਅਰੇਬਾਜ਼ੀ ਦਾ ਦੌਰ ਉਂਝ ਹੀ ਜਾਰੀ ਰਿਹਾ | ਹੰਗਾਮਿਆਂ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ | ਸੰਸਦ ਦੇ ਦੋਵਾਂ ਸਦਨਾਂ ‘ਚ ਹੰਗਾਮਿਆਂ ਦੌਰਾਨ ਹੀ ਸਰਕਾਰ ਨੇ ਰਾਜ ਸਭਾ ‘ਚੋਂ ਦੀਵਾਲੀਆ ਕਾਨੂੰਨ ‘ਤੇ ਸੋਧ ਬਿੱਲ ਅਤੇ ਲੋਕ ਸਭਾ ‘ਚ ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ-2021 ਅਤੇ ਟਿ੍ਬਿਊਨਲ ਸੁਧਾਰ ਬਿੱਲ-2021 ਪਾਸ ਕਰਵਾ ਲਏ |

ਰਾਹੁਲ ਵਲੋਂ ਬੈਠਕ ਸਰਕਾਰ ਦੇ ਖ਼ਿਲਾਫ਼ ਇਕਜੁੱਟਤਾ ਦਾ ਵਿਖਾਵਾ ਕਰਦਿਆਂ ਕਾਂਗਰਸ ਦੀ ਅਗਵਾਈ ਹੇਠ 14 ਵਿਰੋਧੀ ਪਾਰਟੀਆਂ ਨੇ ‘ਸੰਵਿਧਾਨ ਕਲੱਬ’ ‘ਚ ਬੈਠਕ ਕੀਤੀ | ਰਾਹੁਲ ਗਾਂਧੀ ਵਲੋਂ ਨਾਸ਼ਤੇ ‘ਤੇ ਸੱਦੀ ਇਹ ਬੈਠਕ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਣੀ ਨਿਸਚਿਤ ਹੋਈ ਸੀ ਪਰ ਬਾਅਦ ‘ਚ ਸੰਸਦ ਭਵਨ ਦੇ ਨੇੜੇ ਹੋਣ ਕਾਰਨ ਬੈਠਕ ਲਈ ਕਲੱਬ ਨੂੰ ਚੁਣਿਆ ਗਿਆ | ਇਸ ਬੈਠਕ ‘ਚ ਕਾਂਗਰਸ, ਟੀ.ਐੱਮ.ਸੀ., ਐੱਨ.ਸੀ.ਪੀ., ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਕਮਿਊਨਿਸਟ ਪਾਰਟੀ, ਮਾਰਕਸੀ ਪਾਰਟੀ, ਆਈ. ਯੂ. ਐੱਮ. ਐੱਲ., ਆਰ.ਐੱਸ.ਪੀ., ਕੇਰਲ ਕਾਂਗਰਸ (ਐੱਮ), ਝਾਰਖੰਡ ਮੁਕਤੀ ਮੋਰਚਾ, ਨੈਸ਼ਨਲ ਕਾਨਫ਼ਰੰਸ ਅਤੇ ਲੋਕਤੰਤਰਿਕ ਜਨਤਾ ਦਲ ਦੇ ਆਗੂ ਸ਼ਾਮਿਲ ਹੋਏ | ਹਾਲਾਂਕਿ ਇਸ ਮੀਟਿੰਗ ‘ਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹਿੱਸਾ ਨਹੀਂ ਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੰਸਦ ਦੇ ਅੰਦਰ ਵੀ ਵਿਰੋਧੀ ਧਿਰਾਂ ਵਲੋਂ ਇਕ ਸਾਂਝੀ ਰਣਨੀਤਕ ਬੈਠਕ ਕੀਤੀ ਗਈ ਸੀ |

ਪਿਛਲੇ ਹਫ਼ਤੇ ਹੋਈ ਬੈਠਕ ‘ਚ ਤਿ੍ਣਮੂਲ ਕਾਂਗਰਸ ਸ਼ਾਮਿਲ ਨਹੀਂ ਹੋਈ ਸੀ, ਜਦਕਿ ਇਸ ਵਾਰ ਆਮ ਆਦਮੀ ਪਾਰਟੀ ਇਸ ‘ਚ ਸ਼ਾਮਿਲ ਨਹੀਂ ਹੋਈ | ਮੀਟਿੰਗ ‘ਚ ਰਾਹੁਲ ਗਾਂਧੀ ਨੇ ਇਕਜੁੱਟ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਭ ਤੋਂ ਅਹਿਮ ਹੈ ਕਿ ਅਸੀਂ ਆਪਣੀ ਤਾਕਤ ਨੂੰ ਇਕਜੁੱਟ ਕਰੀਏ | ਜਿੰਨੀ ਜ਼ਿਆਦਾ ਲੋਕਾਂ ਦੀ ਆਵਾਜ਼ ਇਕਜੁੱਟ ਹੋਵੇਗੀ Eਨਾ ਹੀ ਜ਼ਿਆਦਾ ਪ੍ਰਭਾਵੀ ਹੋਵੇਗੀ ਅਤੇ ਭਾਜਪਾ-ਆਰ.ਐੱਸ.ਐੱਸ. ਲਈ ਇਸ ਨੂੰ ਦਬਾਉਣਾ Eਨਾ ਹੀ ਮੁਸ਼ਕਿਲ ਹੋਵੇਗਾ | ਇਸ ਬੈਠਕ ਦਾ ਮਕਸਦ ਸਾਰੀਆਂ ਵਿਰਧੀ ਪਾਰਟੀਆਂ ਨੂੰ ਇਕਜੁੱਟ ਰੱਖਦਿਆਂ ਪੈਗਾਸਸ ਜਾਸੂਸੀ ਕਾਂਡ ਜਿਹੇ ਮੁੱਦਿਆਂ ‘ਤੇ ਸੰਸਦ ‘ਚ ਸਰਕਾਰ ਦੀ ਘੇਰਾਬੰਦੀ ਕਰਨ ਦੀ ਰਣਨੀਤੀ ਤਿਆਰ ਕਰਨਾ ਸੀ | ਖੱਬੇਪੱਖੀ ਪਾਰਟੀਆਂ ਵਲੋਂ ਸੰਸਦ ਦੇ ਬਾਹਰ ‘ਸਮਾਂਤਰ ਸੰਸਦ’ ਚਲਾਉਣ ਦਾ ਬਦਲ ਵੀ ਰੱਖਿਆ ਗਿਆ ਸੀ ਪਰ ਬਾਕੀ ਪਾਰਟੀਆਂ ਵਲੋਂ ਇਸ ਸੁਝਾਅ ਨੂੰ ਖਾਸ ਹੁੰਗਾਰਾ ਨਹੀਂ ਦਿੱਤਾ ਗਿਆ |

ਮਹਿੰਗਾਈ ਖ਼ਿਲਾਫ਼ ਕੀਤਾ ਸਾਈਕਲ ਮਾਰਚ ਵਿਰੋਧੀ ਧਿਰਾਂ ਵਲੋਂ ਸਵੇਰੇ ਕੀਤੀ ਬੈਠਕ ਤੋਂ ਬਾਅਦ ਸੰਸਦ ਭਵਨ ਤੱਕ ਸਾਈਕਲ ਮਾਰਚ ਵੀ ਕੀਤਾ ਗਿਆ | ਮਾਰਚ ਦੌਰਾਨ ਸੰਸਦ ਮੈਂਬਰ ਰਸੋਈ ਗੈਸ ਦੀ ਵਧੀ ਕੀਮਤ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆਏ | ਜ਼ਿਕਰਯੋਗ ਹੈ ਕਿ ਮੌਨਸੂਨ ਇਜਲਾਸ ‘ਚ ਵਿਰੋਧੀ ਧਿਰਾਂ ਵਲੋਂ ਪੈਗਾਸਸ ਜਾਸੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਲਗਾਤਾਰ ਸਰਕਾਰ ਦੀ ਘੇਰਾਬੰਦੀ ਕੀਤੀ ਜਾਂਦੀ ਰਹੀ ਹੈ ਪਰ ਮਹਿੰਗਾਈ ਦੇ ਮੁੱਦੇ ‘ਤੇ ਇਸ ਇਜਲਾਸ ਦੌਰਾਨ ਪਹਿਲੀ ਵਾਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਗਿਆ | ਅੱਜ ਰਾਹੁਲ ਗਾਂਧੀ ਦੀ ਸਾਈਕਲ ‘ਤੇ ਪੋਸਟਰ ਲੱਗੇ ਨਜ਼ਰ ਆਏ ਜਿਸ ‘ਚ ਇਕ ‘ਤੇ ਰਸੋਈ ਗੈਸ ਦੀ 834 ਰੁਪਏ ਦੀ ਕੀਮਤ ਦਿਖਾ ਕੇ ਅੱਛੇ ਦਿਨ ‘ਤੇ ਸਵਾਲੀਆ ਨਿਸ਼ਾਨ ਲੱਗਾ ਸੀ, ਜਦਕਿ ਦੂਜੇ ਪੋਸਟਰ ‘ਚ ਪੈਟਰੋਲ ਦੀਆਂ ਕੀਮਤਾਂ ‘ਤੇ ਸਵਾਲ ਉਠਾਏ ਗਏ ਸੀ | ਰਾਹੁਲ ਦੇ ਨਾਲ ਕੁਝ ਹੋਰ ਆਗੂ ਵੀ ਸਾਈਕਲ ‘ਤੇ ਸੰਸਦ ਪਹੁੰਚੇ, ਜਿਨ੍ਹਾਂ ‘ਚ ਕੇ.ਸੀ. ਵੇਨੂਗੋਪਾਲ, ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਮਨੋਜ ਝਾਅ ਅਤੇ ਕਲਿਆਣ ਬੈਨਰਜੀ ਵੀ ਸ਼ਾਮਿਲ ਸਨ |

ਦੋਹਾਂ ਸਦਨਾਂ ‘ਚ ਜਾਰੀ ਰਿਹਾ ਹੰਗਾਮਾ ਸਰਕਾਰ ਨੇ ਹੰਗਾਮਿਆਂ ਦੌਰਾਨ ਹੀ ਲੋਕ ਸਭਾ ‘ਚ ਦੋ ਅਤੇ ਰਾਜ ਸਭਾ ‘ਚ ਇਕ ਬਿੱਲ ਪਾਸ ਕਰਵਾ ਲਿਆ | ਲੋਕ ਸਭਾ ‘ਚ ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ 2021 ਅਤੇ ਟਿ੍ਬਿਊਨਲ ਸੁਧਾਰ ਬਿੱਲ-2021 ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰਵਾ ਲਿਆ ਗਿਆ | ਲੋੜੀਂਦੀਆਂ ਰੱਖਿਆ ਸੇਵਾਵਾਂ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਜਦੋਂ ਕੇਂਦਰ ਵਲੋਂ ਲੋਕ ਸਭਾ ‘ਚ ਲਿਆਂਦਾ ਗਿਆ ਤਾਂ ਵਿਰੋਧੀ ਧਿਰ ਨੇ ਇਸ ਨੂੰ ਤਾਨਾਸ਼ਾਹੀ ਬਿੱਲ ਕਰਾਰ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਤੋਂ ਉਨ੍ਹਾਂ ਦੇ ਲੋਕਤੰਤਰਿਕ ਹੱਕ ਖੋਹੇ ਜਾ ਰਹੇ ਹਨ | ਸਦਨ ‘ਚ ਮੌਜੂਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ‘ਤੇ ਸੰਖੇਪ ਜਿਹਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰੀਆਂ ਮੁਲਾਜ਼ਮ ਯੂਨੀਅਨਾਂ ਨੂੰ ਭਰੋਸੇ ‘ਚ ਲੈ ਕੇ ਹੀ ਇਹ ਬਿੱਲ ਪਾਸ ਕਰਨ ਲਈ ਲਿਆਂਦਾ ਹੈ, ਜਦਕਿ ਸਰਕਾਰ ਰਾਜ ਸਭਾ ‘ਚ ਦੀਵਾਲੀਆ ਕਾਨੂੰਨ ‘ਤੇ (ਸੋਧ) ਬਿੱਲ ਵੀ ਪਾਸ ਹੋ ਗਿਆ | ਸੰਸਦ ਦੇ ਦੋਵਾਂ ਸਦਨਾਂ ‘ਚ ਵਿਰੋਧੀ ਧਿਰਾਂ ਵਲੋਂ ਨਾਅਰੇਬਾਜ਼ੀ ਜਾਰੀ ਰਹੀ ਜਿਸ ਕਾਰਨ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |

ਖੇਤੀਬਾੜੀ ਮੰਤਰੀ ਖ਼ਿਲਾਫ਼ ਗੂੰਜੇ ਨਾਅਰੇ ਲੋਕ ਸਭਾ ‘ਚ ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਉਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦਾ ਜਵਾਬ ਦੇਣ ਲਈ ਖੜੇ੍ਹ ਹੋਏ | ਜਦੋਂ ਭਾਜਪਾ ਮੈਂਬਰ ਰਾਜੀਵ ਪ੍ਰਤਾਪ ਰੂਡੀ ਵਲੋਂ ਆਪਣੇ ਪੁੱਛੇ ਸਵਾਲਾਂ ਦੇ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਪਾਏ ਤਾਂ ਤੋਮਰ ਜਵਾਬ ਦੇਣ ਲਈ ਖੜ੍ਹੇ ਹੋਏ ਉਸ ਸਮੇਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਡਿੰਪਾ ਨੇ ਤੋਮਰ ਨੂੰ 500 ਕਿਸਾਨਾਂ ਦਾ ਹਤਿਆਰਾ ਕਰਾਰ ਦਿੰਦਿਆਂ ਮੁਰਦਾਬਾਦ ਦੇ ਨਾਅਰੇ ਲਾਏ, ਜਿਸ ਤੋਂ ਬਾਅਦ ਬਾਕੀ ਸੰਸਦ ਮੈਂਬਰ ਵੀ ਨਾਅਰੇਬਾਜ਼ੀ ਕਰਨ ਲੱਗੇ |

Leave a Reply

Your email address will not be published.