ਰਾਵਤ ਵਲੋਂ ਕੈਪਟਨ ਨਾਲ ਮੁਲਾਕਾਤ

Home » Blog » ਰਾਵਤ ਵਲੋਂ ਕੈਪਟਨ ਨਾਲ ਮੁਲਾਕਾਤ
ਰਾਵਤ ਵਲੋਂ ਕੈਪਟਨ ਨਾਲ ਮੁਲਾਕਾਤ


• ਖੇਤੀ ਕਾਨੂੰਨਾਂ, ਬਰਗਾੜੀ, ਬਿਜਲੀ ਸਮਝੌਤਿਆਂ ਸਮੇਤ ਕਈ ਮੁੱਦਿਆਂ ‘ਤੇ ਚਰਚ • ਮੁੱਖ ਮੰਤਰੀ ਨੂੰ ਬਿਜਲੀ ਬਿੱਲਾਂ ‘ਚ ਹਰ ਸੰਭਵ ਰਾਹਤ ਦੇਣ ਲਈ ਉਪਰਾਲੇ ਕਰਨ ਨੂੰ ਕਿਹਾ-ਰਾਵਤ

ਚੰਡੀਗੜ੍ਹ / ਪੰਜਾਬ ਕਾਂਗਰਸ ‘ਚ ਚੱਲ ਰਹੀ ਖਾਨਾਜੰਗੀ ਵਿਚਾਲੇ ਅੱਜ ਕਾਂਗਰਸ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ | ਕੈਪਟਨ ਦੇ ਸਿਸਵਾਂ ਫਾਰਮ ਹਾਊਸ ‘ਤੇ ਦੋਵਾਂ ਆਗੂਆਂ ਨੇ 2 ਘੰਟੇ ਤੋਂ ਜ਼ਿਆਦਾ ਸਮਾਂ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ | ਹਰੀਸ਼ ਰਾਵਤ ਕੁਝ ਫਾਈਲਾਂ ਲੈ ਕੇ ਪੁੱਜੇ ਸਨ ਤੇ ਕੈਪਟਨ ਨੇ ਵੀ ਕੁਝ ਫਾਈਲਾਂ ਰਾਵਤ ਨੂੰ ਦਿੱਤੀਆਂ | ਇਸ ਮੌਕੇ ਪਾਰਟੀ ‘ਚ ਚੱਲ ਰਹੀ ਖਾਨਾਜੰਗੀ ਨੂੰ ਲੈ ਕੇ ਹੋਈ ਕੈਪਟਨ ਨੇ ਕਿਹਾ ਕਿ ਮੈਂ ਹਰ ਕਿਸੇ ਨਾਲ ਪਾਰਟੀ ਦੇ ਹਿੱਤ ‘ਚ ਚੱਲਣ ਲਈ ਤਿਆਰ ਹਾਂ ਤੇ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ, ਪਰ ਇਕ-ਦੂਜੇ ਖਿਲਾਫ਼ ਜਨਤਕ ਬਿਆਨਬਾਜ਼ੀ ਕਰਨ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ | ਕੈਪਟਨ ਨੇ ਰਾਵਤ ਨੂੰ ਦੱਸਿਆ ਕਿ 18 ਨੁਕਾਤੀ ਪ੍ਰੋਗਰਾਮ ਤਹਿਤ ਲੋਕਾਂ ਨਾਲ ਕੀਤੇ ਬਹੁਤੇ ਵਾਅਦੇ ਪੂਰੇ ਕਰ ਲਏ ਹਨ ਅਤੇ ਜੋ ਰਹਿ ਗਏ ਹਨ ਉਹ ਵੀ ਜਲਦੀ ਪੂਰੇ ਕਰ ਲਏ ਜਾਣਗੇ | ਮੀਟਿੰਗ ਮਗਰੋਂ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਕੋਲ ਇਹ ਜਾਣਨ ਆਇਆ ਸੀ ਕਿ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ 18 ਨੁਕਾਤੀ ਪ੍ਰੋਗਰਾਮ ‘ਤੇ ਜੋ ਕੰਮ ਕਰਨ ਲਈ ਕਿਹਾ ਗਿਆ ਉਸ ‘ਤੇ ਅਸੀਂ ਐਕਸ਼ਨ ਚਾਹੁੰਦੇ ਹਾਂ |

ਇਨ੍ਹਾਂ ਮੁੱਦਿਆਂ ‘ਚ ਬਰਗਾੜੀ ਦਾ ਮੁੱਦਾ ਵੀ ਸੀ, ਜੋ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ | ਉਸ ਮਾਮਲੇ ‘ਤੇ ਹਾਈਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ, ਪਰ ਮੈਂ ਮੱੁਖ ਮੰਤਰੀ ਨੂੰ ਕਿਹਾ ਹੈ ਕਿ ਕਾਨੂੰਨੀ ਤੌਰ ‘ਤੇ ਹੋਰ ਜੋ ਵੀ ਸੰਭਵ ਤਰੀਕੇ ਨਾਲ ਹੋ ਸਕਦਾ ਹੈ, ਸਰਕਾਰ ਵਲੋਂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਦੂਜਾ ਮੁੱਦਾ ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨ ਨੂੰ ਰੱਦ ਕਰਨ ਦਾ ਸੀ, ਜਿਸ ‘ਤੇ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਇਸ ਸਬੰਧ ਵਿਚ ਉਹ ਅਤੇ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਕਾਫ਼ੀ ਸਰਗਰਮ ਹੈ ਅਤੇ ਇਸ ਸਬੰਧੀ ਸਰਕਾਰ ਵਲੋਂ ਲਿਆਂਦੇ ਕਾਨੂੰਨ ਦੇ ਆਧਾਰ ‘ਤੇ ਕਈ ਹੋਰ ਸਰਕਾਰਾਂ ਵਲੋਂ ਵੀ ਕਾਨੂੰਨ ਬਣਾਏ ਗਏ | ਰਾਵਤ ਨੇ ਕਿਹਾ ਕਿ ਇਸ ਮਾਮਲੇ ‘ਚ ਸਰਕਾਰ ਵਲੋਂ ਕਾਨੂੰਨ ਪਾਸ ਕਰਨ ਲਈ ਰਾਜਪਾਲ ਕੋਲ ਫਾਈਲ ਭੇਜੀ ਗਈ, ਪਰ ਰਾਜਪਾਲ ਬੈਠੇ ਰਹਿ ਗਏ ਅਤੇ ਉਨ੍ਹਾਂ ਦੇ ਆਕਾਵਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਉੱਤੇ ਕੁਝ ਨਾ ਕਰਨ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਇਸ ਮਾਮਲੇ ‘ਚ ਇਕ ਵਾਰ ਫਿਰ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇ ਅਤੇ ਰਾਜਨੀਤਕ ਤੇ ਕਾਨੂੰਨੀ ਦਬਾਅ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਫੁਲਾਵਰ ਡਰੱਗਜ਼ ਮੁੱਦੇ ‘ਤੇ ਚਰਚਾ ਹੋਈ | ਪੰਜਾਬ ਸਰਕਾਰ ਨੇ ਇਸ ਮਾਮਲੇ ‘ਚ ਵੱਡੇ ਕਦਮ ਚੁੱਕੇ ਹਨ, ਵੱਡੇ ਪੱਧਰ ‘ਤੇ ਡਰੱਗ ਖ਼ਿਲਾਫ਼ ਲੜਾਈ ਲੜੀ ਹੈ |

ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਉਪਰਾਲੇ ਜਾਰੀ ਰੱਖੇ ਜਾਣ ਜੋ ਸੂਬੇ ‘ਚੋਂ ਡਰੱਗ ਮਾਫੀਆ ਨੂੰ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਸਮਝੌਤਿਆਂ ‘ਤੇ ਵੀ ਚਰਚਾ ਹੋਈ ਹੈ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਬਿਜਲੀ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਦੇਣਾ ਹੋਵੇਗਾ ਕਿ ਬਿਜਲੀ ਦੇ ਰੇਟ ਘਟਾਉਣੇ ਪੈਣਗੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਅਤੇ ਆਮ ਖਪਤਕਾਰਾਂ ਨੂੰ ਸਸਤੀ ਬਿਜਲੀ ਸਬੰਧੀ ਰਾਹਤ ਦਿੱਤੀ ਜਾ ਸਕੇ | ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਮੁੱਦੇ ‘ਤੇ ਹਰ ਸੰਭਵ ਤਰੀਕੇ ਰਾਹੀਂ ਕੋਈ ਹੱਲ ਕੱਢ ਕੇ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਹਾਲਾਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਸਮਝੌਤੇ ਰੱਦ ਕਰਨੇ ਬੜੇ ਗੁੰਝਲਦਾਰ ਤੇ ਔਖੇ ਹਨ, ਪਰ ਫਿਰ ਵੀ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਸਾਵਧਾਨੀ ਪੂਰਵਕ ਕੁਝ ਅਜਿਹਾ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਮੰਤਰੀਆਂ ਵਲੋਂ ਕੈਪਟਨ ਖਿਲਾਫ਼ ਕੀਤੀ ਬਗਾਵਤ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੰਤਰੀਆਂ ਨੇ ਉਨ੍ਹਾਂ ਨਾਲ ਦੇਹਰਾਦੂਨ ਵਿਖੇ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਵਲੋਂ ਮੁੱਖ ਮੰਤਰੀ ਨੂੰ ਮੰਤਰੀਆਂ ਦੀ ਨਾਰਾਜ਼ਗੀ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਹੁਣ ਮੁੱਖ ਮੰਤਰੀ ਹੀ ਇਸ ਬਾਰੇ ਦੇਖਣਗੇ ਕੀ ਕਰਨਾ ਹੈ |

ਨਵਜੋਤ ਸਿੰਘ ਸਿੱਧੂ ਦਿੱਲੀ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਨ੍ਹਾਂ ਨੂੰ ਕੋਈ ਕੰਮ ਹੋਵੇ | ਰਾਵਤ ਨੇ ਕਿਹਾ ਕਿ ਕੈਪਟਨ ਨਾਲ ਹੋਈ ਮੁਲਾਕਾਤ ਅਤੇ ਇਸ ਦੌਰਾਨ ਮੁੱਦਿਆਂ ‘ਤੇ ਹੋਈ ਚਰਚਾ ਬਾਰੇ ਉਹ ਹਾਈਕਮਾਨ ਨੂੰ ਜਲਦੀ ਰਿਪੋਰਟ ਸੌਂਪ ਦੇਣਗੇ | ਰਾਵਤ ਨੇ ਕਿਹਾ ਕਿ ਮੈਂ ਅਗਲੇ ਦੌਰੇ ‘ਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਯੁਕਤ ਮੀਟਿੰਗ ਕਰਾਂਗਾ | ਇਸ ਵਿਚ ਦੋਨਾਂ ਵਿਚਾਲੇ ਜੋ ਗਿਲੇ-ਸ਼ਿਕਵੇ ਹਨ ਉਨ੍ਹਾਂ ਨੂੰ ਸਾਹਮਣੇ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕੀ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਹੋਰ ਪਾਰਟੀ ਆਗੂਆਂ ਨਾਲ ਵੀ ਗੱਲਬਾਤ ਹੋਈ ਹੈ, ਜਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਪਾਰਟੀ ‘ਚ ਵਿਵਾਦ ਨਹੀਂ, ਸਗੋਂ ਪਾਰਟੀ ਤੇ ਸਰਕਾਰ ‘ਚ ਤਾਲਮੇਲ ਦੀ ਕਮੀ ਹੈ |

ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਹਨ, ਮੇਰੇ ਨਾਲ ਸਿੱਧੇ ਕਰ ਸਕਦੇ ਹਨ ਗੱਲ-ਕੈਪਟਨ ਕੈਪਟਨ ਨੇ ਰਾਵਤ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੀ.ਪੀ.ਸੀ.ਸੀ. ਚੀਫ਼ ਹਨ | ਜੇਕਰ ਸਰਕਾਰ ਪ੍ਰਤੀ ਉਨ੍ਹਾਂ ਦੀ ਕੋਈ ਨਾਰਾਜ਼ਗੀ ਹੈ, ਤਾਂ ਸਿੱਧੇ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹਨ | ਪਰ ਉਹ ਅਜਿਹਾ ਨਾ ਕਰਕੇ ਜਨਤਕ ਤੌਰ ‘ਤੇ ਕੁਝ ਮੁੱਦਿਆਂ ਨੂੰ ਲਗਾਤਾਰ ਉਠਾ ਰਹੇ ਹਨ, ਇਸ ਨਾਲ ਪਾਰਟੀ ਅਤੇ ਸਰਕਾਰ ਦੋਵਾਂ ਦਾ ਨੁਕਸਾਨ ਹੋਵੇਗਾ | ਜੇਕਰ ਸਿੱਧੂ ਮੇਰੇ ਨਾਲ ਗੱਲ ਕਰਦੇ ਹਨ ਤਾਂ ਮੈਂ ਠੀਕ ਜਾਣਕਾਰੀ ਉਪਲੱਬਧ ਕਰਾ ਸਕਦਾ ਹਾਂ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਕੀ ਕਰ ਰਹੀ ਹੈ |

ਕਈ ਹੋਰ ਵਿਧਾਇਕ ਵੀ ਰਾਵਤ ਨੂੰ ਮਿਲੇ ਇਸੇ ਦੌਰਾਨ ਅੱਜ ਕਈ ਹੋਰ ਪਾਰਟੀ ਵਿਧਾਇਕ ਵੀ ਹਰੀਸ਼ ਰਾਵਤ ਨੂੰ ਮਿਲੇ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਰਾਵਤ ਨੂੰ ਕਿਹਾ ਕਿ ਪਾਰਟੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਇਸ ਖਾਨਾਜੰਗੀ ਨੂੰ ਜਲਦ ਨਾ ਨਜਿੱਠਿਆ ਗਿਆ ਤਾਂ ਪਾਰਟੀ ਨੂੰ ਆਉਂਦੀਆਂ ਚੋਣਾਂ ‘ਚ ਨੁਕਸਾਨ ਹੋਵੇਗਾ | ਰਾਵਤ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਭ ਠੀਕ ਹੋ ਜਾਵੇਗਾ |

Leave a Reply

Your email address will not be published.