ਰਾਜ ਸਭਾ ‘ਚ ਵੀ ਪਾਸ ਹੋਇਆ ਚੋਣ ਸੁਧਾਰ ਬਿੱਲ

Home » Blog » ਰਾਜ ਸਭਾ ‘ਚ ਵੀ ਪਾਸ ਹੋਇਆ ਚੋਣ ਸੁਧਾਰ ਬਿੱਲ
ਰਾਜ ਸਭਾ ‘ਚ ਵੀ ਪਾਸ ਹੋਇਆ ਚੋਣ ਸੁਧਾਰ ਬਿੱਲ

ਨਵੀਂ ਦਿੱਲੀ / ਵਿਰੋਧੀ ਧਿਰਾਂ ਦੇ ਇਤਰਾਜ਼ਾਂ ਦੇ ਬਾਵਜੂਦ ਮੰਗਲਵਾਰ ਨੂੰ ਰਾਜ ਸਭਾ ‘ਚੋਂ ਵੀ ਵੋਟਰ ਕਾਰਡ ਨਾਲ ਆਧਾਰ ਕਾਰਡ ਜੋੜਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਤੋਂ ਬਾਅਦ ਸਰਕਾਰ ਸੰਸਦ ਦੇ ਸਰਦ ਰੱਤ ਦਾ ਇਜਲਾਸ ਅੱਜ ਭਾਵ ਬੁੱਧਵਾਰ ਨੂੰ ਹੀ ਖ਼ਤਮ ਕਰਨ ਦਾ ਐਲਾਨ ਕਰ ਸਕਦੀ ਹੈ ।

ਪਹਿਲਾਂ ਤੋਂ ਨਿਸਚਿਤ ਕੀਤੀ ਮਿਆਦ ਮੁਤਾਬਿਕ ਇਜਲਾਸ ਦੀ ਆਖਰੀ ਬੈਠਕ ਵੀਰਵਾਰ ਨੂੰ ਹੋਣੀ ਸੀ । ਹਲਕਿਆਂ ਮੁਤਾਬਿਕ ਚੋਣ ਸੁਧਾਰ ਬਿੱਲ ਦੋਵਾਂ ਸਦਨਾਂ ‘ਚੋਂ ਪਾਸ ਹੋਣ ਤੋਂ ਬਾਅਦ ਸਰਕਾਰ ਦੀ ਵਿਧਾਈ ਏਜੰਡਾ ਤਕਰੀਬਨ ਮੁਕੰਮਲ ਹੋ ਗਿਆ ਹੈ । ਇਸ ਦੌਰਾਨ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਅੜਿੱਕਾ ਖ਼ਤਮ ਹੋਣ ਦੇ ਕੋਈ ਅਸਾਰ ਨਜ਼ਰ ਨਾ ਆਉਣ ਕਾਰਨ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ । ਹਲਕਿਆਂ ਮੁਤਾਬਿਕ 12 ਸੰਸਦ ਮੈਂਬਰਾਂ ਦੀ ਮੁਅੱਤਲੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਬਰਖਾਸਤਗੀ ਨੂੰ ਲੈ ਕੇ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਸਰਕਾਰ ਵਲੋਂ ਭੇਜੇ ਕਿਸੇ ਵੀ ਪ੍ਰਸਤਾਵ ‘ਤੇ ਸਹਿਮਤ ਹੋਣ ਨੂੰ ਰਾਜ਼ੀ ਨਹੀਂ ਹਨ ਅਤੇ ਸਰਕਾਰ ਵੀ ਵਿਰੋਧੀ ਧਿਰਾਂ ਲਈ ਹੋਰ ਲਚਕੀਲਾ ਰੁਖ ਅਖਤਿਆਰ ਕਰਨ ਲਈ ਤਿਆਰ ਨਹੀਂ ਹੈ, ਜਿਸ ਕਾਰਨ ਇਜਲਾਸ ਨੂੰ ਇਕ ਦਿਨ ਪਹਿਲਾਂ ਖ਼ਤਮ ਕੀਤਾ ਜਾ ਸਕਦਾ ਹੈ । ਵਿਰੋਧੀ ਧਿਰਾਂ ਦੇ ਤਿੱਖੇ ਇਤਰਾਜ਼ਾਂ ਅਤੇ ਸਦਨ ‘ਚੋਂ ਵਾਕਆਊਟ ਦਰਮਿਆਨ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਵਾਲਾ ਚੋਣ ਕਾਨੂੰਨ (ਸੋਧ) ਬਿੱਲ 2021 ਮੰਗਲਵਾਰ ਨੂੰ ਰਾਜ ਸਭਾ ‘ਚੋਂ ਵੀ ਪਾਸ ਹੋ ਗਿਆ ।

ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਬਿਨਾਂ ਬਹਿਸ ਜਾਂ ਚਰਚਾ ‘ਤੇ ਪਾਸ ਹੋਏ ਇਸ ਬਿੱਲ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਇਸ ਨੂੰ ਲੋਕਤੰਤਰ ਦਾ ਮਜ਼ਾਕ ਕਰਾਰ ਦਿੱਤਾ । ਕਾਨੂੰਨ ਮੰਤਰੀ ਨੇ ਵਿਰੋਧੀ ਧਿਰਾਂ ਦੇ ਖਦਸ਼ਿਆਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਚੋਣ ਅਮਲ ਨੂੰ ਦਰੁੱਸਤ ਕਰਨ ਲਈ ਇਹ ਜ਼ਰੂਰੀ ਪਹਿਲ ਹੈ । ਸੰਸਦ ਦੇ ਦੋਵਾਂ ਸਦਨਾਂ ‘ਚੋਂ ਪਾਸ ਹੋਣ ਤੋਂ ਬਾਅਦ ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਦੇ ਦਰਖਾਸਤ ਲਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਧਾਰ ਲਵੇਗਾ । ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਸਮ੍ਤਿੀ ਇਰਾਨੀ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਬਾਰੇ ਬਿੱਲ ਲੋਕ ਸਭਾ ‘ਚ ਪੇਸ਼ ਕੀਤਾ । ਹਾਲਾਂਕਿ ਵਿਰੋਧੀ ਧਿਰਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਇਰਾਨੀ ਨੇ ਉਕਤ ਬਿੱਲ ਨੂੰ ਸੰਸਦੀ ਪੈਨਲ ਕੋਲ ਭੇਜਣ ਦੀ ਸ਼ਿਫਾਰਸ਼ ਕੀਤੀ । ਜਿਸ ਸਮੇਂ ਸਮ੍ਤਿੀ ਇਰਾਨੀ ਲੋਕ ਸਭਾ ‘ਚ ਬਾਲ ਵਿਆਹ ਬਾਰੇ ਪਾਬੰਦੀ (ਸੋਧ) ਬਿੱਲ 2021 ਪੇਸ਼ ਕਰ ਰਹੇ ਸਨ, ਉਸ ਸਮੇਂ ਵਿਰੋਧੀ ਧਿਰ ਦੇ ਨੇਤਾ ਲਖੀਮਪੁਰ ਖੀਰੀ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਤਗੀ ਦੀ ਮੰਗ ਕਰਦਿਆਂ ਸਭਾ ਦੇ ਵਿਚਕਾਰ ਨਾਅਰੇਬਾਜ਼ੀ ਕਰ ਰਹੇ ਸਨ ।

ਸਮ੍ਤਿੀ ਇਰਾਨੀ ਨੇ ਬਿੱਲ ਪੇਸ਼ ਕਰਨ ਲਈ ਦਿੱਤੇ ਸੰਖੇਪ ਜਿਹੇ ਸੰਬਧਨ ‘ਚ ਕਿਹਾ ਕਿ ਇਸ ਬਿੱਲ ਰਾਹੀਂ ਸਾਰੇ ਵਿਆਹ ਨਾਲ ਸੰਬੰਧਿਤ ਮੌਜੂਦਾ ਕਾਨੂੰਨਾਂ ‘ਚ ਬਦਲਾਅ ਹੋਵੇਗਾ । ਬਿੱਲ ਨੂੰ ਤਵਸੀਲੀ ਘੋਖ ਲਈ ਸੰਸਦੀ ਪੈਨਲ ਨੂੰ ਭੇਜ ਦਿੱਤਾ ਗਿਆ । ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਨੂੰ ਲੈ ਕੇ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਨੇ ਮੰਗਲਵਾਰ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮਾਰਚ ਕੱਢਿਆ । ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਨੇ ਦੁਪਹਿਰ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਤੋਂ ਲੈ ਕੇ ਵਿਜੈ ਚੌਕ ਤੱਕ ਮਾਰਚ ਕੱਢਿਆ, ਜਿਸ ‘ਚ ਅਜੈ ਮਿਸ਼ਰਾ ਦੀ ਬਰਖਾਸਤਗੀ ਨੂੰ ਲੈ ਕੇ ਬੈਨਰ ਫੜੀ ਨਜ਼ਰ ਆਏ । ਮਾਰਚ ਦਾ ਫ਼ੈਸਲਾ ਮੰਗਲਵਾਰ ਸਵੇਰੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਚੈਂਬਰ ‘ਚ ਹੋਈ ਰਣਨੀਤਕ ਬੈਠਕ ‘ਚ ਲਿਆ ਗਿਆ । ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਹੋਈ । ਸੰਸਦ ਭਵਨ ‘ਚ ਚੱਲ ਰਹੀ ਉਸਾਰੀ ਦੇ ਚੱਲਦਿਆਂ ਇਹ ਬੈਠਕ ਅੰਬੇਡਕਰ ਇੰਟਰਨੈਸ਼ਨਲ ਸੈਂਟਰ ‘ਚ ਹੋਈ । ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੀ ਭਾਜਪਾ ਦੀ ਸੰਸਦੀ ਦਲ ਦੀ ਆਖਰੀ ਬੈਠਕ ‘ਚ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਭਾਜਪਾ ਸੰਸਦ ਮੈਂਬਰਾਂ ਦੀ ਗ਼ੈਰ-ਹਾਜ਼ਰੀ ਦਾ ਮੁੱਦਾ ਉਠਾਇਆ । ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਲੋਕ ਸਭਾ ‘ਚ ਪ੍ਰਸ਼ਨਕਾਲ ਸਮੇਂ ਤਕਰੀਬਨ 9 ਭਾਜਪਾ ਸੰਸਦ ਮੈਂਬਰ ਸਦਨ ‘ਚ ਮੌਜੂਦ ਨਹੀਂ ਸਨ ।

Leave a Reply

Your email address will not be published.