ਰਾਜਨਾਥ ਵੱਲੋਂ ਏਅਰੋ ਇੰਡੀਆ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ

ਨਵੀਂ ਦਿੱਲੀ, 24 ਜਨਵਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਬੰਗਲੂਰੂ ਵਿੱਚ ਅਗਲੇ ਦਿਨਾਂ ‘ਚ ਲੱਗਣ ਵਾਲੀ ਏਅਰੋ ਇੰਡੀਆ ਨੁਮਾਇਸ਼ ਵਿੱਚ ਏਅਰੋਸਪੇਸ ਸੈਕਟਰ ਵਿੱਚ ਭਾਰਤ ਦੀ ਵਧਦੀ ਮੁਹਾਰਤ ਦਾ ਹੀ ਪ੍ਰਦਰਸ਼ਨ ਨਹੀਂ ਹੋਵੇਗਾ ਬਲਕਿ ਇਹ ਉਭਰਦੇ ਮਜ਼ਬੂਤ ਤੇ ਆਤਮ-ਨਿਰਭਰ ‘ਨਵੇਂ ਭਾਰਤ’ ਨੂੰ ਵੀ ਦਰਸਾਏਗਾ। ੲੇਅਰੋ ਇੰਡੀਆ ਦਾ 14ਵਾਂ ਸੰਸਕਰਣ 13 ਤੋਂ 17 ਫਰਵਰੀ ਤੱਕ ਬੰਗਲੂਰੂ ਵਿੱਚ ਹੋਵੇਗਾ ਤੇ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ੲੇਅਰੋਸਪੇਸ ਸ਼ੋਅ ਮੰਨਿਆ ਜਾਂਦਾ ਹੈ। ਸਿੰਘ ਨੇ ਮੈਗਾ ਨੁਮਾਇਸ਼ ਦੀਆਂ ਤਿਆਰੀਆਂ ‘ਤੇ ਨਜ਼ਰਸਾਨੀ ਲਈ ਰੱਖੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਪਰੋਕਤ ਟਿੱਪਣੀਆਂ ਕੀਤੀਆਂ। ਅਧਿਕਾਰੀਆਂ ਨੇ ਕਿਹਾ ਕਿ ਇਸ ਈਵੈਂਟ ਲਈ 731 ਨੁਮਾਇਸ਼ਕਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ।

ਰੱਖਿਆ ਮੰਤਰੀ ਨੇ ਕਿਹਾ, ”ਪੰਜ ਰੋਜ਼ਾ ਈਵੈਂਟ, ਜਿਸ ਦਾ ਥੀਮ ‘ਰਨਵੇਅ ਟੂ ਬਿਲੀਅਨ ਔਪਰਚੁਨਿਟੀਜ਼’ ਹੈ, ਏਅਰ ਫੋਰਸ ਸਟੇਸ਼ਨ ਯੇਲਾਹਾਂਕਾ ਵੱਲੋਂ ਵਿਉਂਤਿਆ ਹੁਣ ਤੱਕ ਦਾ ਸਭ ਤੋਂ ਵੱਡਾ ਏਅਰੋ ਸ਼ੋਅ ਹੋਵੇਗਾ। ਇਹ ਨੁਮਾਇਸ਼ 35000 ਵਰਗ ਮੀਟਰ ਵਿੱਚ ਫੈਲੇ ਖੇਤਰ ਵਿੱਚ ਲੱਗੇਗੀ।” ਸਿੰਘ ਨੇ ਸਾਰੇ ਸਬੰਧਤ ਭਾਈਵਾਲਾਂ ਨੂੰ ਨਸੀਹਤ ਦਿੱਤੀ ਕਿ ਉਹ ਨੁਮਾਇਸ਼ ਵਿੱਚ ਸ਼ਾਮਲ ਹੋਣ ਵਾਲਿਆਂ ਲਈ ‘ਸਖ਼ਤ ਸੁਰੱਖਿਆ’ ਪ੍ਰਬੰਧ ਯਕੀਨੀ ਬਣਾਉਣ।

ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ”ਰੱਖਿਆ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ 2023 ਸਿਰਫ਼ ਇਕ ਈਵੈਂਟ ਨਹੀਂ ਹੈ, ਬਲਕਿ ਇਹ ਰੱਖਿਆ ਤੇ ਏਅਰੋਸਪੇਸ ਸੈਕਟਰ ਵਿੱਚ ਭਾਰਤ ਦੀ ਵਧਦੀ ਮੁਹਾਰਤ ਤੇ ਇਕ ਉਭਰਦੇ ਮਜ਼ਬੂਤ ਤੇ ਆਤਮ-ਨਿਰਭਰ ‘ਨਵੇਂ ਭਾਰਤ’ ਨੂੰ ਦਰਸਾਏਗਾ।” ਸਿੰਘ ਨੇ ਕਿਹਾ ਕਿ ਭਾਰਤ ਦੀ ਰੱਖਿਆ ਸਨਅਤ ਕਾਇਆ-ਕਲਪ ਦੇ ਗੇੜ ‘ਚੋਂ ਲੰਘ ਰਹੀ ਹੈ। -ਪੀਟੀਆਈ

Leave a Reply

Your email address will not be published. Required fields are marked *

Generated by Feedzy