ਰਣਜੀਤ ਸਿੰਘ ਹੱਤਿਆ ਕਾਂਡ ‘ਚ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ

Home » Blog » ਰਣਜੀਤ ਸਿੰਘ ਹੱਤਿਆ ਕਾਂਡ ‘ਚ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ
ਰਣਜੀਤ ਸਿੰਘ ਹੱਤਿਆ ਕਾਂਡ ‘ਚ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ

ਚੰਡੀਗੜ੍ਹ/ਪੰਚਕੂਲਾ / ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਚੱਲ ਰਹੇ ਰਣਜੀਤ ਸਿੰਘ ਹੱਤਿਆ ਕਾਂਡ ‘ਚ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਆਪਣਾ ਫ਼ੈਸਲਾ ਅੱਜ ਸੁਰੱਖਿਅਤ ਰੱਖ ਲਿਆ |

ਇਸ ਮਾਮਲੇ ‘ਚ ਡੇਰਾ ਮੁਖੀ ਮੁੱਖ ਦੋਸ਼ੀ ਹੈ | ਅਦਾਲਤ ਹੁਣ 24 ਅਗਸਤ ਨੂੰ ਫ਼ੈਸਲਾ ਸੁਣਾ ਸਕਦੀ ਹੈ | ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ਸਮੇਂ ਸਾਧਵੀ ਜਬਰ ਜਨਾਹ ਮਾਮਲੇ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ | ਪੰਚਕੂਲਾ ਦੀ ਅਦਾਲਤ ‘ਚ ਅੱਜ ਰਣਜੀਤ ਸਿੰਘ ਹੱਤਿਆ ਕੇਸ ‘ਚ ਸੁਣਵਾਈ ਪੂਰੀ ਹੋ ਗਈ | ਇਸ ਦੇ ਨਾਲ ਹੀ ਪੰਚਕੂਲਾ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਦੇ ਬਾਅਦ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲਾ ਸੁਰੱਖਿਅਤ ਰੱਖ ਲਿਆ | ਪਿਛਲੀ ਸੁਣਵਾਈ ‘ਚ ਆਖਰੀ ਬਹਿਸ ਪੂਰੀ ਹੋਣ ਦੇ ਬਾਅਦ ਅੱਜ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਦੀ ਅਗਲੀ ਤਰੀਕ 24 ਅਗਸਤ ਤੈਅ ਕਰ ਦਿੱਤੀ | ਰਣਜੀਤ ਸਿੰਘ ਹੱਤਿਆ ਕਾਂਡ ਮਾਮਲੇ ‘ਚ ਰਾਮ ਰਹੀਮ ਦੇ ਨਾਲ ਕ੍ਰਿਸ਼ਣ ਲਾਲ, ਜਸਵੀਰ, ਸਬਦਿਲ ਤੇ ਅਵਤਾਰ ਵੀ ਦੋਸ਼ੀ ਹਨ |

ਸੀ. ਬੀ. ਆਈ. ਅਦਾਲਤ ‘ਚ ਮੁੱਖ ਦੋਸ਼ੀ ਰਾਮ ਰਹੀਮ ਤੇ ਕ੍ਰਿਸ਼ਣ ਲਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਏ | ਦੋਸ਼ੀ ਅਵਤਾਰ, ਜਸਵੀਰ ਅਤੇ ਸਬਦਿਲ ਸੀ. ਬੀ. ਆਈ. ਅਦਾਲਤ ‘ਚ ਹਾਜ਼ਰ ਹੋਏ | ਅੱਜ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਸੀ.ਬੀ.ਆਈ. ਅਦਾਲਤ ਵਿਚ ਅੰਤਿਮ ਬਹਿਸ ਦੇ ਸਾਰੇ ਦਸਤਾਵੇਜ ਜਮ੍ਹਾਂ ਕੀਤੇ | ਅਦਾਲਤ ਨੇ ਮਾਮਲੇ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਅਤੇ ਅਗਲੀ ਤਰੀਖ 24 ਅਗਸਤ ਤੈਅ ਕਰ ਦਿੱਤੀ ਹੈ | ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਹੱਤਿਆ ਹੋਈ ਸੀ | ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਨੇ ਹੀ ਸਾਧਵੀ ਜਿਣਸੀ ਸ਼ੋਸ਼ਣ ਦੀ ਗੁਪਤ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ |

ਮਾਮਲੇ ਵਿਚ ਪੁਲਿਸ ਨੇ ਗੁਰਮੀਤ ਰਾਮ ਰਹੀਮ ਅਤੇ ਡੇਰਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ | ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪਿਤਾ ਨੇ ਜਨਵਰੀ 2003 ਵਿਚ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ | ਡੇਰਾ ਪ੍ਰਮੁੱਖ 2017 ਤੋਂ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ ਜਬਰ-ਜਨਾਹ ਮਾਮਲੇ ਵਿਚ 20 ਸਾਲ ਦੀ ਕੈਦ ਹੋਈ ਹੈ | ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ ਵਿਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ | 27 ਅਗਸਤ 2017 ਨੂੰ ਰੋਹਤਕ ਦੀ ਸੁਨਾਰੀਆ ਜ਼ਿਲ੍ਹਾ ਜੇਲ੍ਹ ਵਿਚ ਹੀ ਸੀ.ਬੀ.ਆਈ. ਦੀ ਅਦਾਲਤ ਲਗਾਈ ਗਈ | ਇਸ ਦਿਨ ਸਜ਼ਾ ਤੈਅ ਹੋਣ ਤੋਂ ਬਾਅਦ ਤੋਂ ਡੇਰਾ ਮੁਖੀ ਜੇਲ੍ਹ ਵਿਚ ਹੈ | ਇਸ ਤੋਂ ਬਾਅਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਹੱਤਿਆ ਮਾਮਲੇ ਵਿਚ ਵੀ ਉਸ ਨੂੰ ਉਮਰ ਕੈਦ ਹੋ ਗਈ ਸੀ |

Leave a Reply

Your email address will not be published.