ਯੂ. ਪੀ. ਦੇ ਬਾਹੂਬਲੀ ਆਗੂ ਆਖ਼ਰ ਮੁਖ਼ਤਾਰ ਅੰਸਾਰੀ ਨੂੰ ਲੈ ਗਈ ਪੁਲਿਸ

Home » Blog » ਯੂ. ਪੀ. ਦੇ ਬਾਹੂਬਲੀ ਆਗੂ ਆਖ਼ਰ ਮੁਖ਼ਤਾਰ ਅੰਸਾਰੀ ਨੂੰ ਲੈ ਗਈ ਪੁਲਿਸ
ਯੂ. ਪੀ. ਦੇ ਬਾਹੂਬਲੀ ਆਗੂ ਆਖ਼ਰ ਮੁਖ਼ਤਾਰ ਅੰਸਾਰੀ ਨੂੰ ਲੈ ਗਈ ਪੁਲਿਸ

ਰੂਪਨਗਰ / ਉੱਤਰ ਪ੍ਰਦੇਸ਼ ਪੁਲਿਸ ਅੱਜ ਇਕ ਡੀ. ਐਸ. ਪੀ. ਦੀ ਅਗਵਾਈ ਹੇਠ ਗੈਂਗਸਟਰ ਤੋਂ ਨੇਤਾ ਬਣੇ ਯੂ. ਪੀ. ਦੇ ਬਾਹੂਬਲੀ ਆਗੂ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ੍ਹ ‘ਚੋਂ ਲੈ ਕੇ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਲਈ ਰਵਾਨਾ ਹੋਈ ।

ਮੁਖਤਾਰ ਅੰਸਾਰੀ ਕਤਲ, ਇਰਾਦਾ ਕਤਲ ਸਮੇਤ ਫਿਰੌਤੀ ਅਤੇ ਗੈਂਗਵਾਰ ਦੇ ਕਰੀਬ 52 ਮਾਮਲਿਆਂ ‘ਚ ਸ਼ਾਮਿਲ ਦੱਸਿਆ ਜਾਂਦਾ ਹੈ ਜੋ ਮੁਹਾਲੀ ਦੇ ਮਟੌਰੇ ਥਾਣੇ ‘ਚ ਇਕ ਬਿਲਡਰ ਦੀ ਸ਼ਿਕਾਇਤ ਦੇ ਆਧਾਰ ‘ਤੇ ਫਿਰੌਤੀ ਮੰਗਣ ਦੇ ਦੋਸ਼ਾਂ ਹੇਠ 22 ਜਨਵਰੀ 2019 ਤੋਂ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ‘ਚ ਬੰਦ ਸੀ । ਉੱਤਰ ਪ੍ਰਦੇਸ਼ ਪੁਲਿਸ ਬੀਤੇ ਲੰਬੇ ਅਰਸੇ ਤੋਂ ਅੰਸਾਰੀ ਨੂੰ ਯੂ. ਪੀ. ਲਿਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਮੈਡੀਕਲ ਆਧਾਰ ‘ਤੇ ਪੰਜਾਬ ਪੁਲਿਸ ਹਰ ਵਾਰ ਯੂ. ਪੀ. ਪੁਲਿਸ ਨੂੰ ਸਪੁਰਦਗੀ ਤੋਂ ਟਾਲ ਦਿੰਦੀ ਸੀ । ਸੁਪਰੀਮ ਕੋਰਟ ਨੇ ਮੁਖਤਾਰ ਅੰਸਾਰੀ ਨੂੰ ਯੂ. ਪੀ. ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਸੁਣਾਏ ਸਨ ਜਿਸ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਅੰਸਾਰੀ ਦੀ ਸਪੁਰਦਗੀ ਲਈ ਹਾਮੀ ਭਰੀ ਸੀ । ਅੱਜ ਲੰਘੀ ਰਾਤ 2 ਵਜੇ ਯੂ. ਪੀ. ਪੁਲਿਸ ਦੀਆਂ ਗੱਡੀਆਂ ਆਧੁਨਿਕ ਹਥਿਆਰਾਂ ਨਾਲ ਲੈਸ ਪੁਲਿਸ ਕਰਮੀਆਂ ਸਮੇਤ ਪੁਲਿਸ ਲਾਈਨ ਰੂਪਨਗਰ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਵੇਰੇ 8.15 ਵਜੇ ਯੂ. ਪੀ. ਤੋਂ ਇਕ ਹੋਰ ਐਂਬੂਲੈਂਸ ਅਤੇ ਇਕ ਦੰਗਾ ਰੋਕੂ ਵਾਹਨ ਸਮੇਤ 8 ਗੱਡੀਆਂ ਅੰਸਾਰੀ ਨੂੰ ਲੈਣ ਪੁੱਜ ਗਈਆਂ ।

ਕਰੀਬ 45 ਮਿੰਟ ਦੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਦੁਪਹਿਰ 2.08 ਵਜੇ ਐਂਬੂਲੈਂਸ ‘ਚ ਯੂ. ਪੀ. ਪੁਲਿਸ ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਈ ਰਵਾਨਾ ਹੋ ਗਈ । ਪੁਲਿਸ ਨੇ ਜੇਲ੍ਹ ਤੋਂ ਬਾਹਰ ਲਿਜਾਣ ਲਈ ਮੀਡੀਆ ਨੂੰ ਝਕਾਨੀ ਦਿੰਦਿਆਂ ਮੁੱਖ ਗੇਟ ਦੀ ਬਜਾਏ 2 ਨੰਬਰ ਗੇਟ ਤੋਂ ਅੰਸਾਰੀ ਦੀਆਂ ਗੱਡੀਆਂ ਨੂੰ ਬਾਹਰ ਕੱਢ ਦਿੱਤਾ, ਜਿੱਥੇ ਲਾਈਵ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੇ ਦੌੜ ਕੇ ਤਸਵੀਰਾਂ ਲਈਆਂ ।

ਕਾਂਗਰਸ ਦੇ ਸਾਬਕਾ ਪ੍ਰਧਾਨ ਦਾ ਪੋਤਰਾ ਹੈ ਮੁਖ਼ਤਾਰ ਅੰਸਾਰੀ ਨਵੀਂ ਦਿੱਲੀ – ਗੈਂਗਸਟਰ ਤੋਂ ਰਾਜਨੇਤਾ ਬਣਿਆ ਮੁਖਤਾਰ ਅੰਸਾਰੀ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਖੇਤਰ ਮਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਵਿਧਾਇਕ ਹੈ ਤੇ ਉਹ ਬਸਪਾ ਦੀ ਟਿਕਟ ‘ਤੇ 5 ਵਾਰ ਵਿਧਾਨ ਸਭਾ ਪੁੱਜ ਚੱਕਾ ਹੈ । ਅੰਸਾਰੀ, ਇੰਡੀਅਨ ਨੈਸ਼ਨਨ ਕਾਂਗਰਸ ਦੇ 1927-28 ‘ਚ ਪ੍ਰਧਾਨ ਰਹੇ ਡਾ: ਮੁਖਤਾਰ ਅਹਿਮਦ ਅੰਸਾਰੀ ਦਾ ਪੋਤਰਾ ਹੈ, ਜਦੋਂਕਿ ਬਿ੍ਗੇਡੀਅਰ ਮੁਹੰਮਦ ਉਸਮਾਨ ਅੰਸਾਰੀ ਦਾ ਦੋਹਤਾ ਹੈ, ਜਿਸ ਨੂੰ ‘ਨੌਸ਼ਹਿਰਾ ਦਾ ਸ਼ੇਰ’ ਵਜੋਂ ਯਾਦ ਕੀਤਾ ਜਾਂਦਾ ਹੈ । ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ ਕੌਮੀ ਪੱਧਰ ਦਾ ਨਿਸ਼ਾਨੇਬਾਜ਼ ਹੈ ਤੇ ਉਹ ‘ਸ਼ਾਟਗੰਨ’ ਵਿਚ ਕੌਮਾਂਤਰੀ ਪੱਧਰ ‘ਤੇ ਕਈ ਤਗਮੇ ਤੇ ਸਨਮਾਨ ਪ੍ਰਾਪਤ ਕਰ ਚੁੱਕਾ ਹੈ । ਮੁਖਤਾਰ ਯੂ. ਪੀ. ‘ਚ 52 ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਦੋਂਕਿ 15 ਮਾਮਲੇ ਟਰਾਈਲ ਪੱਧਰ ‘ਤੇ ਹਨ । ਪੁਲਿਸ ਹੁਣ ਤੱਕ ਉਸ ਦੇ 96 ਸਾਥੀਆਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ, ਜਦੋਂਕਿ ਮੁਖਤਾਰ ਤੇ ਉਸ ਦੇ ਸਾਥੀਆਂ ਦੀ 192 ਕਰੋੜ ਦੀ ਜਾਇਦਾਦ ਜਾਂ ਪੈਸੇ ਜ਼ਬਤ ਕੀਤੇ ਜਾ ਚੁੱਕੇ ਹਨ ।

Leave a Reply

Your email address will not be published.