ਯੂ.ਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ‘ਤੇ ਅਮਰੀਕਾ ‘ਚ ਸਿੱਖਾਂ ਨੂੰ ਬਦਨਾਮ ਕਰਨ ਦਾ ਲੱਗਿਆ ਦੋਸ਼

ਯੂ. ਕੇ. ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਿਵਾਦਾਂ ਵਿਚ ਘਿਰ ਗਈ ਹੈ। ਉਨ੍ਹਾਂ ਉਪਰ ਸਿੱਖਾਂ ਬਾਰੇ ਕੂੜ ਪ੍ਰਚਾਰ ਕਰਨ ਦੇ ਦੋਸ਼ ਲੱਗੇ ਹਨ।

ਅਮਰੀਕਾ ਦੇ ਇਕ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਪ੍ਰੀਤੀ ਪਟੇਲ ਨੇ ਕਿਹਾ ਕਿ ਸਿੱਖ ਵੱਖਵਾਦ ਨਾ ਸਿਰਫ ਯੂ. ਕੇ. ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਿਹਾ ਹੈ ਸਗੋਂ ਅਮਰੀਕਾ ਵੀ ਇਸ ਤੋਂ ਅਣਭਿੱਜ ਨਹੀਂ ਹੈ। ਪ੍ਰੀਤੀ ਪਟੇਲ ਦੇ ਭਾਸ਼ਣ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਸਥਿਤ ਹੈਰੀਟੇਜ ਫਾਊਂਡੇਸ਼ਨ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਹੈਰੀਟੇਜ ਫਾਊਂਡੇਸ਼ਨ ਨੂੰ ਤੰਗ ਸੋਚ ਵਾਲੀਆਂ ਜਨਤਕ ਨੀਤੀਆਂ ਦਾ ਹਮਾਇਤੀ ਮੰਨਿਆ ਜਾਂਦਾ ਹੈ ਤੇ ਇਥੇ ਪ੍ਰੀਤੀ ਪਟੇਲ ਵੱਲੋਂ ਕੌਮਾਂਤਰੀ ਪੱਧਰ ਉਤੇ ਦਰਪੇਸ਼ ਖਤਰਿਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਪ੍ਰੀਤੀ ਪਟੇਲ ਨੇ ਸਭ ਤੋਂ ਪਹਿਲਾਂ ਇਸਲਾਮਿਕ ਅੱਤਵਾਦ ਦਾ ਜ਼ਿਕਰ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਨਾਂ ਲਏ ਤੇ ਫਿਰ ਇਸ ਲੜੀ ਵਿਚ ਸਿੱਖਾਂ ਨੂੰ ਵੀ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਵੱਖਵਾਦ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਚਿੰਤਾਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਪਰ ਇਹ ਸਾਰਾ ਕੁਝ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹੋਣਾ ਚਾਹੀਦਾ ਹੈ। 

ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਸਲਾਹਕਾਰ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਲਗਾਤਾਰ ਪ੍ਰੀਤੀ ਪਟੇਲ ਕੋਲ ਚੁੱਕਿਆ ਜਾ ਰਿਹਾ ਸੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਪ੍ਰੀਤੀ ਪਟੇਲ ਦਾ ਇਹ ਭਾਸ਼ਣ ਯੂਕੇ ਸਰਕਾਰ ਦੀ ਵੈੱਬਸਾਈਟ ਉਤੇ ਮੌਜੂਦ ਹੈ। ਦਵਿੰਦਰਜੀਤ ਸਿੰਘ ਨੇ ਕਿਹਾ ਕਿ ਇਕ ਗੱਲ ਸਮਝ ਨਹੀਂ ਆਉੰਦੀ ਕਿ ਯੂਕੇ ਵਿਚ ਕਿਹੜੀ ਘਟਨਾ ਨੂੰ ਆਧਾਰ ਬਣਾ ਕੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੱਲੋਂ ਸਿੱਖਾਂ ਨੂੰ ਮੁਲਕ ਵਾਸਤੇ ਖਤਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਅਪਮਾਨ ਦੀ ਗੱਲ ਕੀ ਹੋ ਸਕਦੀ ਹੈ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਮੌਕੇ ਵਧਾਈਆਂ ਵੀ ਨਹੀਂ ਦਿੱਤੀਆਂ ਤੇ ਜਦੋਂ ਬਾਅਦ ਵਿੱਚ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਜੌਹਨਸਨ ਇੱਕ ਨੇ ਇਕ ਵੀਡੀਓ ਰਾਹੀਂ ਵਿਸਾਖੀ, ਦੀਵਾਲੀ ਅਤੇ ਬੰਦੀ ਛੋੜ ਦੀ ਵਧਾਈ ਦਿੱਤੀ ਸੀ।

ਯੂਕੇ ਦੇ ਉਦਮੀ ਤਰਨਜੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰੀਤੀ ਪਟੇਲ ਸਿੱਖਾਂ ਉਪਰ ਵੱਖਵਾਦੀਆਂ ਦਾ ਠੱਪਾ ਲਗਾਉਣ ‘ਤੇ ਤੁਲੀ ਹੋਈ ਹੈ। ਇਸ ਦੀ ਮਿਸਾਲ ਅਤੀਤ ਵਿਚ ਵਾਪਰੀਆਂ ਘਟਨਾਵਾਂ ਤੋਂ ਮਿਲਦੀ ਹੈ ਜਦੋਂ ਪ੍ਰੀਤੀ ਪਟੇਲ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਬੇਕਸੂਰ ਸਿੱਖਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਤਣਾਅ ਪੈਦਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰਦੇ।

Leave a Reply

Your email address will not be published. Required fields are marked *