ਨਵੀਂ ਦਿੱਲੀ: ਜੇਕਰ ਗੂਗਲ ਤੇ ਫੇਸਬੁੱਕ ਸਾਈਟ ’ਤੇ ਕਿਸੇ ਯੂਜ਼ਰ ਨਾਲ ਧੋਖਾਧਡ਼ੀ ਹੁੰਦੀ ਹੈ ਤਾਂ ਇਹ ਇੰਟਰਨੈੱਟ ਮੀਡੀਆ ਪਲੇਟਫਾਰਮ ਵੀ ਜ਼ਿੰਮੇਵਾਰ ਹੋਣਗੇ। ਕਿਸੇ ਵੀ ਤਰ੍ਹਾਂ ਦੀ ਠੱਗੀ ਹੋਣ ’ਤੇ ਇਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾਡ਼ ਸਕਦੇ। ਯਾਨੀ ਸਾਫ਼ ਹੈ ਕਿ ਹੁਣ ਗੂਗਲ ਤੇ ਫੇਸਬੁੱਕ ਨੂੰ ਆਪਣੇ ਪਲੇਟਫਾਰਮ ’ਤੇ ਹੋਣ ਵਾਲੀ ਧੋਖਾਧਡ਼ੀ ਰੋਕਣ ਲਈ ਕਦਮ ਚੁੱਕਣੇ ਪੈਣਗੇ। ਅਜਿਹਾ ਨਾ ਕਰਨ ’ਤੇ ਖਪਤਕਾਰ ਇਨ੍ਹਾਂ ਪਲੇਟਫਾਰਮਾਂ ਖ਼ਿਲਾਫ਼ ਅਪਰਾਧਕ ਮੁਕੱਦਮਾ ਵੀ ਦਰਜ ਕਰ ਸਕਦਾ ਹੈ। ਆਈਟੀ ਕਾਨੂੰਨ ਤਹਿਤ ਵਿੱਤੀ ਨੁਕਸਾਨ ਦੀ ਪੂਰਤੀ ਦਾ ਵੀ ਦਾਅਵਾ ਕਰ ਸਕਦਾ ਹੈ। ਇਸ ਸਾਲ ਅਕਤੂਬਰ ਤੋਂ ਹੀ ਆਈਟੀ ਨਿਯਮਾਂ ’ਚ ਸੋਧ ਕੀਤੀ ਗਈ ਹੈ। ਹਾਲ ਹੀ ’ਚ ਫਰਿੱਜ ਖ਼ਰਾਬ ਹੋਣ ’ਤੇ ਇਕ ਗਾਹਕ ਨੇ ਉਸ ਕੰਪਨੀ ਦੇ ਕਾਲ ਸੈਂਟਰ ’ਚ ਫੋਨ ਕਰਨ ਲਈ ਗੂਗਲ ’ਤੇ ਸਰਚ ਕੀਤਾ। ਸਰਚ ’ਚ ਉਸ ਕੰਪਨੀ ਦੇ ਨਾਂ ’ਤੇ ਚਲਾਇਆ ਜਾ ਰਿਹਾ ਨਕਲੀ ਕਾਲ ਸੈਂਟਰ ਸਭ ਤੋਂ ਉੱਪਰ ਦਿਸਿਆ। ਗਾਹਕ ਨੇ ਉਸ ਸਾਈਟ ਤੋਂ ਮਿਲੇ ਨੰਬਰ ’ਤੇ ਫੋਨ ਕੀਤਾ ਤੇ ਕੰਪਨੀ ਦਾ ਕਾਲ ਸੈਂਟਰ ਸਮਝ ਕੇ ਨਿੱਜੀ ਜਾਣਕਾਰੀ ਵੀ ਕਾਲ ਸੈਂਟਰ ਵਾਲਿਆਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਹ ਗਾਹਕ ਵਿੱਤੀ ਧੋਖਾਧਡ਼ੀ ਦਾ ਸ਼ਿਕਾਰ ਹੋ ਗਿਆ। ਇਹ ਸਿਰਫ਼ ਉਦਾਹਰਨ ਹੈ। ਪਿਛਲੇ ਕੁਝ ਦਿਨਾਂ ’ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਹੀ ਨਹੀਂ, ਹੁਣ ਇੰਟਰਨੈੱਟ ਧੋਖਾਧਡ਼ੀ ਦਾ ਇਕ ਹੋਰ ਚਲਨ ਪ੍ਰਚਲਿਤ ਹੋ ਰਿਹਾ ਹੈ। ਜੇਕਰ ਤੁਸੀਂ ਆਨਲਾਈਨ ਕਿਸੇ ਆਈਟਮ ਨੂੰ ਸਰਚ ਕੀਤਾ ਹੈ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜ਼ਰੀਏ ਉਸ ਆਈਟਮ ਦੇ ਸੇਲਰਜ਼ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਉਹ ਆਈਟਮ ਲੈਣਾ ਚਾਹੁੰਦੇ ਹੋ ਤੇ ਜਿਉਂ ਹੀ ਤੁਸੀਂ ਗੂਗਲ ਜਾਂ ਫੇਸਬੁੱਕ ’ਤੇ ਜਾਓਗੇ, ਤੁਹਾਨੂੰ ਉਸ ਆਈਟਮ ਦੇ ਇਸ਼ਤਿਹਾਰ ਦਿਸਣ ਲੱਗਣਗੇ। ਇਸ ਦਾ ਫ਼ਾਇਦਾ ਸਾਈਬਰ ਦੁਨੀਆ ਦੇ ਠੱਗ ਵੀ ਚੁੱਕ ਰਹੇ ਹਨ। ਉਨ੍ਹਾਂ ਨੂੰ ਵੀ ਏਆਈ ਦੀ ਮਦਦ ਨਾਲ ਤੁਹਾਡੀ ਦਿਲਚਸਪੀ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਵੀ ਤੁਹਾਨੂੰ ਉਸ ਆਈਟਮ ਨੂੰ ਸਸਤੇ ਭਾਅ ’ਤੇ ਦੇਣ ਦਾ ਲਾਲਚ ਸਾਈਟ ’ਤੇ ਦੇਣ ਲੱਗਦੇ ਹਨ। ਇਸ ਤੋਂ ਬਾਅਦ ਗਾਹਕ ਉਨ੍ਹਾਂ ਦੇ ਚੱਕਰ ’ਚ ਫਸ ਜਾਂਦੇ ਹਨ। ਅਜਿਹੀ ਧੋਖਾਧਡ਼ੀ ਗੂਗਲ ਤੇ ਫੇਸਬੁੱਕ ਵਰਗੇ ਵੱਡੇ ਇੰਟਰਨੈੱਟ ਪਲੇਟਫਾਰਮਾਂ ’ਤੇ ਹੋ ਰਹੀ ਹੈ ਪਰ ਗੂਗਲ ਤੇ ਫੇਸਬੁੱਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਸਾਈਬਰ ਫਰਾਡ ਦੀਆਂ ਜਿਹਡ਼ੀਆਂ ਸ਼ਿਕਾਇਤਾਂ ਹੋ ਰਹੀਆਂ ਹਨ, ਉਨ੍ਹਾਂ ’ਚ ਗੂਗਲ-ਫੇਸਬੁੱਕ ਨੂੰ ਧਿਰ ਹੀ ਨਹੀਂ ਬਣਾਇਆ ਜਾ ਰਿਹਾ। ਹਾਲਾਂਕਿ ਦੇਸ਼ ਦੇ ਮੌਜੂਦਾ ਆਈਟੀ ਨਿਯਮ ’ਚ ਅਜਿਹੀ ਵਿਵਸਥਾ ਕੀਤੀ ਗਈ ਹੈ। ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋਡ਼ ਹੈ। ਉਨ੍ਹਾਂ ਨੂੰ ਠੱਗੀ ਦੀ ਹਾਲਤ ’ਚ ਇਨ੍ਹਾਂ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਖ਼ਿਲਾਫ਼ ਵੀ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਦੂਜੇ ਪਾਸੇ ਸਰਕਾਰ ਵੀ ਅਜਿਹੀ ਧੋਖਾਧਡ਼ੀ ਨੂੰ ਰੋਕਣ ਲਈ ਵਿਆਪਕ ਤਿਆਰੀ ਕਰ ਰਹੀ ਹੈ। ਇਲੈਕਟ੍ਰਾਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਕਹਿੰਦੇ ਹਨ ਕਿ ਅਸੀਂ ਛੇਤੀ ਹੀ ਡਿਜੀਟਲ ਇੰਡੀਆ ਐਕਟ ਲਿਆ ਰਹੇ ਹਨ ਜਿਹਡ਼ਾ ਮੌਜੂਦਾ ਆਈਟੀ ਐਕਟ ਦੀ ਜਗ੍ਹਾ ਲਵੇਗਾ। ਇਸ ਦਾ ਛੇਤੀ ਹੀ ਡ੍ਰਾਫਟ ਜਾਰੀ ਕਰ ਦਿੱਤਾ ਜਾਵੇਗਾ। ਜਿਸ ਪਲੇਟਫਾਰਮ ’ਤੇ ਧੋਖਾਧਡ਼ੀ ਹੋਵੇਗੀ, ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਉਸੇ ਪਲੇਟਫਾਰਮ ਦੀ ਹੋਵੇਗੀ। ਉਹ ਇਸ ਤੋਂ ਬਚ ਨਹੀਂ ਸਕਦੇ।
ਯੂਜ਼ਰ ਨਾਲ ਧੋਖਾਧਡ਼ੀ ਹੋਈ ਤਾਂ ਗੂਗਲ-ਫੇਸਬੁੱਕ ਵੀ ਹੋਣਗੇ ਜ਼ਿੰਮੇਵਾਰ
