ਅਲਬਰਟਾ : ਯੂਕਰੇਨ ਲਈ ਭਾਰੀ ਅਸਲਾ ਬਾਰੂਦ ਭੇਜਣ ਦੇ ਮਾਮਲੇ ਵਿੱਚ ਚੁਫੇਰਿਓਂ ਹੋ ਰਹੀ ਨੁਕਤਾਚੀਨੀ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਨੇ ਚੁੱਪ ਧਾਰ ਰੱਖੀ ਹੈ।
ਮੀਡੀਆ ਨਾਲ ਕੀਤੀ ਗਈ ਗੱਲਬਾਤ ਦੌਰਾਨ ਟਰੂਡੋ ਨੇ ਭਾਰੀ ਅਸਲਾ ਤੇ ਹਥਿਆਰ ਯੂਕਰੇਨ ਭੇਜਣ ਦੀ ਗੱਲ ਆਖੀ ਸੀ। ਉਨ੍ਹਾਂ ਆਖਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੀ ਸਿੱਧੀ ਬੇਨਤੀ ਉੱਤੇ ਉਨ੍ਹਾਂ ਵੱਲੋਂ ਇਹ ਅਸਲਾ ਤੇ ਗੋਲੀ ਸਿੱਕਾ ਭੇਜਿਆ ਜਾਵੇਗਾ। ਉਨ੍ਹਾਂ ਨੇ ਉਸ ਸਮੇਂ ਸਬੰਧਤ ਅਸਲੇ ਤੇ ਉਸ ਉੱਤੇ ਆਉਣ ਵਾਲੀ ਲਾਗਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਪਰ ਜਦੋਂ ਇਸ ਬਾਰੇ ਮੁੜ ਪੁੱਛਿਆ ਗਿਆ ਤਾਂ ਟਰੂਡੋ ਨੇ ਆਖਿਆ ਕਿ ਸੁਰੱਖਿਆ ਕਾਰਨਾਂ ਕਰਕੇ ਅਸੀਂ ਇਸ ਸਮੇਂ ਇਹ ਜਾਣਕਾਰੀ ਨਹੀਂ ਦੇ ਸਕਦੇ ਪਰ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਪਾਸੇ ਵਧੇਰੇ ਜਾਣਕਾਰੀ ਜ਼ਰੂਰ ਮੁਹੱਈਆ ਕਰਾਵਾਂਗੇ।