ਯੂਕ੍ਰੇਨੀ ਸ਼ਰਨਾਰਥੀਆਂ ਦੀ ਮਦਦ ਲਈ ਪੋਲੈਂਡ ਚ ਕੈਨੇਡਾ ਤੈਨਾਤ ਕਰੇਗਾ ਫ਼ੌਜ

ਯੂਕ੍ਰੇਨੀ ਸ਼ਰਨਾਰਥੀਆਂ ਦੀ ਮਦਦ ਲਈ ਪੋਲੈਂਡ ਚ ਕੈਨੇਡਾ ਤੈਨਾਤ ਕਰੇਗਾ ਫ਼ੌਜ

ਓਂਟਾਰੀਓ (ਭਾਸ਼ਾ) ਰੂਸ-ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਯੂਕ੍ਰੇਨ ਦੇ ਲੋਕ ਜ਼ਿੰਦਗੀ ਬਚਾਉਣ ਲਈ ਆਪਣੇ ਘਰ ਛੱਡ ਕੇ ਸਰਹੱਦੀ ਦੇਸ਼ਾਂ ਚ ਸ਼ਰਨ ਲੈਣ ਨੂੰ ਮਜਬੂਰ ਹਨ।

ਸ਼ਰਨਾਰਥੀਆਂ ਦਾ ਜੀਵਨ ਔਖਾ ਹੋਇਆ ਪਿਆ ਹੈ। ਉੱਥੇ ਪੋਲੈਂਡ ਵਿੱਚ ਯੂਕ੍ਰੇਨੀ ਸ਼ਰਨਾਰਥੀਆਂ ਦੀ ਦੇਖਭਾਲ, ਤਾਲਮੇਲ ਅਤੇ ਮੁੜ ਵਸੇਬੇ ਵਿੱਚ ਮਦਦ ਲਈ ਕੈਨੇਡਾ ਨੇ ਆਪਣੀ ਫ਼ੌਜ ਭੇਜਣ ਦਾ ਫੈਂਸਲਾ ਲਿਆ ਹੈ। ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਕਿ ਪੋਲੈਂਡ ਵਿੱਚ 150 ਫ਼ੌਜੀ ਤਾਇਨਾਤ ਕੀਤੇ ਜਾਣਗੇ। 24 ਫਰਵਰੀ ਨੂੰ ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ 26 ਲੱਖ ਤੋਂ ਵੱਧ ਯੂਕ੍ਰੇਨੀਅਨ ਪੋਲੈਂਡ ਵਿੱਚ ਸ਼ਰਨ ਲੈ ਚੁੱਕੇ ਹਨ, ਜਦੋਂ ਕਿ 20 ਲੱਖ ਤੋਂ ਵੱਧ ਹੋਰ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਆਨੰਦ ਨੇ ਕਿਹਾ ਕਿ ਜ਼ਿਆਦਾਤਰ ਸੈਨਿਕਾਂ ਨੂੰ ਯੂਕ੍ਰੇਨੀ ਸ਼ਰਨਾਰਥੀਆਂ ਦੀ ਦੇਖਭਾਲ ਅਤੇ ਰਜਿਸਟਰੇਸ਼ਨ ਵਿੱਚ ਮਦਦ ਕਰਨ ਲਈ ਪੋਲੈਂਡ ਵਿੱਚ ਰਿਸੈਪਸ਼ਨ ਕੇਂਦਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਯਤਨਾਂ ਦੇ ਤਾਲਮੇਲ ਵਿੱਚ ਮਦਦ ਲਈ ਇੱਕ ਸਮੂਹ ਵੀ ਭੇਜਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਮੁਖੀ ਡੇਵਿਡ ਬੀਸਲੇ ਨੇ ਕਿਹਾ ਕਿ ਰੂਸੀ ਫ਼ੌਜਾਂ ਨਾਲ ਘਿਰੇ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਯੂਕ੍ਰੇਨ ਵਿੱਚ ਲੋਕ ਭੁੱਖ ਨਾਲ ਮਰ ਰਹੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਹਮਲਾ ਹੋਰ ਤੇਜ਼ ਹੋ ਸਕਦਾ ਹੈ। ਕੀਵ ਵਿੱਚ ਐਸੋਸੀਏਟਿਡ ਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ, ਬੀਸਲੇ ਨੇ ਕਿਹਾ ਕਿ ਯੂਕ੍ਰੇਨ ‘ਤੇ ਰੂਸ ਦਾ ਹਮਲਾ ਇਸ ਦੀਆਂ ਸਰਹੱਦਾਂ ਨੂੰ ਅਸਥਿਰ ਕਰ ਸਕਦਾ ਹੈ ਅਤੇ ਬਿਹਤਰ ਜੀਵਨ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਕਰ ਸਕਦਾ ਹੈ।

Leave a Reply

Your email address will not be published.