ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈ ਕੇ ਕੈਪਟਨ ਵਲੋਂ ਸੋਨੀਆ ਨਾਲ ਮੁਲਾਕਾਤ

Home » Blog » ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈ ਕੇ ਕੈਪਟਨ ਵਲੋਂ ਸੋਨੀਆ ਨਾਲ ਮੁਲਾਕਾਤ
ਮੰਤਰੀ ਮੰਡਲ ਦੇ ਫੇਰਬਦਲ ਨੂੰ ਲੈ ਕੇ ਕੈਪਟਨ ਵਲੋਂ ਸੋਨੀਆ ਨਾਲ ਮੁਲਾਕਾਤ

• ਸਿੱਧੂ ਦੇ ਟਵੀਟਾਂ ‘ਤੇ ਜਤਾਇਆ ਰੋਸ • ਦਿਨ ਭਰ ਕਪੂਰਥਲਾ ਹਾਊਸ ‘ਚ ਰਹੀ ਗਹਿਮਾ-ਗਹਿਮੀ

ਨਵੀਂ ਦਿੱਲੀ / ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਅੱਗੇ ਨਵਜੋਤ ਸਿੰਘ ਸਿੱਧੂ ਦੇ ਬੇਬਾਕ ਬੋਲਾਂ ਨੂੰ ਲੈ ਕੇ ਰੋਸ ਪ੍ਰਗਟਾਇਆ |

ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ‘ਤੇ ਹੋਈ ਤਕਰੀਬਨ ਡੇਢ ਘੰਟੇ ਦੀ ਮੁਲਾਕਾਤ ‘ਚ ਕੈਪਟਨ ਨੇ ਸਿੱਧੂ ਦੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਲਾਉਣ ਦੀ ਆਦਤ ਨੂੰ ਲੈ ਕੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸਿੱਧੂ ਦੀਆਂ ਟਿੱਪਣੀਆਂ ਆਪਣੀ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਦੀਆਂ ਹਨ | ਹਲਕਿਆਂ ਮੁਤਾਬਿਕ ਸੋਨੀਆ ਗਾਂਧੀ ਨੇ ਦੋਵਾਂ ਨੂੰ ਰਲ ਕੇ ਕੰਮ ਕਰਨ ਦੀ ਸਲਾਹ ਦਿੱਤੀ | ਸੋਨੀਆ ਦਾ ਇਹ ਸੰਦੇਸ਼ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ (ਸੋਨੀਆ ਗਾਂਧੀ) ਨੇ ਹਦਾਇਤ ਦਿੱਤੀ ਹੈ ਕਿ ਸੂਬਾ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਆਪਸ ‘ਚ ਰਲ ਕੇ ਕੰਮ ਕਰਨਾ ਹੋਵੇਗਾ | ਸੋਨੀਆ ਦੇ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਬਿਨਾਂ ਮੀਡੀਆ ਨਾਲ ਮੁਖਾਤਿਬ ਹੋਏ ਚਲੇ ਗਏ | ਹਾਲਾਂਕਿ ਇਸ ਦਾ ਕਾਰਨ ਕੈਪਟਨ ਦੀ ਪਹਿਲਾਂ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਿਰਧਾਰਿਤ ਮੀਟਿੰਗ ਦੱਸਿਆ ਗਿਆ |

ਕਪੂਰਥਲਾ ਹਾਊਸ ‘ਚ ਗਹਿਮਾ-ਗਹਿਮੀ ਕੈਪਟਨ ਦੀ ਦਿੱਲੀ ਦੀ ਦੋ ਦਿਨਾ ਫੇਰੀ ‘ਚ ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਦਿਨ ਭਰ ਕਪੂਰਥਲਾ ਹਾਊਸ ਜਿੱਥੇ ਕੈਪਟਨ ਠਹਿਰੇ ਹੋਏ ਸਨ, ਗਹਿਮਾ-ਗਹਿਮੀ ਰਹੀ | ਮੀਟਿੰਗ ਤੋਂ ਪਹਿਲਾਂ ਜੋ ਕਿ ਪਹਿਲਾਂ ਦੁਪਹਿਰੇ ਸਾਢੇ 12 ਵਜੇ ਹੋਣੀ ਨਿਸਚਿਤ ਹੋਈ ਸੀ ਕਪੂਰਥਲਾ ਹਾਊਸ ‘ਚ ਕੈਪਟਨ ਦੇ ਰਣਨੀਤਕ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੇ ਦੋ ਦਿਨ ਪਹਿਲਾਂ ਹੀ ਕੈਪਟਨ ਨੂੰ ਸਲਾਹਕਾਰ ਦੀ ਭੂਮਿਕਾ ਤੋਂ ਮੁਕਤ ਕਰਨ ਨੂੰ ਕਿਹਾ ਸੀ ਪਰ ਹਲਕਿਆਂ ਮੁਤਾਬਿਕ ਕੈਪਟਨ ਵਲੋਂ ਉਨ੍ਹਾਂ ਨੂੰ ਹਾਲੇ ਰਸਮੀ ਤੌਰ ‘ਤੇ ਇਸ ਅਹੁਦੇ ਤੋਂ ਵੱਖ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਨਾਲ ਹੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਹਨ | ਕੈਪਟਨ ਦੇ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਰਾਜ ਕੁਮਾਰ ਵੇਰਕਾ, ਮੁਨੀਸ਼ ਤਿਵਾੜੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਜਸਬੀਰ ਸਿੰਘ ਗਿੱਲ ਡਿੰਪਾ ਸ਼ਾਮਿਲ ਸਨ |

ਮੰਤਰੀ ਮੰਡਲ ਦਾ ਵਿਸਥਾਰ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੇ ਕਿਆਸ ਪੂਰੇ ਜ਼ੋਰਾਂ ‘ਤੇ ਹਨ ਹਾਲਾਂਕਿ ਹਰੀਸ਼ ਰਾਵਤ ਨੇ ਇਸ ਗੱਲ ‘ਤੇ ਸਪੱਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ ਕਿ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕੋਈ ਚਰਚਾ ਨਹੀਂ ਹੈ ਪਰ ਹਲਕਿਆਂ ਮੁਤਾਬਿਕ ਦੋਵਾਂ ਕੈਪਟਨ ਅਤੇ ਸੋਨੀਆ ਦੀ ਮੁਲਾਕਾਤ ‘ਚ ਮੁੱਖ ਤੌਰ ‘ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਪਰ ਮੰਤਰੀ ਮੰਡਲ ਦੇ ਵਿਸਥਾਰ ਜਾਂ ਫੇਰਬਦਲ ਦਾ ਮੁੱਦਾ ਵੀ ਚਰਚਾ ‘ਚ ਸ਼ਾਮਿਲ ਰਿਹਾ ਹਾਲਾਂਕਿ ਇਹ ਫੇਰਬਦਲ ‘ਚ ਬਹੁਤ ਉਲਟ-ਪੁਲਟ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਕੈਪਟਨ ਦੇ ਮੀਡੀਆ ਸਲਾਹਕਾਰ ਰਵੀਸ਼ ਠੁਕਰਾਲ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਕਿਹਾ ਕਿ ਦੋਵਾਂ ਆਗੂਆਂ ਨੇ ਸੂਬੇ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ | ਠੁਕਰਾਲ ਮੁਤਾਬਿਕ ਇਕ ਘੰਟੇ ਦੀ ਇਹ ਮੀਟਿੰਗ ਕਾਫ਼ੀ ਸੰਤੋਖਜਨਕ ਰਹੀ |

ਨਵਜੋਤ ਸਿੱਧੂ ਦੇ ਟਵੀਟ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਆਪਣੀ ਹੀ ਸਰਕਾਰ ਨੂੰ 2018 ਦੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ ਨਿਸ਼ਾਨਾ ਬਣਾਇਆ ਸੀ | ਸਿੱਧੂ ਨੇ ਲੜੀਵਾਰ ਟਵੀਟਾਂ ਰਾਹੀਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਦੇ ਮੁਜਰਮਾਂ ਨੂੰ ਜੇਲ੍ਹ ‘ਚ ਪਾਉਣਾ ਕਾਂਗਰਸ ਦੇ ਤਰਜੀਹੀ 18 ਨੁਕਾਤੀ ਪ੍ਰੋਗਰਾਮ ‘ਚ ਸ਼ਾਮਿਲ ਹੈ | ਉਨ੍ਹਾਂ ਮਜੀਠੀਆ ਦਾ ਨਾਂਅ ਲੈ ਕੇ ਉਸ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਵੀ ਸਵਾਲ ਕੀਤਾ ਅਤੇ ਕਿਹਾ ਕਿ ਜੇਕਰ ਹੋਰ ਦੇਰ ਕੀਤੀ ਗਈ ਤਾਂ ਪੰਜਾਬ ਵਿਧਾਨ ਸਭਾ ‘ਚ ਉਨ੍ਹਾਂ ਰਿਪੋਰਟਾਂ ਨੂੰ ਜਨਤਕ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ ਸਿੱਧੂ ਦੇ ਇਹ ਟਵੀਟ ਉਸ ਵੇਲੇ ਆਏ ਸਨ ਜਦੋਂ ਕੈਪਟਨ ਦਾ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਦਾ ਉਸ ਦਿਨ ਦਾ ਹੀ ਪ੍ਰੋਗਰਾਮ ਤੈਅ ਸੀ |

Leave a Reply

Your email address will not be published.