ਮੋਹਾਲੀ ਬਲਾਸਟ : ਆਈ.ਐਸ.ਆਈ ਦੀ ਸਾਜ਼ਿਸ਼, ਕੈਨੇਡਾ ‘ਚ ਬੈਠੇ ਮਾਸਟਰਮਾਈਂਡ ਦੇ ਪਾਕ ਨਾਲ ਕੁਨੈਕਸ਼ਨ

ਚੰਡੀਗੜ੍ਹ : ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦਾ ਸਾਜ਼ਿਸ਼ਕਰਤਾ ਇੱਕ ਗੈਂਗਸਟਰ ਹੈ ਤੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਬਹੁਤ ਨੇੜੇ ਹੈ।

ਬਲਾਸਟ ਦੇ ਮਾਮਲੇ ਵਿੱਚ ਡੀਜੀਪੀ ਵੀਕੇ ਭਾਵਰਾ ਨੇ ਚੰਡੀਗੜ੍ਹ ਵਿੱਚ ਪ੍ਰੈੱਕਸਾਨਫਰੰਸ ਦੌਰਾਨ ਵੱਡੇ ਖੁਲਾਸੇ ਕੀਤੇ। ਹਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਹੈ। ਡੀਜੀਪੀ ਨੇ ਦੱਸਿਆ ਕਿ 2017 ਵਿੱਚ ਕੈਨੇਡਾ ਵਿੱਚ ਸ਼ਿਫਟ ਹੋਇਆ ਲਖਬੀਰ ਸਿੰਘ ਇਸ ਦਾ ਮੁੱਖ ਸਾਜ਼ਿਸ਼ਕਰਤਾ ਹੈ। ਲਖਬੀਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਉਹ ਇੱਕ ਗੈਂਗਸਟਰ ਹੈ ਤੇ ਹਰਿੰਦਰ ਸਿੰਘ ਰਿੰਦਾ ਦਾ ਕਰੀਬੀ ਸਹਿਯੋਗੀ ਹੈ, ਜੋ ਵਧਾਵਾ ਸਿੰਘ ਤੇ ਆਈ.ਐੱਸ.ਆਈ. ਦਾ ਨਜ਼ਦੀਕੀ ਹੈ। ਦੂਜੇ ਪਾਸੇ ਜਗਦੀਪ ਸਿੰਘ ਕੰਗ ਅੱਤਵਾਦੀਆਂ ਦਾ ਲੋਕਲ ਕਾਂਟੈਕਟ ਸੀ। ਡੀਜੀਪੀ ਨੇ ਦੱਸਆ ਕਿ ਮੋਹਾਲੀ ਹਮਲੇ ਵਿੱਚ ਹੁਣ ਤੱਕ ਛੇ ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਇਨ੍ਹਾਂ ਵਿੱਚ ਤਿੰਨ ਤਰਨਤਾਰਨ ਦੇ ਰਹਿਣ ਵਾਲੇ ਹਨ।

ਡੀਜੀਪੀ ਨੇ ਦੱਸਿਆ ਕਿ ਚੜ੍ਹਤ ਸਿੰਘ ਤੇ ਜਗਦੀਪ ਕੰਗ ਨੇ ਮੋਹਾਲੀ ਵਿੱਚ ਰੇਕੀ ਕੀਤੀ ਸੀ ਤੇ ਨਿਸ਼ਾਨ ਸਿੰਘ ਨੇ ਵੀ ਕਈ ਤਰੀਕਿਆਂ ਨਾਲ ਦੋਸ਼ੀਆਂ ਦੀ ਮਦਦ ਕੀਤੀ। ਡੀਜੀਪੀ ਨੇ ਦੱਸਿਆ ਕਿ ਅੱਤਵਾਦੀਆਂ ਦਾ ਮਕਸਦ ਸਿਰਫ ਖੌਫ਼ ਪੈਦਾ ਕਰਨਾ ਸੀ। ਉਨ੍ਹਾਂ ਮੁਤਾਬਕ ਹਮਲੇ ਵਿੱਚ ਇਸਤੇਮਾਲ ਆਰ.ਪੀ.ਜੀ. ਰੂਸ ਜਾਂ ਬਲਗਾਰੀਆ ਦੀ ਹੋ ਸਕਦੀ ਹੈ। ਇਹ ਪਾਕਿਸਤਾਨ ਦੇ ਰਸਤੇ ਪੰਜਾਬ ਪਹੁੰਚੀ ਹੈ। ਇਸ ਤੋਂ ਪਹਿਲਾਂ ਸਟੇਟ ਸਪੈਸ਼ਲ਼ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਨੇ ਜਗਦੀਪ ਸਿੰਘ ਕੰਗ ਨੂੰ ਗ੍ਰਿਫਤਾਰ ਕੀਤਾ ਹੈ। ਕੰਗ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਉਸ ਨੂੰ ਨੌਂ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਜਗਦੀਪ ਸਿੰਘ ਕੰਗ ਇੱਕ ਪੰਜਾਬੀ ਮਸ਼ਹੂਰ ਗਾਇਕ ਦਾ ਕਰੀਬੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *