ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ-ਨਵਜੋਤ ਸਿੰਘ ਸਿੱਧੂ

Home » Blog » ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ-ਨਵਜੋਤ ਸਿੰਘ ਸਿੱਧੂ
ਮੈਂ ਆਪਣੇ ਸਟੈਂਡ ‘ਤੇ ਕਾਇਮ ਹਾਂ-ਨਵਜੋਤ ਸਿੰਘ ਸਿੱਧੂ

ਨਵੀਂ ਦਿੱਲੀ / ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਖ਼ਤਮ ਕਰਨ ਲਈ ਪਾਰਟੀ ਹਾਈਕਮਾਨ ਵਲੋਂ ਗਠਿਤ ਕੀਤੀ 3 ਮੈਂਬਰੀ ਕਮੇਟੀ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ |

ਦਿਨ ਭਰ ਚੱਲੇ ਮੀਟਿੰਗਾਂ ਦੇ ਸਿਲਸਿਲੇ ‘ਚ 25 ਵਿਧਾਇਕਾਂ ਤੋਂ ਇਲਾਵਾ ਦੇਰ ਸ਼ਾਮ ਨੂੰ 4 ਸੰਸਦ ਮੈਂਬਰ ਵੀ ਸ਼ਾਮਿਲ ਹੋਏ | ਮੰਗਲਵਾਰ ਦੀ ਮੀਟਿੰਗ ‘ਚ ਨਾਰਾਜ਼ ਧੜੇ ‘ਚ ਸਭ ਤੋਂ ਬੁਲੰਦ ਆਵਾਜ਼ ‘ਚ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ | ਸਿੱਧੂ ਤੋਂ ਇਲਾਵਾ ਆਪਣੀ ਹੀ ਸਰਕਾਰ ਨੂੰ ਵੰਗਾਰਦੇ ਵਿਧਾਇਕ ਪਰਗਟ ਸਿੰਘ ਨੇ ਵੀ ਕਮੇਟੀ ‘ਚ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਅੱਗੇ ਆਪਣੇ ਸਰੋਕਾਰ ਪ੍ਰਗਟਾਏ | ਇਸ ਤੋਂ ਇਲਾਵਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਉਪ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਆਦਿ ਨੇ ਵੀ ਕਮੇਟੀ ਅੱਗੇ ਆਪਣੇ ਵਿਚਾਰ ਰੱਖੇ |

ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ, ਜਿੱਤੇਗਾ ਹਰ ਪੰਜਾਬੀ-ਸਿੱਧੂ ਨਵਜੋਤ ਸਿੰਘ ਸਿੱਧੂ ਜੋ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਮੁਲਾਕਾਤ ਲਈ ਅੰਦਰ ਚਲੇ ਗਏ ਸਨ, ਨੇ ਮੀਟਿੰਗ ਤੋਂ ਬਾਹਰ ਆਉਂਦਿਆਂ ਹੀ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਅੱਗੇ ਬੁਲੰਦ ਆਵਾਜ਼ ‘ਚ ਰੱਖ ਕੇ ਆਏ ਹਨ | ਗੁਰਦੁਆਰਾ ਰਕਾਬਗੰਜ ਕੋਲ ਸਥਿਤ ਕਾਂਗਰਸ ਦੇ ਵਾਰ ਰੂਮ ‘ਚ ਹੋ ਰਹੀ ਮੀਟਿੰਗ ਤੋਂ ਤਕਰੀਬਨ 2 ਘੰਟਿਆਂ ਬਾਅਦ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ‘ਚ ਬੋਲਦਿਆਂ ਕਿਹਾ ਕਿ ਉਹ ਸੱਚ ਦੇ ਨਾਲ ਹਨ | ਸੱਚ ਨੂੰ ਜਿਤਾਉਣਾ ਅਤੇ ਹਰੇਕ ਵਿਰੋਧੀ ਤਾਕਤ ਨੂੰ ਹਰਾਉਣਾ ਹੈ | ਹਾਲਾਂਕਿ ਬਿਆਨ ‘ਚ ਉਨ੍ਹਾਂ ਇਹ ਨਹੀਂ ਕਿਹਾ ਕਿ ਵਿਰੋਧੀ ਤਾਕਤਾਂ ਕੌਣ ਹਨ | ਮੀਟਿੰਗਾਂ ਤੋਂ ਬਾਅਦ ਕੈਪਟਨ ਪ੍ਰਤੀ ਖੁੱਲ੍ਹੇ ਸ਼ਬਦਾਂ ਦਾ ਇਸਤੇਮਾਲ ਨਾ ਕਰਦਿਆਂ ਵੀ ਸਿੱਧੂ ਨੇ ਇਹ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ | ਸੰਜਮ ਨਾਲ ਸ਼ਬਦਾਂ ਦੀ ਵਰਤੋਂ ਕਰਦਿਆਂ ਵੀ ਸਿੱਧੂ ਨੇ ਇਹ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਕਿ ਜ਼ਮੀਨ ਫਾੜ ਕੇ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਜੋ ਬਾਹਰ ਆ ਰਹੀਆਂ ਹਨ, ਉਹ ਉਨ੍ਹਾਂ ਆਵਾਜ਼ਾਂ ਨੂੰ ਹੀ ਹਾਈਕਮਾਨ ਤੱਕ ਪਹੁੰਚਾ ਕੇ ਆਏ ਹਨ | ਉਨ੍ਹਾਂ ਕਿਹਾ ਕਿ ਸੱਚ ਨੂੰ ਦਬਾਇਆ ਜ਼ਰੂਰ ਜਾ ਸਕਦਾ ਹੈ ਪਰ ਕਦੇ ਹਰਾਇਆ ਨਹੀਂ ਜਾ ਸਕਦਾ | ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਸਟੈਂਡ ਸਾਫ਼ ਹੈ ਕਿ ਲੋਕਾਂ ਦੀ ਲੋਕਤੰਤਰਿਕ ਤਾਕਤ ਬਰਾਬਰ ਅਤੇ ਬਰਕਰਾਰ ਰਹਿਣੀ ਚਾਹੀਦੀ ਹੈ | ਸਿੱਧੂ ਨੇ ‘ਪੰਜਾਬ ਅਤੇ ਪੰਜਾਬੀਅਤ’ ਦਾ ਨਾਅਰਾ ਬੁਲੰਦ ਕਰਦਿਆਂ ਕਿਹਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ, ਜਿੱਤੇਗਾ ਹਰ ਪੰਜਾਬੀ | ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਇਕ ਵਾਰ ਵੀ ਬੇਅਦਬੀ ਜਾਂ ਨਸ਼ਿਆਂ ਦੇ ਮੁੱਦੇ ਜਾਂ ਕੈਪਟਨ ਦਾ ਨਾਂਅ ਨਾ ਲੈਂਦਿਆਂ ਇਹ ਕਿਹਾ ਕਿ ਪੰਜਾਬ ਦੇ ਹੱਕ ਅਤੇ ਸੱਚ ਦੀ ਆਵਾਜ਼ ਹਾਈਕਮਾਨ ਅੱਗੇ ਬੁਲੰਦ ਆਵਾਜ਼ ‘ਚ ਰੱਖ ਕੇ ਆਏ ਹਾਂ |

ਸਿਸਟਮ ਦਰੁਸਤ ਨਹੀਂ ਕਰਾਂਗੇ ਤਾਂ ਲੋਕ ਬਖਸ਼ਣਗੇ ਨਹੀਂ-ਪਰਗਟ ਸਿੰਘ ਬਾਗੀ ਵਿਧਾਇਕ ਪਰਗਟ ਸਿੰਘ ਨੇ ਵੀ ਪਾਰਟੀ ਦੇ ਸਿਸਟਮ ਨੂੰ ਦਰੁੱਸਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਸਿਸਟਮ ਦਰੱੁਸਤ ਨਹੀਂ ਕਰਾਂਗੇ ਤਾਂ ਲੋਕ ਬਖ਼ਸ਼ਣਗੇ ਨਹੀਂ | ਸਰਕਾਰ ਖ਼ਿਲਾਫ਼ ਤਿੱਖੇ ਸੁਰ ਉਠਾਉਣ ਵਾਲੇ ਪਰਗਟ ਸਿੰਘ ਨੇ ਵੀ ਮੀਟਿੰਗ ਤੋਂ ਬਾਅਦ ਆਪਣੇ ਸੁਰ ਮੱਧਮ ਕਰਦਿਆਂ ਕਿਹਾ ਕਿ ਇਹ ਮੁੱਦਿਆਂ ਦੀ ਲੜਾਈ ਹੈ ਅਤੇ ਗੱਲ ਸਿਸਟਮ ਨੂੰ ਠੀਕ ਕਰਨ ਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ‘ਚ ਕੋਈ ਧੜੇਬਾਜ਼ੀ ਨਹੀਂ ਹੈ ਪਰ ਇਹ ਮੁੱਦਿਆਂ ਦੀ ਰਾਜਨੀਤੀ ਹੈ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਕਰਨ ਦੀ ਲੋੜ ਹੈ, ਉਹ ਕਰਨੇ ਹੀ ਪੈਣਗੇ |

ਸੰਸਦ ਮੈਂਬਰਾਂ ਨੇ ਵੀ ਕੀਤੀ ਮੁਲਾਕਾਤ ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਦੇਰ ਸ਼ਾਮ ਕਮੇਟੀ ਵਲੋਂ ਸੰਸਦ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ | ਜਾਣਕਾਰੀ ਮੁਤਾਬਿਕ ਰਵਨੀਤ ਸਿੰਘ ਬਿੱਟੂ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ | ਦਿਲਚਸਪ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੂੰ ਲੈ ਕੇ ਹੋ ਰਹੀ ਮੀਟਿੰਗ ਤੋਂ ਬਾਅਦ ਬਾਹਰ ਆ ਰਹੇ ਆਗੂ ਧੜੇਬਾਜ਼ੀ ਤੋਂ ਇਨਕਾਰ ਹੀ ਕਰਦੇ ਨਜ਼ਰ ਆਏ |

ਰਾਹੁਲ ਗਾਂਧੀ ਆਪ ਕਰ ਰਹੇ ਹਨ ਵਿਧਾਇਕਾਂ ਨੂੰ ਫ਼ੋਨ ਕਾਂਗਰਸੀ ਹਲਕਿਆਂ ਮੁਤਾਬਿਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪ ਵੀ ਵਿਧਾਇਕਾਂ ਨੂੰ ਫ਼ੋਨ ਕਰਕੇ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ | ਕਮੇਟੀ ਮੀਟਿੰਗਾਂ ‘ਚੋਂ ਮਿਲ ਰਹੇ ਪ੍ਰਤੀਕਰਮਾਂ ਨੂੰ 3 ਹਿੱਸਿਆਂ ‘ਚ ਵੰਡ ਰਹੀ ਹੈ | ਇਕ ਹਿੱਸੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ | ਦੂਜੇ ਹਿੱਸੇ ‘ਚ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਦੇਸ਼ ਪ੍ਰਧਾਨ ਹਨ | ਜਦਕਿ ਤੀਜੇ ਹਿੱਸੇ ‘ਚ ਕਮੇਟੀ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗੀ | ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਮੀਟਿੰਗ ਹੋਣ ਦੇ ਕਿਆਸ ਲਾਏ ਜਾ ਰਹੇ ਹਨ | ਹਲਕਿਆਂ ਮੁਤਾਬਿਕ ਮੀਟਿੰਗਾਂ ‘ਚ ਨਰਾਜ਼ ਧੜੇ ਤੋਂ ਇਲਾਵਾ ਮੱੁਖ ਮੰਤਰੀ ਦੇ ਸਮਰਥਕ ਵੀ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਤੇ ਇਤਰਾਜ਼ ਪ੍ਰਗਟਾਉਂਦੇ ਨਜ਼ਰ ਆਏ | ਕਈ ਆਗੂਆਂ ਨੇ ਇਹ ਵੀ ਕਿਹਾ ਕਿ ਰੇਤ, ਸ਼ਰਾਬ, ਟ੍ਰਾਂਸਪੋਰਟ ਅਤੇ ਜ਼ਮੀਨ ਮਾਫ਼ੀਆ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਾਰਨ ਲੋਕ ਉਨ੍ਹਾਂ ਦੀ ਤੁਲਨਾ ਅਕਾਲੀ ਆਗੂਆਂ ਨਾਲ ਕਰਨ ਲੱਗ ਪਏ ਹਨ |

ਸੰਗਠਨ ‘ਚ ਬਦਲਾਅ ਦੇ ਸੰਕੇਤ ਕਾਂਗਰਸੀ ਹਲਕਿਆਂ ਮੁਤਾਬਿਕ ਮੀਟਿੰਗਾਂ ਦੇ ਇਸ ਸਿਲਸਿਲੇ ਤੋਂ ਬਾਅਦ ਪਾਰਟੀ ਪੱਧਰ ‘ਤੇ ਕੁਝ ਬਦਲਾਅ ਕੀਤੇ ਜਾ ਸਕਦੇ ਹਨ | ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਚਿਹਰਾ ਬਣਾਏ ਜਾਣ ਦਾ ਐਲਾਨ ਹਰੀਸ਼ ਰਾਵਤ ਕਰ ਚੁੱਕੇ ਹਨ ਪਰ ਮੌਜੂਦਾ ਸੰਕਟ ਦੂਰ ਕਰਨ ਲਈ ਕਮੇਟੀ ਦੋ ਉਪ ਮੁੱਖ ਮੰਤਰੀਆਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕਰ ਸਕਦੀ ਹੈ, ਜਿਨ੍ਹਾਂ ‘ਚੋਂ ਇਕ ਦਲਿਤ ਭਾਈਚਾਰੇ ਤੋਂ ਹੋਵੇ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਹੀ ਦਲਿਤ ਭਾਈਚਾਰੇ ਨੂੰ ਤਰਜੀਹ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ |

Leave a Reply

Your email address will not be published.