ਮੁੱਠੀ ਵਿੱਚੋਂ ਰੇਤੇ ਵਾਂਗੂੰ ਕਿਰ ਜਾਂਦੇ, ਪਤਾ ਨੀਂ ਕਿੱਥੋਂ ਲੋਕ ਪਿਆਰੇ ਫਿਰ ਜਾਂਦੇ…
ਕਿਸੇ ਸ਼ਾਇਰ ਜਾਂ ਲੇਖਕ ਤੋਂ ਅਕਸਰ ਹੀ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਲਿਖਣਾ ਕਦੋਂ ਸ਼ੁਰੂ
ਕੀਤਾ ਤੇ ਤੁਹਾਡੀ ਪਹਿਲੀ ਰਚਨਾ ਕਦੋਂ ਛਪੀ? ਜਿਥੋਂ ਤੱਕ ਮੇਰੀ ਪਹਿਲੀ ਰਚਨਾ ਦਾ ਸੁਆਲ ਹੈ,
ਇਸ ਪਿੱਛੇ ਇਕ ਬਹੁਤ ਖ਼ੂਬਸੂਰਤ ਘਟਨਾ ਹੈ, ਜਿਸ ਨੂੰ ਮੈਂ ਹਮੇਸ਼ਾ ਯਾਦ ਕਰਦਾ ਹਾਂ ਤੇ ਇਹ
ਖ਼ੂਬਸੂਰਤ ਯਾਦ ਕਦੇ ਵੀ ਮੇਰੇ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਹੋ ਸਕਦੀ ਕਿਉਂਕਿ ਮੇਰੀ ਉਸ
ਪਹਿਲੀ ਰਚਨਾ ਨਾਲ ਮੇਰੀ ਪਿਆਰੀ ਭੈਣ ਸੁਰਿੰਦਰ (ਜੋ ਨਿੱਕੀ ਉਮਰੇ ਹੀ ਸਾਨੂੰ ਛੱਡ ਕੇ ਦੂਜੀ
ਦੁਨੀਆ ਦੀ ਵਾਸੀ ਹੋ ਗਈ) ਦੀ ਯਾਦ ਜੁੜੀ ਹੋਈ ਹੈ।
ਜਦੋਂ ਮੈਂ ਗ਼ਜ਼ਲ ਲਿਖਣ ਲੱਗਿਆ ਤਾਂ ਮੇਰਾ ਵੀ ਦਿਲ ਕਰਦਾ ਕਿ ਮੇਰੀ ਵੀ ਕੋਈ ਰਚਨਾ ਕਿਸੇ ਵਧੀਆ
ਪਰਚੇ ਵਿੱਚ ਛਪੇ। ਉਦੋਂ ਮੇਰੇ ਸ਼ਹਿਰ ਮੁਕਤਸਰ ਜਿਹੜੀ ‘ਬੁੱਕ ਸਟਾਲ’ ਸੀ, ਉਥੇ ਮਹਿਰਮ,
ਪੰਜਾਬੀ ਡਾਈਜੈਸਟ, ਜਨ ਸਾਹਿਤ, ਨੀਲਮਣੀ, ਆਰਸੀ ਤੇ ਹੋਰ ਪਰਚੇ ਵੀ ਆਇਆ ਕਰਿਆ ਕਰਦੇ ਸਨ। ਮੈਂ
ਉਨ੍ਹਾਂ ਪਰਚਿਆਂ ਨੂੰ ਦੇਖਦਾ, ਉਨ੍ਹਾਂ ਵਿੱਚ ਵੱਖ-ਵੱਖ ਲੇਖਕਾਂ ਦੀਆਂ ਤਸਵੀਰਾਂ ਸਮੇਤ ਛਪੀਆਂ
ਲਿਖਤਾਂ ਪੜ੍ਹਦਾ, ਮੇਰਾ ਵੀ ਦਿਲ ਕਰਦਾ ਕਿ ਇਨ੍ਹਾਂ ਲੇਖਕਾਂ ਵਾਂਗ ਮੇਰੀ ਵੀ ਕੋਈ ਰਚਨਾ ਕਿਸੇ
ਪਰਚੇ ਵਿਚ ਛਪੇ ਪਰ ਕਿਸੇ ਵੀ ਪਰਚੇ ਨੂੰ ਆਪਣੀ ਕੋਈ ਰਚਨਾ ਭੇਜਣ ਤੋਂ ਡਰ ਜਾਂਦਾ ਤੇ ਸੋਚਦਾ
ਜੇ ਅਗਲਿਆਂ ਨੇ ਨਾ ਛਾਪੀ ਤਾਂ…ਫੇਰ। ਇਹ ਸੋਚਦਿਆਂ-ਸੋਚਦਿਆਂ ਕਾਫ਼ੀ ਲੰਮਾ ਸਮਾਂ ਲੰਘ ਗਿਆ।
ਮੇਰੇ ਮਨ ਦੀ ਇਸ ਹਾਲਤ ਨੂੰ ਭੈਣ ਸੁਰਿੰਦਰ ਸਮਝਦੀ ਸੀ। ਇੱਕ ਦਿਨ ਉਹ ਕਹਿਣ ਲੱਗੀ, “ਜਿਹੜੇ
ਲੇਖਕ ਇਨ੍ਹਾਂ ਪਰਚਿਆਂ ਵਿੱਚ ਛਪਦੇ ਨੇ, ਉਹ ਕੇਹੜਾ ਅਸਮਾਨੋਂ ਉੱਤਰ ਕੇ ਆਏ ਨੇ, ਤੂੰ ਵੀ
ਆਪਣੀਆਂ ਗ਼ਜ਼ਲਾਂ ਇਨ੍ਹਾਂ ਨੂੰ ਭੇਜ।’’
ਭੈਣ ਦੇ ਇਨ੍ਹਾਂ ਬੋਲਾਂ ਨੇ ਮੇਰੇ ਅੰਦਰ ਇਕ ਵੱਖਰਾ ਹੀ ਜੋਸ਼ ਤੇ ਹੌਸਲਾ ਭਰ ਦਿੱਤਾ। ਇੱਕ ਦਿਨ
ਗੂੜ੍ਹੀ ਸਰਟ ਪਾ ਕੇ ਵਧੀਆ ਫੋਟੋ ਖਿਚਵਾਈ, ਇੱਕ ਗ਼ਜ਼ਲ ਸਫ਼ੈਦ ਕਾਗਜ਼ ’ਤੇ ਸਾਫ਼-ਸਾਫ਼ ਲਿਖ ਕੇ
ਮੈਗਜ਼ੀਨ ‘ਮਹਿਰਮ’ ਨੂੰ ਭੇਜ ਦਿੱਤੀ। ਦੋ ਕੁ ਹਫ਼ਤਿਆਂ ਬਾਅਦ ਇੱਕ ਦੁਪਹਿਰ ਨੂੰ ਸਾਡੇ ਮੁਹੱਲੇ
ਦਾ ਡਾਕੀਆ ਮੁਖਤਾਰ ਇੱਕ ਚਿੱਠੀ ਦੇ ਕੇ ਗਿਆ। ਮੈਂ ਉਸ ਵਕਤ ਘਰ ਨਹੀਂ ਸੀ। ਉਹ ਚਿੱਠੀ ਭੈਣ ਨੇ
ਹੀ ਲਈ ਤੇ ਉਸ ਨੇ ਹੀ ਪਹਿਲਾਂ ਪੜ੍ਹੀ। ਜਦੋਂ ਮੈਂ ਘਰ ਆਇਆ ਤਾਂ ਭੈਣ ਨੇ ਉਹ ਚਿੱਠੀ ਮੇਰੇ
ਸਾਹਮਣੇ ਖੋਲ੍ਹ ਦਿੱਤੀ ਤੇ ਮੈਨੂੰ ਗਲਵਕੜੀ ਵਿਚ ਭਰ ਲਿਆ। ਅਸਲ ’ਚ ਉਹ ਚਿੱਠੀ ਮਹਿਰਮ ਦੇ
ਮੁੱਖ ਸੰਪਾਦਕ ਸ. ਐੱਸ ਬੀਰ ਹੁਰਾਂ ਦੀ ਸੀ। ਸਿਰਫ਼ ਤਿੰਨ ਸਤਰਾਂ ਸਨ ਪਰ ਮੇਰੇ ਲਈ ਉਹ ਤਿੰਨ
ਸਤਰਾਂ ਹੀ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਸਤਰਾਂ ਸਨ। ਲਿਖਿਆ ਸੀ ,“ਲੋਚੀ ਜੀ, ਤੁਹਾਡੀ ਗ਼ਜ਼ਲ
ਬਹੁਤ ਹੀ ਪਿਆਰੀ ਹੈ। ਇਸ ਨੂੰ ਅਸੀਂ ਅਗਲੇ ਅੰਕ ਵਿੱਚ ਛਾਪਣ ਦੀ ਖ਼ੁਸ਼ੀ ਲੈ ਰਹੇ ਹਾਂ। ਇਹ
ਰਚਨਾ ਕਿਤੇ ਹੋਰ ਨਾ ਭੇਜਣਾ।’’
ਬੀ.ਐਸ.ਬੀਰ
14 ਜਨਵਰੀ ਦਾ ਦਿਨ ਮੈਂ ਕਦੇ ਨਹੀ ਭੁੱਲ ਸਕਦਾ, ਨਾ ਹੀ ਮੇਰੇ ਯਾਰ-ਮਿੱਤਰ ਭੁੱਲਦੇ ਨੇ,
ਕਿਉਂਕਿ ਉਸ ਦਿਨ ਮੇਰਾ ਜਨਮ ਦਿਨ ਹੁੰਦਾ ਹੈ। 14 ਜਨਵਰੀ ਦਾ ਹੀ ਦਿਨ ਸੀ, ਮੁਖਤਾਰ ਡਾਕੀਆ
ਡਾਕ ਲੈ ਕੇ ਆਇਆ ਤੇ ਇੱਕ ਲਿਫ਼ਾਫ਼ਾ ਦੇ ਗਿਆ। ਸਬੱਬ ਨਾਲ ਮੈਂ ਉਸ ਦਿਨ ਵੀ ਘਰ ਨਹੀਂ ਸਾਂ। ਇਹ
ਲਿਫ਼ਾਫ਼ਾ ਵੀ ਭੈਣ ਨੇ ਹੀ ਲਿਆ। ਹੁਣ ਮੈਂ ਇਹ ਮਹਿਸੂਸ ਕਰ ਸਕਦਾ ਹਾਂ ਕਿ ਕਿਵੇਂ ਭੈਣ ਨੇ ਇਹ
ਲਿਫ਼ਾਫ਼ਾ ਲਿਆ ਹੋਵੇਗਾ, ਚਾਅ ਨਾਲ ‘ਮਹਿਰਮ’ ਦੇ ਪੰਨੇ ਫਰੋਲੇ ਹੋਣਗੇ ਤੇ ਮੇਰੀ ਗ਼ਜ਼ਲ ਨਾਲ ਛਪੀ
ਫੋਟੋ ਦੇਖ ਕੇ ਉਹ ਕਿੰਨੀ ਖ਼ੁਸ਼ ਹੋਈ ਹੋਵੇਗੀ। ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਭੈਣ ਦਾ ਚਾਅ
ਦੇਖਣ ਵਾਲਾ ਸੀ ਤੇ ਬੜੇ ਹੀ ਜੋਸ਼ ਵਿੱਚ ਬੋਲੀ “ਵੀਰੇ, ਅੱਜ ਤੇਰਾ ਜਨਮ ਦਿਨ ਹੈ ਤੇ ਮੈਂ ਅੱਜ
ਤੈਨੂੰ ਐਸਾ ਤੋਹਫ਼ਾ ਦੇਵਾਂਗੀ ਕਿ ਤੂੰ ਸਾਰੀ ਉਮਰ ਇਸ ਤੋਹਫ਼ੇ ਨੂੰ ਭੁੱਲ ਨਹੀ ਸਕੇਂਗਾ। ਮੈਂ
ਹੈਰਾਨ ਹੋਇਆ ਬਿਟਰ-ਬਿਟਰ ਉਸਦੇ ਵੱਲ ਦੇਖ ਰਿਹਾ ਸਾਂ। ਮੇਰੀ ਹੈਰਾਨੀ ਨੂੰ ਭਾਂਪਦਿਆਂ ਭੈਣ ਨੇ
ਆਪਣੇ ਪਿੱਛੇ ਕੀਤੇ ਹੱਥ ਅੱਗੇ ਕੀਤੇ ਤੇ “ਮਹਿਰਮ’’ ਦਾ ਉਹ ਪੰਨਾ ਮੇਰੇ ਸਾਹਮਣੇ ਖੋਲ੍ਹ,
ਦਿੱਤਾ ਜਿਸ ਉੱਤੇ ਮੇਰੀ ਗ਼ਜ਼ਲ ਫੋਟੋ ਸਮੇਤ ਛਪੀ ਹੋਈ ਸੀ। ਉਹ ਦਿਨ ਵਾਕਈ ਹੀ ਮੇਰੀ ਜ਼ਿੰਦਗੀ ਦਾ
ਇਕ ਖ਼ੂਬਸੂਰਤ ਦਿਨ ਤੇ ਮੇਰੇ ਜਨਮ ਦਿਨ ’ਤੇ ਭੈਣ ਵੱਲੋਂ ਦਿੱਤਾ ਇਹ ਤੋਹਫ਼ਾ ਦੁਨੀਆ ਦੇ ਵੱਡੇ
ਤੋਂ ਵੱਡੇ ਤੋਹਫ਼ਿਆਂ ਤੋਂ ਵੀ ਕਿਤੇ ਵੱਡਾ ਸੀ।
ਅੱਜ ਭਾਵੇਂ ਭੈਣ ਸੁਰਿੰਦਰ ਸਾਡੇ ਵਿਚ ਨਹੀਂ ਹੈ ਪਰ ਉਸ ਦੀਆਂ ਖ਼ੂਬਸੂਰਤ ਯਾਦਾਂ ਸਾਡੇ
ਅੰਗ-ਸੰਗ ਨੇ। ਮੈਨੂੰ ਪੂਰਾ ਯਕੀਨ ਹੈ ਕਿ ਉਹ ਜਿੱਥੇ ਵੀ ਹੋਵੇਗੀ, ਹੁਣ ਵੀ ਉਹ ਮੇਰੀਆਂ
ਕਵਿਤਾਵਾਂ ਪੜ੍ਹਦੀ ਹੋਵੇਗੀ ਤੇ ਉਸੇ ਤਰ੍ਹਾਂ ਖ਼ੁਸ਼ੀ ਵਿਚ ਝੂਮਦੀ ਹੋਵੇਗੀ, ਜਿਵੇਂ ਮੇਰੀ
ਪਹਿਲੀ ਰਚਨਾ ਛਪਣ ਵੇਲੇ ਉਹ ਚਾਅ ਨਾਲ ਵਿਹੜੇ ਵਿਚ ਝੂਮਦੀ ਫਿਰਦੀ ਸੀ।
ਅੱਜ ਧਰਤੀ ’ਤੇ ਨਾ ਹੀ ਭੈਣ ਸੁਰਿੰਦਰ ਹੈ ਤੇ ਨਾ ਹੀ ਬੀ.ਐੱਸ.ਬੀਰ ਸਾਹਿਬ ਪਰ ਖ਼ੂਬਸੂਰਤ ਤੇ
ਪਿਆਰੇ ਲੋਕ ਤੁਹਾਡੇ ਚੇਤਿਆਂ ਵਿੱਚੋਂ ਕਦੇ ਵੀ ਮਨਫੀ ਨਹੀਂ ਹੁੰਦੇ ਤੇ ਨਾ ਹੀ ਹੋ ਸਕਦੇ
ਨੇ!ਅੱਜ ਵੀ ਜਦੋਂ ਮੈਂ ਭੈਣ ਸੁਰਿੰਦਰ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਅੰਦਰੋਂ ਇੱਕ ਹਾਉਕਾ
ਉਠਦਾ ਹੈ … ਮੈਂ ਅੰਬਰ ਵੱਲ ਨੀਝ ਲਾ ਕੇ ਵੇਖਦਾ ਹਾਂ ਤੇ ਸੋਚਦਾ ਹਾਂ …
*ਮੁੱਠੀ ਵਿੱਚੋਂ ਰੇਤੇ ਵਾਂਗੂੰ*
*ਕਿਰ ਜਾਂਦੇ।*
*ਪਤਾ ਨੀਂ ਕਿੱਥੋਂ*
*ਲੋਕ ਪਿਆਰੇ ਫਿਰ ਜਾਂਦੇ।*
*—— ਤ੍ਰੈਲੋਚਨ ਲੋਚੀ*