ਚੰਡੀਗੜ੍ਹ: ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਕੋਲ ਹੁਣ ਸਮਾਂ ਘੱਟ ਅਤੇ ਪੈਂਡਾ ਲੰਮੇਰਾ ਹੈ।
ਪੰਜਾਬ ਚੋਣਾਂ ‘ਚ ਹੁਣ ਬਹੁਤਾ ਵਕਤ ਨਹੀਂ ਰਿਹਾ ਤੇ ਚੁਣੌਤੀਆਂ ਦਾ ਵੱਡਾ ਢੇਰ ਸਾਹਮਣੇ ਹੈ। ਨਵੇਂ ਮੁੱਖ ਮੰਤਰੀ ਵਜੋਂ ਚੰਨੀ ਲਈ ਇਹ ਪਰਖ ਦੀ ਘੜੀ ਹੋਵੇਗੀ। ਨਵੇਂ ਮੁੱਖ ਮੰਤਰੀ ਨੂੰ ਜਿੱਥੇ ਹਾਈ ਕਮਾਨ ਦੀਆਂ ਆਸਾਂ ਉਮੀਦਾਂ ‘ਤੇ ਫੁੱਲ ਚੜ੍ਹਾਉਣੇ ਹੋਣਗੇ, ਉਥੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਵੱਡੀ ਚੁਣੌਤੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਤੋਂ ਪਲਟਣ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੈ। ਕਾਂਗਰਸ ਹਾਈ ਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਦਾ ਫੈਸਲਾ ਕਰਕੇ ਅਗਾਮੀ ਚੋਣਾਂ ਲਈ ਵੱਡਾ ਦਾਅ ਖੇਡਿਆ ਹੈ। ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਇਥੇ ਵੱਡਾ ਮਸਲਾ ਇਹ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਭਗ 100 ਦਿਨ ਹੀ ਮਿਲਣਗੇ।
ਉਨ੍ਹਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ। ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ‘ਤੇ ਮਾਫੀਆ ਰਾਜ ਦੇ ਲੱਗੇ ਦਾਗ ਨੂੰ ਧੋਣ ਵਿਚ ਵੀ ਉਨ੍ਹਾਂ ਨੂੰ ਲੰਮੇਰਾ ਵਕਤ ਲੱਗੇਗਾ। ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬਹਿਬਲ ਤੇ ਬਰਗਾੜੀ ਮਾਮਲੇ ‘ਤੇ ਨਤੀਜੇ ਦੇਣੇ ਹੋਣਗੇ। ਉਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ‘ਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਦਿਖਾਉਣੀ ਹੋਵੇਗੀ। ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਨ੍ਹਾਂ ਦਾ ਇਮਤਿਹਾਨ ਲੈਣਗੇ। ਪੰਜਾਬ ਵਿਚ ਰੁਜ਼ਗਾਰ ਦਾ ਵੱਡਾ ਮਸਲਾ ਹੈ ਅਤੇ ਪੰਜਾਬ ਭਰ ਵਿਚ ਬੇਰੁਜ਼ਗਾਰਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਹ ਪੰਜਾਬ ਦੀ ਜਵਾਨੀ ਨੂੰ ਕਿਵੇਂ ਮੋੜਾ ਦੇਣਗੇ, ਇਹ ਵੀ ਪਰਖ ਬਣੇਗਾ। ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਹੋਵੇਗਾ। ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਪ੍ਰਤੀ ਨਰਮੀ ਵਰਤੀ ਜਾਂਦੀ ਸੀ। ਚੰਨੀ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੇ ਹਨ ਅਤੇ ਕਿਸਾਨਾਂ ਦੇ ਦਿਲ ਕਿਵੇਂ ਜਿੱਤਣਗੇ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।
Leave a Reply