ਮੁੱਖ ਮੰਤਰੀ ਦੇ ਅਹੁਦੇ ਦੀ ਲਾਲਸਾ ਦੇ ਚਲਦਿਆਂ ‘ਆਪ’ ਹੋ ਸਕਦੀ ਹੈ ਦੋਫ਼ਾੜ

Home » Blog » ਮੁੱਖ ਮੰਤਰੀ ਦੇ ਅਹੁਦੇ ਦੀ ਲਾਲਸਾ ਦੇ ਚਲਦਿਆਂ ‘ਆਪ’ ਹੋ ਸਕਦੀ ਹੈ ਦੋਫ਼ਾੜ
ਮੁੱਖ ਮੰਤਰੀ ਦੇ ਅਹੁਦੇ ਦੀ ਲਾਲਸਾ ਦੇ ਚਲਦਿਆਂ ‘ਆਪ’ ਹੋ ਸਕਦੀ ਹੈ ਦੋਫ਼ਾੜ

ਸੰਗਰੂਰ / 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਾ ਸੰਭਾਲਣ ਦੇ ਸੁਪਨੇ ਨੂੰ ਪੂਰਾ ਕਰਨ ਤੋਂ ਅਸਮਰਥ ਰਹੀ ਆਮ ਆਦਮੀ ਪਾਰਟੀ ਲਈ 2022 ਦਾ ਰਸਤਾ ਵੀ ਕੋਈ ਸੁਖਾਲਾ ਨਹੀਂ ਲੱਗ ਰਿਹਾ, ਕਿਉਂਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਾਰਟੀ ਦੇ ਅੰਦਰ ਬਗ਼ਾਵਤੀ ਸੁਰਾਂ ਲਗਾਤਾਰ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ |

ਬੇਸ਼ੱਕ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦੇ ਚਿਹਰੇ ਲਈ ਸਿੱਖ ਚਿਹਰੇ ਦਾ ਐਲਾਨ ਕੀਤਾ ਹੋਇਆ ਹੈ ਪਰ ਜੇਕਰ ਪਾਰਟੀ ਅੰਦਰਲੇ ਪਿਛਲੇ ਸਾਲਾਂ ਦੇ ਘਟਨਾਕ੍ਰਮ ਵੱਲ ਨਜ਼ਰ ਮਾਰੀ ਜਾਵੇ ਤਾਂ ਇਕ ਆਗੂ ਨੇ ਮੁੱਖ ਮੰਤਰੀ ਦੀ ਛੁਪੀ ਹੋਈ ਲਾਲਸਾ ਨੂੰ ਪੂਰੀ ਕਰਨ ਲਈ ਕਈ ਸਿੱਖ ਚਿਹਰਿਆਂ ਜਿਨ੍ਹਾਂ ‘ਚ ਸੁੱਚਾ ਸਿੰਘ ਛੋਟੇਪੁਰ, ਐਚ.ਐਸ. ਫੂਲਕਾ, ਸੁਖਪਾਲ ਸਿੰਘ ਖਹਿਰਾ, ਕੰਵਰ ਸਿੰਘ ਸੰਧੂ, ਗੁਰਪ੍ਰੀਤ ਘੁੱਗੀ ਤੇ ਹਰਿੰਦਰ ਸਿੰਘ ਖ਼ਾਲਸਾ ਸ਼ਾਮਿਲ ਹਨ, ਨੂੰ ਆਪਣੇ ਤਰੀਕੇ ਨਾਲ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ | ਕਈਆਂ ਦੇ ਪਾਰਟੀ ਤੋਂ ਬਾਹਰ ਹੋ ਜਾਣ ਕਾਰਨ ਕਈ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਨੂੰ ਉਮੀਦਵਾਰ ਨਹੀਂ ਲੱਭ ਰਹੇ ਹਨ, ਜਿਸ ਦੇ ਚਲਦਿਆਂ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਥੋਕ ਵਿਚ ਪਾਰਟੀ ਵਿਚ ਸ਼ਾਮਲ ਕਰਕੇ ਟਿਕਟ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ | ਗੱਲ ਮੁੱਖ ਮੰਤਰੀ ਦੇ ਚਿਹਰੇ ਦੀ ਕਰੀਏ ਤਾਂ ਬਗ਼ਾਵਤੀ ਸੁਰਾਂ ਐਨੀਆਂ ਤਿੱਖੀਆਂ ਹੋ ਗਈਆਂ ਹਨ ਕਿ ਪਾਰਟੀ ਅੰਦਰ ਕਦੋਂ ਵੀ ਕੋਈ ਵੱਡਾ ਧਮਾਕਾ ਹੋ ਸਕਦਾ ਹੈ, ਕਿਉਂਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਛੇ ਸੱਤ ਸਾਲ ਦੀ ਚੁੱਪੀ ਤੋੜਦਿਆਂ ਪਾਰਟੀ ਪ੍ਰਤੀ ਆਪਣੀ ਨਰਾਜ਼ਗੀ ਸਾਫ਼ ਜ਼ਾਹਰ ਕਰ ਦਿੱਤੀ ਹੈ |

ਉਨ੍ਹਾਂ ਦਾ ਕਹਿਣਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਮੁੱਖ ਮੰਤਰੀ ਦੇ ਚਿਹਰੇ ਲਈ ਉਸ ਦੀ ਕੋਈ ਰਾਇ ਨਹੀਂ ਲਈ ਜਾ ਰਹੀ ਪਰ ਉਨ੍ਹਾਂ ਪਾਰਟੀ ਨੂੰ ਦੱਸ ਦਿੱਤਾ ਹੈ ਕਿ ਉਸ ਦੇ ਸਮਰਥਕ ਕੀ ਚਾਹੁੰਦੇ ਹਨ | ਭਗਵੰਤ ਮਾਨ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸਭ ਤੋਂ ਵੱਧ ਲੀਡ ਨਾਲ 2014 ਵਿਚ ਲੋਕ ਸਭਾ ਦੀ ਚੋਣ ਜਿੱਤਣ ਦੇ ਬਾਵਜੂਦ ਲੋਕ ਸਭਾ ਵਿਚ ਪਾਰਟੀ ਦਾ ਲੀਡਰ ਧਰਮਵੀਰ ਗਾਂਧੀ ਨੂੰ ਬਣਾਇਆ ਗਿਆ | ਪਾਰਟੀ ਨੂੰ ਸਿਖਰਾਂ ‘ਤੇ ਪਹੁੰਚਾਉਣ ਦੇ ਬਾਵਜੂਦ ਪਾਰਟੀ ਦਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਬਣਾਇਆ ਗਿਆ | ਇਸੇ ਤਰ੍ਹਾਂ ਦੋ ਮਹੀਨੇ ਪਹਿਲਾਂ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦੀ ਕਮਾਨ ਸੰਭਾਲ ਦਿੱਤੀ ਗਈ | ਭਗਵੰਤ ਮਾਨ ਵਲੋਂ ਕਈ ਦਿਨਾਂ ਤੋਂ ਪਾਰਟੀ ਹਾਈ ਕਮਾਨ ‘ਤੇ ਦਬਾਅ ਬਣਾਏ ਜਾਣ ਕਾਰਨ ਬੇਸ਼ੱਕ ਪਾਰਟੀ ਹਾਈ ਕਮਾਨ ਵਿਚ ਪੂਰੀ ਘਬਰਾਹਟ ਵਿਚ ਹੈ ਪਰ ਫਿਰ ਵੀ ਪਾਰਟੀ ਅਜੇ ਆਪਣੇ ਪੱਤੇ ਖੋਲ ਨਹੀਂ ਰਹੀ ਤੇ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਕਰ ਰਹੀ ਹੈ | ਸਮਰਥਕਾਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਨੂੰ ਬੇਸ਼ੱਕ ਹਾਈਕਮਾਨ ਪਾਰਟੀ ਵਿਰੋਧੀ ਕਾਰਵਾਈਆਂ ਕਹਿ ਰਹੀ ਹੈ ਪਰ ਭਗਵੰਤ ਮਾਨ ਨੇ ਹਾਈਕਮਾਨ ਨੂੰ ਦੱਸ ਦਿੱਤਾ ਹੈ ਕਿ ਜੇਕਰ ਪਾਰਟੀ ਦੇ ਵਰਕਰ ਆਪਣੇ ਸੂਬਾ ਪ੍ਰਧਾਨ ਨੂੰ ਨਹੀਂ ਮਿਲ ਸਕਣਗੇ ਤਾਂ ਹੋਰ ਕਿਸ ਨੂੰ ਮਿਲਣਗੇ |

ਇਹ ਕਿਸੇ ਵੀ ਤਰ੍ਹਾਂ ਪਾਰਟੀ ਵਿਰੋਧੀ ਕਾਰਵਾਈ ਨਹੀਂ | ਉਧਰ ਰਾਜਨੀਤਿਕ ਮਾਹਿਰਾ ਦਾ ਕਹਿਣਾ ਕਿ ਜੇਕਰ ਪਾਰਟੀ ਹਾਈਕਮਾਨ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਨੂੰ ਅਣਡਿੱਠ ਕਰਦੀ ਹੈ ਤਾਂ ਪਾਰਟੀ ਦੇ ਟੁੱਟਣ ਨੂੰ ਜ਼ਿਆਦਾ ਦੇਰ ਨਹੀਂ ਲੱਗੇਗੀ | ਭਰੋਸੇਯੋਗ ਸੂਤਰ ਤਾਂ ਇਹ ਵੀ ਕਹਿ ਰਹਿ ਹਨ ਕਿ ਭਗਵੰਤ ਮਾਨ ਨੇ ਪਾਰਟੀ ਹਾਈਕਮਾਨ ਨੂੰ 15 ਸਤੰਬਰ ਤੱਕ ਦੀ ਡੈਡਲਾਇਨ ਦੇ ਰੱਖੀ ਹੈ, ਉਸ ਤੋਂ ਬਾਅਦ ਉਹ ਆਪਣਾ ਫ਼ੈਸਲਾ ਖ਼ੁਦ ਕਰਨਗੇ | ਇਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਅਗਲਾ ਹਫ਼ਤਾ ਆਮ ਆਦਮੀ ਪਾਰਟੀ ਲਈ ਪੰਜਾਬ ਵਿਚ ਫੈਸਲਾਕੁੰਨ ਹੋਵੇਗਾ | ਇਨ੍ਹਾਂ ਸੂਤਰਾਂ ਅਨੁਸਾਰ ਭਗਵੰਤ ਮਾਨ ਨੂੰ ਜੇਕਰ ਪਾਰਟੀ ਹਾਈਕਮਾਨ ਤਵੱਜੋ ਨਹੀਂ ਦਿੰਦੀ ਤਾਂ ਉਹ ਪਾਰਟੀ ਤੋਂ ਵੱਖ ਹੋ ਕੇ ਪੰਜਾਬ ਦੀਆਂ ਕਈ ਸੀਟਾਂ ‘ਤੇ ਆਪਣੇ ਸਾਥੀਆਂ ਸਮੇਤ ਚੋਣ ਲੜ ਸਕਦੇ ਹਨ | ਇਨ੍ਹਾਂ ਹਲਕਿਆਂ ਅਨੁਸਾਰ ਪਾਰਟੀ ਹਾਈਕਮਾਨ ਭਗਵੰਤ ਮਾਨ ਦੇ ਰਵੱਈਏ ਤੋਂ ਨਾਰਾਜ਼ ਚੱਲ ਰਹੀ ਹੈ ਅਤੇ ਤਾਜ਼ਾ ਸਥਿਤੀ ਅਨੁਸਾਰ ਪਾਰਟੀ ਦਬਾਅ ਦੀ ਰਾਜਨੀਤੀ ਝੱਲਣ ਲਈ ਤਿਆਰ ਨਹੀਂ | ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਵਿਖੇ ਹਰ ਰੋਜ਼ ਉਨ੍ਹਾਂ ਦੇ ਸਮਰਥਕਾਂ ਦੇ ਇਕੱਠ ਰਾਹੀਂ ਪਾਰਟੀ ‘ਤੇ ਲਗਾਤਾਰ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ |

ਪਾਰਟੀ ਦੇ ਆਗੂ ਸਮਝਦੇ ਹਨ ਕਿ ਭਗਵੰਤ ਮਾਨ ਨੇ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਲੋੜੀਂਦੀਆਂ ਮੀਟਿੰਗਾਂ ਨਹੀਂ ਬੁਲਾਈਆਂ ਤੇ ਮੁੱਖ ਮੰਤਰੀ ਵਜੋਂ ਵਿਚਰਨ ਵਾਲੇ ਚਿਹਰੇ ਵਜੋਂ ਸੰਜੀਦਗੀ ਨਹੀਂ ਦਿਖਾਈ | ਆਪੋ ਆਪਣੀਆਂ ਪਾਰਟੀਆਂ ਨਾਲੋਂ ਵੱਖ ਹੋ ਕੇ ਪਹਿਲਾਂ ਗੁਰਚਰਨ ਸਿੰਘ ਟੌਹੜਾ, ਜਗਮੀਤ ਸਿੰਘ ਬਰਾੜ, ਬੀਰਦਵਿੰਦਰ ਸਿੰਘ ਅਤੇ ਹੋਰ ਆਗੂ ਬਹੁਤੀ ਦੇਰ ਆਪਣੀ ਲੰਬੀ ਸਿਆਸਤ ਨਹੀਂ ਚਲਾ ਸਕੇ | ਮਨਪ੍ਰੀਤ ਸਿੰਘ ਬਾਦਲ ਨੂੰ ਵੀ ਆਪਣੀ ਪੰਜਾਬ ਪੀਪਲਜ਼ ਪਾਰਟੀ ਤਿਆਗ ਕੇ ਕਾਂਗਰਸ ਦਾ ਸਹਾਰਾ ਲੈਣਾ ਪਿਆ | ਇਸ ਸਬੰਧੀ ਜਦ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਰਟੀ ਸੁਪਰੀਮੋ ਕੇਜਰੀਵਾਲ ਹੀ ਕੋਈ ਫ਼ੈਸਲਾ ਲੈ ਸਕਦੇ ਹਨ | ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਇੱਕੋ ਫਿਕਰੇ ਵਿਚ ਗੱਲ ਮੁਕਾ ਦਿੱਤੀ ਕਿ ਇਹ ਫ਼ੈਸਲਾ ਪਾਰਟੀ ਨੇ ਕਰਨਾ ਹੈ ਅਤੇ ਸਮੇਂ ਅਨੁਸਾਰ ਫ਼ੈਸਲਾ ਕਰ ਲਿਆ ਜਾਵੇਗਾ |

Leave a Reply

Your email address will not be published.