ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਕਾਂਗਰਸ ਸਰਕਾਰ ਦੁਆਰਾ ਵੱਡੇ ਪੱਧਰ `ਤੇ ਕੀਤੇ ਵਿਕਾਸ ਕਾਰਜਾਂ ਵਿੱਚ ਭਰੋਸਾ ਕਰਨ ਦੀ ਅਪੀਲ

Home » Blog » ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਕਾਂਗਰਸ ਸਰਕਾਰ ਦੁਆਰਾ ਵੱਡੇ ਪੱਧਰ `ਤੇ ਕੀਤੇ ਵਿਕਾਸ ਕਾਰਜਾਂ ਵਿੱਚ ਭਰੋਸਾ ਕਰਨ ਦੀ ਅਪੀਲ
ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਕਾਂਗਰਸ ਸਰਕਾਰ ਦੁਆਰਾ ਵੱਡੇ ਪੱਧਰ `ਤੇ ਕੀਤੇ ਵਿਕਾਸ ਕਾਰਜਾਂ ਵਿੱਚ ਭਰੋਸਾ ਕਰਨ ਦੀ ਅਪੀਲ

ਰਾਮਪੁਰਾ (ਬਠਿੰਡਾ), 30 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ `ਤੇ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਭਰੋਸਾ ਰੱਖਣ ਅਤੇ ਹਰ ਹਾਲਾਤ ਵਿੱਚ ਲੋਕਾਂ ਦੇ ਨਾਲ ਖੜ੍ਹਨ ਵਾਲੀ ਸਰਕਾਰ ਦੀ ਚੋਣ ਕਰਨ ਦਾ ਸੱਦਾ ਦਿੱਤਾ।

ਇੱਥੇ ਅਨਾਜ ਮੰਡੀ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਿਵਲ ਹਸਪਤਾਲ-ਰਾਮਪੁਰਾ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਅਤੇ ਰਾਮਪੁਰਾ ਸਿਟੀ ਫਲਾਈਓਵਰ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਨਾਲ ਪੂਰੇ ਸ਼ਹਿਰ ਦੀ ਆਵਾਜਾਈ ਸੁਚਾਰੂ ਅਤੇ ਸੁਖਾਲੀ ਹੋ ਜਾਵੇਗੀ। ਇਹ ਫਲਾਈਓਵਰ ਰੇਲਵੇ ਸਟੇਸ਼ਨ ਅਤੇ ਗੀਤਾ ਭਵਨ ਰੋਡ ਵਿਚਕਾਰ 63.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਸੂਬੇ ਤੋਂ ਬਾਹਰਲਾ ਵਿਅਕਤੀ ਆਖਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਸੂਬੇ ਨੂੰ ਚਲਾਉਣ ਲਈ ਕਿਸੇ ਬਾਹਰੀ ਵਿਅਕਤੀ ਨੂੰ ਮੌਕਾ ਦੇਣ ਦੀ ਬਜਾਏ ਪੰਜਾਬੀ ਨੂੰ ਮੌਕਾ ਦੇਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲੋਕ ਕੈਪਟਨ ਅਤੇ ਬਾਦਲ ਪਰਿਵਾਰ ਦੀ ਕਾਰਜਸ਼ੈਲੀ ਨੂੰ ਦੇਖ ਚੁੱਕੇ ਹਨ, ਪਰ ਹੁਣ ਸਮਾਂ ਉਸ ਸਰਕਾਰ ਨੂੰ ਵੋਟ ਪਾਉਣ ਦਾ ਹੈ ਜੋ ਸ਼ਾਂਤੀ, ਸਦਭਾਵਨਾ ਅਤੇ ਪੰਜਾਬ ਦਾ ਵਿਕਾਸ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਮੌਕੇ ਬੋਲਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਵਜੋਂ ਚੰਨੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ 90 ਦਿਨਾਂ ਵਿੱਚ 99 ਫੈਸਲੇ ਲਏ ਹਨ।

ਉਨ੍ਹਾਂ ਕਿਹਾ ਕਿ ਰਾਮਪੁਰਾ ਸ਼ਹਿਰ ਵਿੱਚ ਜਲਦੀ ਹੀ ਦੋ ਆਈ.ਟੀ.ਆਈਜ਼ ਬਣਨਗੀਆਂ, ਜਿਨ੍ਹਾਂ ਦਾ ਅੱਜ ਮੁੱਖ ਮੰਤਰੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ। 6 ਕਰੋੜ ਰੁਪਏ ਦੀ ਉਸਾਰੀ ਲਾਗਤ ਤੋਂ ਇਲਾਵਾ ਆਈ.ਟੀ.ਆਈਜ਼ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਖਰੀਦ `ਤੇ ਵੀ 3.6 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੰਤਰੀ ਨੇ ਇਹ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ-ਬਠਿੰਡਾ ਦੀ ਲੋੜ ਅਨੁਸਾਰ ਇਨ੍ਹਾਂ ਆਈ.ਟੀ.ਆਈਜ਼ ਵਿੱਚ ਕੋਰਸ ਕਰਵਾਏ ਜਾਣਗੇ ਤਾਂ ਜੋ ਇਸ ਖੇਤਰ ਦੇ ਨੌਜਵਾਨਾਂ ਨੂੰ ਰਿਫਾਈਨਰੀ ਵਿੱਚ ਨੌਕਰੀਆਂ ਮਿਲ ਸਕਣ।

ਇਸ ਮੌਕੇ ਸਾਬਕਾ ਮੰਤਰੀ ਅਤੇ ਰਾਮਪੁਰਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਸਲ ਵਿੱਚ ਆਮ ਆਦਮੀ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ ਅਤੇ ਅਸਲ ਵਿੱਚ ਆਮ ਆਦਮੀ ਹਨ। ਕਾਂਗੜ ਨੇ ਬਸਪਾ ਦੇ ਮੱਖਣ ਸਿੰਘ ਭਾਈਰੂਪਾ ਦਾ ਕਾਂਗਰਸ ਵਿੱਚ ਆਉਣ `ਤੇ ਸਵਾਗਤ ਵੀ ਕੀਤਾ। ਉਨ੍ਹਾਂ ਨੇ ਇਸ ਖਿੱਤੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇਣ ਅਤੇ ਆਪਣੇ ਮੌਜੂਦਾ ਦੌਰੇ ਨੂੰ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਰਾਮਪੁਰਾ ਦੇ ਲੋਕਾਂ ਨੂੰ 105 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵੈਟਰਨਰੀ ਸਾਇੰਸ ਕਾਲਜ ਦੀ ਇਮਾਰਤ ਵੀ ਸਮਰਪਿਤ ਕੀਤੀ। 67 ਏਕੜ ਦੇ ਖੇਤਰ ਵਿੱਚ ਬਣਿਆ ਕਾਲਜ ਪਸ਼ੂਆਂ ਦੀ ਦੇਖਭਾਲ ਦੇ ਖੇਤਰ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਤਜਰਬੇਕਾਰ ਵੈਟਰਨਰੀ ਮਾਹਰ ਤਿਆਰ ਕਰ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਜਲਾਲਾਬਾਦ ਤੋਂ ਵਿਧਾਇਕ ਰਵਿੰਦਰ ਆਵਲਾ ਤੋਂ ਇਲਾਵਾ ਡੀਸੀ ਬਠਿੰਡਾ ਅਰਵਿੰਦਪਾਲ ਸਿੰਘ ਸੰਧੂ, ਆਈਜੀ ਜਸਕਰਨ ਸਿੰਘ, ਐਸਐਸਪੀ ਅਜੈ ਮਲੂਜਾ, ਐਸਡੀਐਮ ਨਵਦੀਪ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published.