ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ

Home » Blog » ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ
ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ

ਚਮਕੌਰ ਸਾਹਿਬ (ਰੂਪਨਗਰ), 30 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਨਵੇਂ ਸਾਲ ਦੇ ਤੋਹਫੇ ਵਜੋਂ 124.25 ਕਰੋੜ ਰੁਪਏ ਦਾ ਲਾਭ ਦਿੰਦੇ ਹੋਏ ਅੱਜ ਆਸ਼ਾ ਵਰਕਰਾਂ ਨੂੰ ਪ੍ਰੋਤਸਾਹਨ ਦੇ ਆਧਾਰ `ਤੇ ਪਹਿਲਾਂ ਮਿਲਦੀ ਵਿੱਤੀ ਰਾਸ਼ੀ ਦੇ ਮੁਕਾਬਲੇ 2500 ਰੁਪਏ ਮਹੀਨਾਵਾਰ ਫਿਕਸਡ ਭੱਤਾ ਦੇਣ ਦਾ ਐਲਾਨ ਕੀਤਾ ਜਿਸ ਨਾਲ ਲਗਭਗ 22,000 ਆਸ਼ਾ ਵਰਕਰਾਂ ਨੂੰ ਲਾਭ ਹੋਵੇਗਾ ਅਤੇ ਸਰਕਾਰੀ ਖਜ਼ਾਨੇ `ਤੇ 60 ਕਰੋੜ ਰੁਪਏ ਦਾ ਬੋਝ ਪਵੇਗਾ।

ਇਸੇ ਤਰ੍ਹਾਂ ਆਸ਼ਾ ਵਰਕਰਾਂ ਵੀ ਹੁਣ 5 ਲੱਖ ਰੁਪਏ ਤੱਕ ਦੀ ਨਕਦੀ ਰਹਿਤ ਸਿਹਤ ਬੀਮਾ ਯੋਜਨਾ ਦੀ ਸਹੂਲਤ ਲਈ ਹੱਕਦਾਰ ਹੋਣਗੀਆਂ ਜੋ ਕਿ ਸੂਬਾ ਸਰਕਾਰ ਵੱਲੋਂ ਮੁਫ਼ਤ ਕੀਤੀ ਜਾਵੇਗੀ ਤਾਂ ਜੋ ਆਪਣੀ ਡਿਊਟੀ ਕਰਦੇ ਸਮੇਂ ਕਿਸੇ ਛੂਤ ਵਾਲੀ ਬਿਮਾਰੀ ਫੈਲਣ ਦੇ ਸੰਭਾਵੀ ਖਤਰੇ ਵਿਰੁੱਧ ਉਨ੍ਹਾਂ ਨੂੰ ਕਵਰ ਕੀਤਾ ਜਾ ਸਕੇ। ਇਸੇ ਤਰ੍ਹਾਂ ਸੂਬੇ ਭਰ ਦੇ 19,700 ਸਰਕਾਰੀ/ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ 42,500 ਦੇ ਕਰੀਬ ਮਿਡ ਡੇ ਮੀਲ ਵਰਕਰਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦੇ ਫਿਕਸਡ ਭੱਤੇ ਨੂੰ 2200 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ `ਤੇ 64.25 ਕਰੋੜ ਰੁਪਏ ਦਾ ਬੋਝ ਪਵੇਗਾ।ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਕੰਮ ਕਰ ਰਹੀਆਂ ਸਾਰੀਆਂ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਹੁਣ ਰੈਗੂਲਰ ਆਧਾਰ ਉੱਤੇ `ਕੰਮ ਕਰ ਰਹੀਆਂ ਹੋਰ ਮਹਿਲਾ ਸਰਕਾਰੀ ਕਰਮਚਾਰੀਆਂ ਦੀ ਤਰਜ਼ `ਤੇ ਪ੍ਰਸੂਤਾ ਛੁੱਟੀ ਦਾ ਪੂਰਾ ਲਾਭ ਦਿੱਤਾ ਜਾਵੇਗਾ।

ਮੁੱਖ ਮੰਤਰੀ ਚੰਨੀ ਨੇ ਅੱਗੇ ਐਲਾਨ ਕੀਤਾ ਕਿ ਸਾਰੀਆਂ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਹੁਣ 1 ਜਨਵਰੀ 2022 ਤੋਂ ਵਧਿਆ ਹੋਇਆ ਫਿਕਸਡ ਭੱਤਾ ਮਿਲੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਇਹ ਭੱਤੇ ਪਹਿਲਾਂ ਵਾਂਗ 10 ਮਹੀਨਿਆਂ ਦੀ ਬਜਾਏ ਹੁਣ 12 ਮਹੀਨਿਆਂ ਲਈ ਮਿਲਣਗੇ। ਇੱਥੇ ਦਾਣਾ ਮੰਡੀ ਵਿਖੇ ਵਿਸ਼ੇਸ਼ ਤੌਰ `ਤੇ ਇਕੱਠੇ ਹੋਏ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਦੀ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਇਹ ਇੱਕ ਸ਼ੁਭ ਅਵਸਰ ਹੈ ਕਿਉਂ ਕਿ ਸੂਬੇ ਭਰ ਤੋਂ ਉਨ੍ਹਾਂ ਦੀਆਂ ਸਾਰੀਆਂ ਭੈਣਾਂ ਆਪਣੇ ਭਰਾ ਦੇ ਘਰ ਆਈਆਂ ਹਨ ਅਤੇ ਆਪਣੀਆਂ ਪਿਆਰੀਆਂ ਭੈਣਾਂ ਲਈ ਇਹ ਰਾਹਤ ਉਪਾਵਾਂ ਦਾ ਐਲਾਨ ਕਰਨਾ ਉਨ੍ਹਾਂ ਦੀ ਖੁਸ਼ਕਿਸਮਤੀ ਹੈ। ਔਰਤਾਂ ਦੇ ਸਸ਼ਕਤੀਕਰਨ ਲਈ ਆਪਣੀ ਸਰਕਾਰ ਵੱਲੋਂ ਕੀਤੀਆਂ ਵੱਡੀਆਂ ਪਹਿਲਕਦਮੀਆਂ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ, ਪੀਆਰਆਈਜ਼ ਅਤੇ ਯੂਐਲਬੀਜ਼ ਵਿੱਚ 50 ਫੀਸਦੀ ਰਾਖਵਾਂਕਰਨ ਅਤੇ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਅੱਜ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਐਲਾਨੇ ਗਏ ਮਹਿਲਾ ਪੱਖੀ ਫੈਸਲਿਆਂ ਦੇ ਅਨੁਰੂਪ ਹਨ।

ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਨੇ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਮਾੜੇ ਵਿਵਹਾਰ ਅਤੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਹੱਕ ਦੇਣ ਦੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਖਾਸ ਕਰਕੇ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੀ ਉਹ ਆਧਾਰ ਹੈ ਜਿਸ `ਤੇ ਕੋਈ ਵੀ ਸਦਭਾਵਨਾ ਜਾਂ ਬਰਾਬਰੀ ਵਾਲਾ ਸਮਾਜ ਟਿਕਿਆ ਹੋਇਆ ਹੈ।ਸਮਾਜ ਵਿੱਚ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚ ਬਰਾਬਰ ਦੀਆਂ ਹਿੱਸੇਦਾਰ ਬਣਾਉਣ ਦੀ ਲੋੜ `ਤੇ ਜ਼ੋਰ ਦਿੱਤਾ ਤਾਂ ਜੋ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਲਈ ਅਨੁਕੂਲ ਮਾਹੌਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਸਿਆਸਤਦਾਨਾਂ, ਸਮਾਜ ਸੇਵਕਾਂ, ਸਿੱਖਿਆ ਸ਼ਾਸਤਰੀਆਂ, ਪੇਸ਼ੇਵਰਾਂ ਅਤੇ ਸਭ ਤੋਂ ਵੱਧ ਲੋਕ ਭਾਵਨਾ ਵਾਲੇ ਵਿਅਕਤੀਆਂ ਦੀਆਂ ਵੱਖ-ਵੱਖ ਭੂਮਿਕਾਵਾਂ ਵਿੱਚ ਸਮਾਜ ਦੀ ਸੇਵਾ ਕਰਨ ਦੇ ਯੋਗ ਹੋ ਸਕਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ ਅਤੇ ਰਣਦੀਪ ਸਿੰਘ ਨਾਭਾ, ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਐਸ.ਏ.ਐਸ.ਨਗਰ ਬਲਬੀਰ ਸਿੰਘ ਸਿੱਧੂ, ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਨਾਜ਼ਰ ਸਿੰਘ, ਡਾ. ਹਰਜੋਤ ਕਮਲ, ਅਮਰੀਕ ਸਿੰਘ ਢਿੱਲੋਂ, ਚੌਧਰੀ ਸੁਰਿੰਦਰ ਸਿੰਘ ਅਤੇ ਹਰਪ੍ਰਤਾਪ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਆਗੂ ਤੇ ਵਰਕਰ ਮੌਜੂਦ ਸਨ।

Leave a Reply

Your email address will not be published.