ਚੰਡੀਗੜ੍ਹ / ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਜਾ ਰਹੀਆਂ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਸ਼ੀਲ ਚੰਦਰਾ ਦੀ ਅਗਵਾਈ ‘ਚ ਇਕ ਟੀਮ ਅੱਜ ਇੱਥੇ ਪੁੱਜੀ, ਜਿਸ ‘ਚ ਚੋਣ ਕਮਿਸ਼ਨ ਮੈਂਬਰ ਰਾਜੀਵ ਕੁਮਾਰ ਅਤੇ ਅਨੂਪ ਪਾਂਡੇ ਤੋਂ ਇਲਾਵਾ ਸੀਨੀਅਰ ਅਧਿਕਾਰੀ ਤੇ ਤਿੰਨ ਡਿਪਟੀ ਚੋਣ ਕਮਿਸ਼ਨਰ ਵੀ ਸ਼ਾਮਿਲ ਸਨ ।
ਕਮਿਸ਼ਨਰ ਦੇ ਵਫ਼ਦ ਵਲੋਂ ਚੰਡੀਗੜ੍ਹ ਪੁੱਜਣ ‘ਤੇ ਰਾਜ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀਆਂ ਗਈਆਂ । ਦਿਲਚਸਪ ਗੱਲ ਇਹ ਸੀ ਕਿ ਹੁਕਮਰਾਨ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਲਈ ਹਾਜ਼ਰ ਨਹੀਂ ਹੋਇਆ, ਜਦੋਂਕਿ ਆਮ ਆਦਮੀ ਪਾਰਟੀ, ਅਕਾਲੀ ਦਲ, ਸੀ[ਪੀ[ਐਮ[ ਅਤੇ ਸੀ[ਪੀ[ਆਈ[, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ, ਰਾਸ਼ਟਰਵਾਦੀ ਕਾਂਗਰਸ ਤੇ ਤਿ੍ਣਮੂਲ ਕਾਂਗਰਸ ਪਾਰਟੀ ਦੇ ਨੁਮਾਇੰਦੇ ਕਮਿਸ਼ਨ ਸਾਹਮਣੇ ਪੇਸ਼ ਹੋਏ । ਅਕਾਲੀ ਦਲ ਵਲੋਂ ਪੇਸ਼ ਹੋਏ ਡਾ[ ਦਲਜੀਤ ਸਿੰਘ ਚੀਮਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਮਿਸ਼ਨ ਕੋਲ ਦੋਸ਼ ਲਗਾਇਆ ਕਿ ਸੂਬੇ ਵਿਚ ਕਾਨੂੰਨ ਦੇ ਰਾਜ ਵਰਗੀ ਕੋਈ ਗੱਲ ਨਹੀਂ ਹੈ । ਉਨ੍ਹਾਂ ਕਿਹਾ ਕਿ ਇਕ ਕੈਬਨਿਟ ਮੰਤਰੀ ਇਹ ਦੋਸ਼ ਲਗਾ ਰਹੇ ਹਨ ਕਿ ਅਧਿਕਾਰੀਆਂ ਦੀਆਂ ਨਿਯੁਕਤੀਆਂ ਪੈਸਿਆਂ ਨਾਲ ਹੋ ਰਹੀਆਂ ਹਨ, ਜਦੋਂਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਹ ਸਾਰੇ ਸਥਾਨਕ ਪੁਲਿਸ ਤੇ ਸਿਵਲ ਅਧਿਕਾਰੀ ਮੰਤਰੀਆਂ ਤੇ ਵਿਧਾਇਕਾਂ ਦੀ ਮਰਜ਼ੀ ਅਨੁਸਾਰ ਲਗਾ ਰਹੇ ਹਨ ਤਾਂ ਫਿਰ ਨਿਰਪੱਖ ਚੋਣ ਕਿਵੇਂ ਹੋਣਗੀਆਂ ।
ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ‘ਚ ਬਿਉਰੋ ਆਫ਼ ਇਨਵੈਸਟੀਗੇਸ਼ਨ ਦੇ ਤਿੰਨ ਡਾਇਰੈਕਟਰ ਬਦਲ ਗਏ ਹਨ ਅਤੇ ਮਗਰਲੇ ਸਮੇਂ ਦੌਰਾਨ ਨਜਾਇਜ਼ ਸ਼ਰਾਬ ਨਾਲ 135 ਮੌਤਾਂ ਵੀ ਹੋਈਆਂ ਅਤੇ ਕੁਝ ਸਮਾਂ ਪਹਿਲਾਂ ਨਜਾਇਜ਼ ਸ਼ਰਾਬ ਬਣਾਉਣ ਦੀਆਂ ਜੋ ਦੋ ਫ਼ੈਕਟਰੀਆਂ ਫੜੀਆਂ ਗਈਆਂ, ਉਨ੍ਹਾਂ ‘ਚੋਂ ਇਕ ਨਾਲ ਇਕ ਵਿਧਾਇਕ ਤੇ ਦੂਜੀ ਨਾਲ ਇਕ ਮੰਤਰੀ ਦਾ ਨਾਂਅ ਜੁੜਦਾ ਰਿਹਾ, ਪਰ ਕਿਸੇ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਫੜੇ ਹੋਏ ਸਰਕਾਰੀ ਰਿਕਾਰਡ ਵਿਚਲੇ ਨਸ਼ਿਆਂ ਦੀ ਵਰਤੋਂ ਚੋਣਾਂ ‘ਚ ਵੀ ਹੋ ਸਕਦੀ ਹੈ । ਇਸੇ ਤਰ੍ਹਾਂ ਭਾਜਪਾ ਵਲੋਂ ਅਨਿਲ ਸਰੀਨ ਦੀ ਅਗਵਾਈ ‘ਚ ਪੇਸ਼ ਨੁਮਾਇੰਦਿਆਂ ਦੀ ਸੂਬੇ ਵਿਚ ਅਮਨ ਕਾਨੂੰਨ ਦਾ ਮੁੱਦਾ ਤੇ ਸੂਬੇ ਮਗਰਲੇ ਤਿੰਨ ਮਹੀਨਿਆਂ ਤੋਂ ਆਰਜ਼ੀ ਪੁਲਿਸ ਮੁਖੀ ਹੋਣ, ਸਰਕਾਰੀ ਫ਼ੰਡਾਂ ਦੀ ਵੱਡੇ ਪੱਧਰ ‘ਤੇ ਦੁਰਵਰਤੋਂ, ਪੰਜਾਬ ਨਿਰਮਾਣ ਫ਼ੰਡ ਦਾ ਪੈਸਾ ਵਰਕਰਾਂ ਦੇਣ ਅਤੇ ਵੋਟਾਂ ਪਾਉਣ ਲਈ ਨੇੜੇ ਦੀ ਥਾਂ ਦੂਰ ਦੇ ਬੂਥ ਅਲਾਟ ਕਰਨ ਦੇ ਮੁੱਦੇ ਉਠਾਏ ।
ਉਨ੍ਹਾਂ ਸੂਬੇ ‘ਚ ਤੁਰੰਤ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਚੋਣ ਪ੍ਰਕਿਿਰਆ ਦੀ ਪੂਰਨ ਤੌਰ ‘ਤੇ ਵੀਡੀEਗਰਾਫੀ ਦੀ ਵੀ ਮੰਗ ਉਠਾਈ । ਇਸੇ ਤਰ੍ਹਾਂ ਸੀ[ਪੀ[ਆਈ ਤੇ ਸੀ[ਪੀ[ਐਮ[ ਨੇ ਵੀ ਅਮਨ ਕਾਨੂੰਨ, ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਦੇ ਮੁੱਦੇ ਉਠਾਏ ਅਤੇ ਨਿਰਪੱਖ ਚੋਣ ਦੀ ਮੰਗ ਰੱਖੀ । ਕਮਿਸ਼ਨ ਵਲੋਂ ਬਾਅਦ ‘ਚ ਰਾਜ ਦੇ ਚੋਣ ਅਧਿਕਾਰੀਆਂ ਪੁਲਿਸ ਦੇ ਨੋਡਲ ਅਫ਼ਸਰਾਂ, ਕੇਂਦਰੀ ਏਜੰਸੀਆਂ ਜਿਨ੍ਹਾਂ ਵਿਚ ਈ[ਡੀ ਤੇ ਇਨਕਮ ਟੈਕਸ ਆਦਿ ਦੇ ਅਧਿਕਾਰੀ ਵੀ ਸ਼ਾਮਿਲ ਨਾਲ, ਮੀਟਿੰਗ ਕੀਤੀ । ਇਨ੍ਹਾਂ ਅਧਿਕਾਰੀਆਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਉਨ੍ਹਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਦੀਆਂ ਜ਼ਰੂਰਤਾਂ ਨੂੰ ਵੀ ਵਿਚਾਰਿਆ । ਕਮਿਸ਼ਨ ਵਲੋਂ ਕੱਲ੍ਹ ਬਾਅਦ ਦੁਪਹਿਰ ਵਾਪਸੀ ਤੋਂ ਪਹਿਲਾਂ ਵੀ ਕੁਝ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਦੌਰਾਨ ਉਹ ਰਾਜ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕਰਨਗੇ । ਕਮਿਸ਼ਨ ਵਲੋਂ ਵਾਪਸੀ ਤੋਂ ਪਹਿਲਾਂ ਪ੍ਰੈੱਸ ਨਾਲ ਵੀ ਗੱਲਬਾਤ ਕੀਤੀ ਜਾਵੇਗੀ । ਕਮਿਸ਼ਨ ਦੇ ਇਸ ਵਫ਼ਦ ਵਲੋਂ ਉਨ੍ਹਾਂ ਸਾਰੇ 5 ਸੂਬਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਪੋ੍ਰਗਰਾਮ ਤੋਂ ਬਾਅਦ ਹੀ ਚੋਣ ਪ੍ਰੋਗਰਾਮ ਦਾ ਐਲਾਨ ਸੰਭਵ ਹੋ ਸਕੇਗਾ ।