ਮੁੰਬਈ ਡ੍ਰਾਈਪੋਰਟ ਤੋਂ 345 ਕਿਲੋ ਹੇਰੋਈਨ ਬਰਾਮਦ, ਕੀਮਤ  1725 ਕਰੋੜ

ਨਵੀਂ ਦਿੱਲੀ:-ਮੁੰਬਈ ਦੀ ਨਵਾ ਸ਼ੇਰਾ ਬੰਦਰਗਾਹ ਤੋਂ 345 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨੂੰ ਮਲੱਠੀ ਦੀ ਤਰ੍ਹਾਂ ਬਣਾਇਆ ਗਿਆ ਸੀ | ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ 1725 ਕਰੋੜ ਰੁਪਏ ਹੈ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੁਝ ਦਿਨ ਪਹਿਲਾਂ ਦੋ ਅਫ਼ਗਾਨੀਆਂ ਨੂੰ ਗਿ੍ਫ਼ਤਾਰ ਕਰਕੇ ‘ਨਾਰਕੋ-ਟੈਰਰ’ (ਨਸ਼ਿਆਂ ਦੇ ਵਪਾਰ ਨਾਲ ਜੁੜਿਆ ਅੱਤਵਾਦ) ਦਾ ਖੁਲਾਸਾ ਕੀਤਾ ਸੀ | ਵਿਸ਼ੇਸ਼ ਸੈੱਲ ਨੇ ਉਸ ਸਮੇਂ 1200 ਕਰੋੜ ਦੀ ਨਸ਼ਿਆਂ ਦੀ ਖੇਪ ਫੜੀ ਸੀ | ਪੁੱਛਗਿੱਛ ‘ਚ ਅਫ਼ਗਾਨੀ ਨਾਗਰਿਕਾਂ ਨੇ ਖ਼ੁਲਾਸਾ ਕੀਤਾ ਸੀ ਕਿ ਮੁੰਬਈ ਦੇ ਬੰਦਰਗਾਹ ‘ਤੇ ਵੀ ਕੰਟੇਨਰ ‘ਚ ਨਸ਼ੇ ਦੀ ਖੇਪ ਮੌਜੂਦ ਹੈ | ਜਿਸ ‘ਤੇ ਪੁਲਿਸ ਨੇ ਮੁੰਬਈ ਦੀ ਨਵਾ ਸ਼ੇਰਾ ਬੰਦਰਗਾਹ ਤੋਂ ਇਕ ਕੰਟੇਨਰ ‘ਚੋਂ ਹੈਰੋਇਨ ਬਰਾਮਦ ਕੀਤੀ | ਹੈਰੋਇਨ ਦਾ ਘੋਲ ਬਣਾ ਕੇ ਮਲੱਠੀ ਉਪਰ ਚੜ੍ਹਾਇਆ ਗਿਆ ਸੀ | ਜਿਸ ਦਾ ਵਜ਼ਨ 22 ਟਨ ਤੇ ਜਦਕਿ ਮਿਲੀ ਹੈਰੋਇਨ ਦਾ ਵਜ਼ਨ 345 ਕਿੱਲੋ ਤੋਂ ਜ਼ਿਆਦਾ ਹੈ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੀ.ਪੀ. ਐਚ.ਜੀ.ਐਸ. ਧਾਲੀਵਾਲ ਨੇ ਕਿਹਾ ਕਿ ਜ਼ਬਤ ਕੀਤੀ ਗਈ ਹੈਰੋਇਨ ਦਾ ਕੁੱਲ ਮੁੱਲ ਲਗਭਗ 1725 ਕਰੋੜ ਰੁਪਏ ਹੈ | ਕੰਟੇਨਰ ਨੂੰ ਦਿੱਲੀ ਲਿਆਂਦਾ ਗਿਆ ਹੈ | ਜਿਸ ਕੰਟੇਨਰ ਤੋਂ ਨਸ਼ੇ ਦੀ ਖੇਪ ਜ਼ਬਤ ਕੀਤੀ ਗਈ ਹੈ, ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਵਾ ਸ਼ੇਰਾ ਬੰਦਰਗਾਹ ‘ਤੇ ਰੱਖਿਆ ਸੀ | ਇਹ ਬਰਾਮਦਗੀ ਹਾਲ ਹੀ ਵਿਚ ਫੜੇ ਦੋ ਅਫ਼ਗਾਨੀ ਨਾਗਰਿਕਾਂ ਦੀ ਨਿਸ਼ਾਨਦੇਹੀ ‘ਤੇ ਹੋਈ | ਪੁਲਿਸ ਮੁਤਾਬਿਕ ਇਸ ਗਰੋਹ ਤੋਂ ਹੁਣ ਤੱਕ 3000 ਕਰੋੜ ਦੇ ਨਸ਼ੇ ਜ਼ਬਤ ਕੀਤੇ ਜਾ ਚੁੱਕੇ ਹਨ | ਇਹ ਮਾਮਲਾ ‘ਨਾਰਕੋ-ਟੈਰਰ’ ਨਾਲ ਜੁੜਿਆ ਹੈ ਕਿਉਂਕਿ ਨਸ਼ਿਆਂ ਦਾ ਪੈਸਾ ਪਾਕਿਸਤਾਨ ਜਾ ਰਿਹਾ ਹੈ |

Leave a Reply

Your email address will not be published.