ਮੁਖਤਾਰ ਅੰਸਾਰੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ’ਚ ਪੇਸ਼

ਮੁਹਾਲੀ / ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ’ਤੇ ਯੂਪੀ ਸਣੇ ਹੋਰ ਥਾਵਾਂ ‘ਤੇ ਵੱਡੇ ਅਪਰਾਧਿਕ ਮਾਮਲੇ ਦਰਜ ਹਨ।

ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਅੰਸਾਰੀ ਨੂੰ ਯੂਪੀ ਨੰਬਰ ਦੀ ਐਂਬੂਲੈਂਸ ਵਿੱਚ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਹੈ। ਅੱਧੇ ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ। ਉਸ ਨੂੰ ਐਂਬੂਲੈਂਸ ’ਚੋਂ ਕਾਫੀ ਦੇਰ ਬਾਹਰ ਨਹੀਂ ਕੱਢਿਆ ਗਿਆ। ਹੈ, ਜਦੋਂਕਿ ਪੁਲੀਸ ਧੁੱਪ ਵਿੱਚ ਬਾਹਰ ਖੜ੍ਹੀ ਪਹਿਰਾ ਦਿੰਦੀ ਰਹੀ। ਇਸ ਤੋਂ ਬਾਅਦ ਅੰਸਾਰੀ ਨੂੰ ਵ੍ਹੀਲਚੇਅਰ ’ਤੇ ਗੱਡੀ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ।

ਪੀਟੀਆਈ ਦੀ ਲਖਨਊ ਤੋਂ ਪ੍ਰਾਪਤ ਰਿਪੋਰਟ: ਮੁਖਤਾਰ ਅੰਸਾਰੀ ਦੀ ਪਤਨੀ ਅਸ਼ਫ਼ਾਂ ਅੰਸਾਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਭੇਜ ਕੇ ਆਪਣੇ ਪਤੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਉਸ ਦੇ ਪਤੀ ਪੰਜਾਬ ਦੀ ਜੇਲ੍ਹ ਵਿੱਚ ਹਨ ਤੇ ਸੁਪਰੀਮ ਕੋਰਟ ਦੇ ਹੁਕਮ ’ਤੇ ਉਨ੍ਹਾਂ ਨੂੰ ਯੂਪੀ ਲਿਆਉਣ ਦੌਰਾਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਸ਼ਫ਼ਾਂ ਨੇ ਕਿਹਾ ਮੁਖਤਾਬ ਅੰਸਾਰੀ ਇਕ ਮਾਮਲ ਵਿੱਚ ਮੌਕੇ ਦੇ ਗਵਾਹ ਹਨ, ਜਿਸ ਵਿੱਚ ਭਾਜਪਾ ਦੇ ਵਿਧਾਨ ਪਰਿਸ਼ਦ ਮੈਂਬਰ ਤੇ ਮਾਫੀਆ ਬ੍ਰਿਜੇਸ਼ ਸਿੰਘ ਤੇ ਤ੍ਰਿਭੁਵਨ ਸਿੰਘ ਮੁਲਜ਼ਮ ਹਨ। ਅਸ਼ਫ਼ਾਂ ਮੁਤਾਬਕ ਇਹ ਦੋਵੇਂ ਸਰਕਾਰੀ ਤੰਤਰ ਨਾਲ ਕਥਿਤ ਮਿਲੀ ਭੁਗਤ ਕਰਕੇ ਉਸ ਦੇ ਪਤੀ ਨੂ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਲਈ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਲਿਆਉਣ ਮੌਕੇ ਮੁਕਾਬਲੇ ਵਿੱਚ ਮਾਰਿਆ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਅੰਸਾਰੀ ਦੀ ਉਹ ਅਰਜ਼ੀ ਵੀ ਖਾਰਜ ਕਰ ਦਿੱਤੀ ਜਿਸ ‘ਚ ਉਸ ਨੇ ਆਪਣੇ ਖਿਲਾਫ ਦਰਜ ਕੇਸਾਂ ਨੂੰ ਸੂਬੇ ਤੋਂ ਬਾਹਰ ਕਿਤੇ ਹੋਰ ਤਬਦੀਲ ਕਰਨ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਪੰਜਾਬ ਸਰਕਾਰ ਤੇ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ। ਯੂਪੀ ਪੁਲਿਸ ਨੇ ਅੰਸਾਰੀ ਦੀ ਬਾਂਦਾ ਜੇਲ੍ਹ ਲਈ ਹਿਰਾਸਤ ਮੰਗੀ ਹੈ। ਇਸ ਤੋਂ ਪਹਿਲਾਂ 4 ਮਾਰਚ ਨੂੰ ਪੰਜਾਬ ਸਰਕਾਰ ਨੇ ਸਿਖਰਲੀ ਅਦਾਲਤ ਨੂੰ ਜਾਣੂ ਕਰਵਾਇਆ ਸੀ ਕਿ ਯੋਗੀ ਆਦਿੱਤਿਆਨਾਥ ਸਰਕਾਰ ਕੋਲ ਅੰਸਾਰੀ ਦੀ ਹਿਰਾਸਤ ਮੰਗਣ ਦਾ ਕੋਈ ਸਿਧਾਂਤਕ ਹੱਕ ਨਹੀਂ ਹੈ। ਦੱਸਣਯੋਗ ਹੈ ਕਿ ਅੰਸਾਰੀ ਪੰਜਾਬ ਦੇ ਰੂਪਨਗਰ ਜੇਲ੍ਹ ਵਿਚ ਫਿਰੌਤੀ ਦੇ ਇਕ ਕੇਸ ‘ਚ 2019 ਤੋਂ ਬੰਦ ਹੈ।

ਯੂਪੀ ਵਿਚ ਅੰਸਾਰੀ ਖਿਲਾਫ ਕਈ ਗੰਭੀਰ ਅਪਰਾਧਾਂ ਦੇ ਕੇਸ ਦਰਜ ਹਨ। ਯੂਪੀ ਸਰਕਾਰ ਨੇ ਇਸ ਤੋਂ ਪਹਿਲਾਂ ਅਦਾਲਤ ਵਿਚ ਕਿਹਾ ਸੀ ਕਿ ਅੰਸਾਰੀ ਨਿਆਂ ਪ੍ਰਣਾਲੀ ਨੂੰ ‘ਧੋਖਾ‘ ਦੇ ਰਿਹਾ ਹੈ ਤੇ ਪੰਜਾਬ ਦੀ ਜੇਲ੍ਹ ‘ਚੋਂ ਉਸ ਦੀਆਂ ਗੈਰਕਾਨੂੰਨੀ ਕਾਰਵਾਈਆਂ ਜਾਰੀ ਹਨ। ਯੂਪੀ ਸਰਕਾਰ ਨੇ ਦੋਸ਼ ਲਾਇਆ ਸੀ ਅੰਸਾਰੀ ਤੇ ਪੰਜਾਬ ਪੁਲਿਸ ‘ਰਲੇ‘ ਹੋਏ ਹਨ। ਹਾਲਾਂਕਿ ਅਮਰਿੰਦਰ ਸਿੰਘ ਸਰਕਾਰ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਯੋਗੀ ਸਰਕਾਰ ਵੱਲੋਂ ਦਾਇਰ ਪਟੀਸ਼ਨ ਉਤੇ ਸਵਾਲ ਉਠਾਏ ਸਨ। ਯੂਪੀ ਸਰਕਾਰ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਅੰਸਾਰੀ ਨੇ ਪੀੜਤਾਂ ਦੇ ਹੱਕਾਂ ਅਤੇ ਜੇਲ੍ਹਾਂ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ। ਸਰਕਾਰ ਨੇ ਕਿਹਾ ਸੀ ਕਿ ਧਾਰਾ 142 ਤਹਿਤ ਸੁਪਰੀਮ ਕੋਰਟ ਅੰਸਾਰੀ ਨੂੰ ਯੂਪੀ ਤਬਦੀਲ ਕਰਨ ਦਾ ਹੁਕਮ ਦੇ ਸਕਦਾ ਹੈ ਕਿਉਂਕਿ 14-15 ਕੇਸ ਆਖਰੀ ਪੜਾਅ ‘ਚ ਹਨ। ਅੰਸਾਰੀ ਨੇ ਦਲੀਲ ਦਿੱਤੀ ਸੀ ਕਿ ਉਹ ਰਾਜ ਵਿਚ ਵਿਰੋਧੀ ਧਿਰ ਨਾਲ ਜੁੜੇ ਹੋਏ ਹਨ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਕਿ ਅੰਸਾਰੀ ਦੀ ਸਿਹਤ ਠੀਕ ਨਹੀਂ ਹੈ ਤੇ ਪੀਜੀਆਈ ਚੰਡੀਗੜ੍ਹ ਨੇ ਉਸ ਨੂੰ ਸਮੇਂ ਸਮੇਂ ਸਿਹਤ ਸਰਟੀਫਿਕੇਟ ਦਿੱਤਾ ਹੈ।

ਅੰਸਾਰੀ ਨੂੰ ਪੰਜਾਬ ‘ਚ ਵਰਤਣਾ ਚਾਹੁੰਦੀ ਸੀ ਕਾਂਗਰਸ: ਚੀਮਾ ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਮੁਖਤਾਰ ਅੰਸਾਰੀ ਨੂੰ ਯੂਪੀ ਭੇਜਣ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਕਾਂਗਰਸ ਵਿਰੋਧੀਆਂ ਨਾਲ ਨਿਪਟਣ ਲਈ ਅਜਿਹੇ ਗੈਂਗਸਟਰ ਨੂੰ ਪੰਜਾਬ ਵਿਚ ਰੱਖਣ ‘ਤੇ ਜੋਰ ਦੇ ਰਹੀ ਸੀ। ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ੱਕ ਦੇ ਘੇਰੇ ਵਿੱਚ ਹਨ ਜਿਸ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ।

Leave a Reply

Your email address will not be published.