ਮਿਸ਼ਨ 2022 ਲਈ ਕੈਪਟਨ ਦੀ ਬਲੀ

Home » Blog » ਮਿਸ਼ਨ 2022 ਲਈ ਕੈਪਟਨ ਦੀ ਬਲੀ
ਮਿਸ਼ਨ 2022 ਲਈ ਕੈਪਟਨ ਦੀ ਬਲੀ

ਚੰਡੀਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚ-ਧੁਹ ਤੋਂ ਬਾਅਦ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਚਾਹੇ ਫੌਰੀ ਤੌਰ ਤੇ ਇਸ ਦਾ ਮੁੱਖ ਕਾਰਨ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚ ਚੱਲ ਰਹੀ ਤਿੱਖੀ ਕਸ਼ਮਕਸ਼ ਨੂੰ ਹੀ ਕਿਹਾ ਜਾ ਸਕਦਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੀ ਸਰਕਾਰ ਅਤੇ ਪਾਰਟੀ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੜੀ ਬੇਚੈਨੀ ਦਿਖਾਈ ਦੇ ਰਹੀ ਸੀ। ਮੌਜੂਦਾ ਹਾਲਾਤ ਤੋਂ ਜਾਪ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ 4-5 ਮਹੀਨੇ ਪਹਿਲਾਂ ਸੂਬੇ ਦਾ ਮੁੱਖ ਮੰਤਰੀ ਬਦਲ ਪਿਛਲੇ ਸਾਢੇ ਚਾਰ ਸਾਲ ਦੀਆਂ ਨਕਾਮੀਆਂ ਕਿਸੇ ਇਕ ਸ਼ਖਸ ਸਿਰ ਸੁੱਟ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਸੌਂਪਣ ਪਿੱਛੋਂ ਪਾਰਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਤਕਰੀਬਨ 100 ਦਿਨ ਦੀ ਸੱਤਾ ਵਿਚ ਪਿਛਲੀਆਂ ਵਿਧਾਨ ਸਭਾ ਵਿਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਸਿਰੇ ਚਾੜ੍ਹ ਦਿੱਤੇ ਜਾਣਗੇ।

ਚੰਨੀ ਵੱਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਪਿੱਛੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਚ ਕਿਸਾਨਾਂ ਨਾਲ ਖੜ੍ਹਨ ਦਾ ਵਚਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਸੰਘਰਸ਼ ਦੇ ਰਾਹ ਪਏ ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ, ਪੰਜਾਬ ਦੇ ਲੋਕਾਂ ਦੇ ਘਰੇਲੂ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ, ਸਸਤੀ ਬਿਜਲੀ ਤੇ ਰੇਤ ਮਾਫੀਆ ਨੂੰ ਦਿੱਤੀ ਚਿਤਾਵਨੀ ਵਰਗੇ ਦਾਅਵੇ ਲੋਕਾਂ ਨੂੰ ਮੁੜ ਭਰਮਾਉਣ ਵਾਲੇ ਜਾਪ ਰਹੇ ਹਨ। ਕਾਂਗਰਸ ਦੇ ਇਸ ਦਾਅਵੇ ਪਿੱਛੋਂ ਸਵਾਲ ਉਠਣ ਲੱਗੇ ਹਨ ਕਿ ਜੇਕਰ ਉਹ ਆਪਣੇ ਵਾਅਦਿਆਂ ਪ੍ਰਤੀ ਨੇਕ ਨੀਅਤ ਸੀ ਤੇ ਉਸ ਕੋਲ ਇੰਨੇ ਕਾਬਲ ਆਗੂ ਸਨ ਤਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਅਜਿਹੀਆਂ ਕੋਸ਼ਿਸ਼ਾਂ ਕਿਉਂ ਨਹੀਂ ਹੋਈਆਂ? ਦਰਅਸਲ, ਪੂਰੇ ਮੁਲਕ ਵਿਚ ਪੰਜਾਬ ਹੀ ਅਜਿਹਾ ਸੂਬਾ ਹੈ ਜਿਥੇ ਕਾਂਗਰਸ ਹੁਣ ਵੀ ਪੱਕੇ ਪੈਰੀਂ ਹੈ। ਪੰਜਾਬੀਆਂ ਨੇ ਭਾਜਪਾ ਦੀਆਂ ਫਿਰਕੂ ਰਣਨੀਤੀ ਨੂੰ ਨਕਾਰ ਕੇ ਕਾਂਗਰਸ ਨੂੰ ਸੱਤਾ ਸੌਂਪੀ ਪਰ ਕੌਮੀ ਸਿਆਸਤ ਵਿਚ ਮਨਫੀ ਹੋ ਰਹੀ ਇਹ ਧਿਰ (ਕਾਂਗਰਸ) ਮੌਕਾ ਨਹੀਂ ਸਾਂਭ ਸਕੀ। ਪੰਜਾਬ ਦੇ ਮੰਚ ਤੋਂ ਨਾ ਤਾਂ ਇਹ ਧਿਰ ਭਾਜਪਾ ਦੀ ਕੇਂਦਰ ਵਿਚਲੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲੇ ਕਿਸਾਨ ਅੰਦੋਲਨ ਨਾਲ ਡਟ ਕੇ ਖੜ੍ਹ ਸਕੀ ਤੇ ਨਾ ਹੀ ਪੰਜਾਬ ਨਾਲ ਹੋ ਰਹੀਆਂ ਕੇਂਦਰੀ ਵਧੀਆਂ ਖਿਲਾਫ ਆਵਾਜ਼ ਬੁਲੰਦ ਕਰ ਸਕੀ। ਹੁਣ ਸਾਢੇ ਚਾਰ ਸਾਲ ਸੱਤਾ ਭੋਗਣ ਪਿੱਛੋਂ ਕਾਂਗਰਸ ਵੀ ਭਾਜਪਾ ਨਾਲ ਮਿਲਦੀ-ਜੁਲਦੀ ਰਣਨੀਤੀ ਵੱਲ ਤੁਰ ਪਈ।

ਭਾਜਪਾ ਸੱਤਾ ਵਿਰੋਧੀ ਰੋਹ ਨੂੰ ਸ਼ਾਂਤ ਕਰਨ ਲਈ ਪਿਛਲੇ 6 ਮਹੀਨਿਆਂ ਵਿਚ ਆਪਣੇ ਸੱਤਾ ਵਾਲੇ ਪੰਜ ਸੂੁਬਿਆਂ ਦੇ ਮੁੱਖ ਮੰਤਰੀ ਬਦਲ ਚੁੱਕੀ ਹੈ। ਇਸ ਪਿੱਛੇ ਮੁੱਖ ਕਾਰਨ ਸਰਕਾਰੀ ਨਕਾਮੀਆਂ ਤੇ ਜਾਤ-ਪਾਤ ਦੀ ਸਿਆਸਤ ਹੈ। ਪੰਜਾਬ ਵਿਚ ਵੀ ਇਹੀ ਫਾਰਮੂਲਾ ਵਰਤ ਕੇ ਇਸ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਰਣਨੀਤੀ ਬਣਾਇਆ ਗਈ ਹੈ। ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਜਿਥੇ ਦਲਿਤ ਭਾਈਚਾਰੇ ਦੀ ਹਮਦਰਦੀ ਦੀ ਕੋਸ਼ਿਸ਼ ਹੋਈ ਹੈ, ਉਥੇ ਗੁਰਬਤ ਵਿਚੋਂ ਉਠੇ ਆਗੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਨੂੰ ਚਾਹ ਵਾਲਾ ਅਤੇ ਗੁਰਬਤ ਵਿਚੋਂ ਉਠਿਆ ਆਮ ਬੰਦ ਗਰਦਾਨ ਕੇ ਭਾਜਪਾ ਨੂੰ ਕੌਮੀ ਸਿਆਸਤ ਵਿਚ ਫਿੱਟ ਕਰਨ ਲਈ ਇਹ ਫਾਰਮੂਲਾ ਬੜਾ ਕਾਰਗਰ ਸਾਬਤਾ ਹੋਇਆ ਸੀ। ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ। ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ।

ਚੇਤੇ ਰਹੇ ਕਿ ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ। ਅਸਲ ਵਿਚ, ਕਿਸਾਨ ਅੰਦੋਲਨ ਦੇ ਵਧ ਰਹੇ ਪ੍ਰਭਾਵ ਕਾਰਨ ਸਿਆਸੀ ਧਿਰਾਂ ਇਸ ਸਮੇਂ ਅਸਲ ਮੁੱਦਿਆਂ ਦੀ ਥਾਂ ਜਾਤੀ ਵੋਟ ਉਤੇ ਵੱਟ ਟੇਕ ਰੱਖ ਰਹੀਆਂ ਹਨ। ਦਰਅਸਲ, ਇਸ ਤੋਂ ਪਹਿਲਾਂ 10 ਸਾਲ ਤੋਂ ਪ੍ਰਸ਼ਾਸਨ ਚਲਾ ਰਹੀ ਅਕਾਲੀ-ਭਾਜਪਾ ਗੱਠਜੋੜ ਵਾਲੀ ਸਰਕਾਰ ਤੋਂ ਅਨੇਕਾਂ ਕਾਰਨਾਂ ਕਰਕੇ ਲੋਕਾਂ ਦਾ ਮੋਹ ਭੰਗ ਹੋ ਹੋਇਆ ਸੀ ਪਰ ਇਸ ਦੇ ਨਾਲ ਹੀ ਤੀਸਰੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਉਤੇ ਲੋਕਾਂ ਵਲੋਂ ਜ਼ਰੂਰ ਟੇਕ ਰੱਖੀ ਜਾ ਰਹੀ ਸੀ। ਲੋਕ ਮਨਾਂ ਵਿਚ ਉਸ ਦੇ ਉਭਾਰ ਨਾਲ ਇਹ ਵੀ ਉਮੀਦ ਬੱਝਣ ਲੱਗੀ ਸੀ ਕਿ ਉਹ ਪੰਜਾਬ ਦੀ ਸਿਆਸਤ ਵਿਚ ਵੱਡਾ ਰੋਲ ਅਦਾ ਕਰ ਸਕਦੀ ਹੈ। ਉਂਜ, ਇਸ ਧਾਰਨਾ ਤੋਂ ਉਲਟ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੂੰ ਚੋਣਾਂ ਦੌਰਾਨ ਏਨੀ ਵੱਡੀ ਜਿੱਤ ਪ੍ਰਾਪਤ ਹੋਈ ਸੀ ਜਿਸ ਦੀ ਉਮੀਦ ਉਸ ਨੂੰ ਆਪ ਨੂੰ ਵੀ ਨਹੀਂ ਸੀ।

ਇਨ੍ਹਾਂ ਚੋਣਾਂ ਦਾ ਇਕ ਪਹਿਲੂ ਇਹ ਵੀ ਸੀ ਕਿ ਚੋਣ ਪ੍ਰਚਾਰ ਦੌਰਾਨ ਦੂਜੀਆਂ ਪਾਰਟੀਆਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਅਜਿਹੇ ਵਾਅਦੇ ਕੀਤੇ ਸਨ ਜਿਨ੍ਹਾਂ ਦਾ ਪੂਰਾ ਕੀਤਾ ਜਾਣਾ ਬੇਹੱਦ ਮੁਸ਼ਕਿਲ ਸੀ। ਇਸ ਵਿਚ ਕਰਜ਼ਿਆਂ ਦੀ ਮੁਆਫੀ, ਅਮਨ-ਕਾਨੂੰਨ ਦੀ ਸਥਿਤੀ, ਬੇਹੱਦ ਉਭਾਰ ਵਿਚ ਆਏ ਧਾਰਮਿਕ ਮਸਲੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਆਦਿ ਇਨ੍ਹਾਂ ਮੁੱਦਿਆਂ ਤੇ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਬਹੁਤਾ ਸਫ਼ਰ ਤੈਅ ਕਰਨ ਵਿਚ ਕਾਮਯਾਬ ਨਹੀਂ ਸੀ ਹੋਈ। ਜਿਨ੍ਹਾਂ ਗੱਲਾਂ ਕਰਕੇ ਲੋਕਾਂ ਨੇ ਪਿਛਲੀ ਸਰਕਾਰ ਨੂੰ ਨਕਾਰ ਕੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਸੀ, ਉਨ੍ਹਾਂ ਨੂੰ ਵੀ ਸੰਤੁਸ਼ਟੀਜਨਕ ਢੰਗ ਨਾਲ ਪੂਰਾ ਨਹੀਂ ਕੀਤਾ ਜਾ ਸਕਿਆ। ਪਿਛਲੀ ਸਰਕਾਰ ਵਾਂਗ ਰੇਤਾ ਬੱਜਰੀ ਅਤੇ ਸ਼ਰਾਬ ਮਾਫੀਏ ਦੀ ਗੱਲ ਹੋਰ ਵੀ ਵਧੇਰੇ ਉਠਣ ਲੱਗੀ। ਭ੍ਰਿਸ਼ਟਾਚਾਰ ਨੂੰ ਠੱਲ੍ਹ ਨਾ ਪਾਈ ਜਾ ਸਕੀ। ਕੁਝ ਕੁ ਖੇਤਰਾਂ ਨੂੰ ਛੱਡ ਕੇ ਕੋਈ ਅਜਿਹੀ ਯੋਜਨਾਬੰਦੀ ਨਾ ਕੀਤੀ ਜਾ ਸਕੀ, ਜੋ ਲੋਕਾਂ ਨੂੰ ਸੰਤੁਸ਼ਟ ਕਰ ਸਕਦੀ। ਸਮੁੱਚੇ ਰੂਪ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੇ ਸੂਬਾ ਕਾਂਗਰਸ ਨੂੰ ਬਚਾਅ ਦੀ ਸਥਿਤੀ ਵਿਚ ਲਿਆ ਖੜ੍ਹਾ ਕੀਤਾ।

ਚਾਹੇ ਅਜਿਹੀ ਸਥਿਤੀ ਲਈ ਭਾਗੀ ਤਾਂ ਹਰ ਅਹੁਦੇਤੇ ਬੈਠੇ ਕਾਂਗਰਸੀ ਨੂੰ ਹੀ ਕਿਹਾ ਜਾ ਸਕਦਾ ਹੈ ਪਰ ਇਸ ਸਭ ਕੁਝ ਲਈ ਕਟਹਿਰੇ ਵਿਚ ਮੁੱਖ ਮੰਤਰੀ ਨੂੰ ਖੜ੍ਹਾ ਕਰ ਦਿੱਤਾ ਗਿਆ ਅਤੇ ਇਸ ਸਮੁੱਚੇ ਵਰਤਾਰੇ ਦਾ ਉਨ੍ਹਾਂ ਨੂੰ ਭਾਗੀ ਬਣਾ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ `ਤੇ ਨਵੇਂ ਬਣੇ ਮੁੱਖ ਮੰਤਰੀ ਕੋਲ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੋਵੇਗਾ। ਇਸ ਵਿਚ ਸਰਕਾਰ ਅਤੇ ਕਾਂਗਰਸ ਪਾਰਟੀ ਕਿੰਨਾ ਕੁ ਪ੍ਰਭਾਵ ਬਣਾ ਸਕਣ ਵਿਚ ਕਾਮਯਾਬ ਹੋ ਸਕੇਗੀ, ਇਸ ਬਾਰੇ ਅਜੇ ਅਨਿਸ਼ਚਿਤਤਾ ਹੀ ਬਣੀ ਹੋਈ ਹੈ। ਇਸੇ ਪੱਖ ਤੋਂ ਕਾਂਗਰਸ ਸਾਹਮਣੇ ਇਕ ਵਾਰ ਫਿਰ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ। ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਮੋਰਚਾ ਖੋਲ੍ਹਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ ਅਤੇ ਇਸ ਦੇ ਅਸਰ ਆਉਣ ਵਾਲੇ ਮਹੀਨਿਆਂ ਵਿਚ ਦਿਖਾਈ ਦੇਣਗੇ। ਭਾਵੇਂ ਇਹ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਉਣ ਤੋਂ ਬਾਅਦ ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ ਹਨ ਪਰ ਇਸ ਤਬਦੀਲੀ ਨੇ ਸੂਬੇ ਦੀ ਸਿਆਸਤ ਵਿਚ ਨਵਾਂ ਮੋੜ ਲਿਆਂਦਾ ਹੈ। ਭਾਜਪਾ ਨੂੰ ਕੈਪਟਨ ਦਾ ਫਿਕਰ! ਭਾਜਪਾ ਵੱਲੋਂ ਕੈਪਟਨ ਨੂੰ ਜਲੀਲ ਕਰਕੇ ਕੁਰਸੀEਂ ਲਾਉਣ ਦਾ ਪਾਇਆ ਜਾ ਰਿਹਾ ਰੌਲਾ ਵੱਡੇ ਸਿਆਸੀ ਸੰਕੇਤ ਦੇ ਰਿਹਾ ਹੈ।

ਭਾਜਪਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕੈਪਟਨ ਦੀ ਰਾਸ਼ਟਰਵਾਦੀ ਸੋਚ ਭਾਜਪਾ ਨਾਲ ਕਾਫੀ ਮੇਲ ਖਾਂਦੀ ਹੈ। ਉਧਰ, ਕੈਪਟਨ ਦੀ ਪਿਛਲੇ ਕੁਝ ਸਮੇਂ ਵਿਚ ਭਾਜਪਾ ਤੇ ਨਰਿੰਦਰ ਮੋਦੀ ਸਰਕਾਰ ਪ੍ਰਤੀ ਨਰਮ ਨੀਤੀ ਵੀ ਕੁਝ ਅਜਿਹਾ ਹੀ ਇਸ਼ਾਰਾ ਕਰ ਰਹੀ ਹੈ। ਭਾਜਪਾ ਵੱਲੋਂ ਕੈਪਟਨ ਨੂੰ ਪੰਜਾਬ ਵਿਚ ਪਾਰਟੀ ਦੀ ਕਮਾਨ ਸੰਭਾਲਣ ਦਾ ਦਿੱਤਾ ਸੱਦਾ ਅਗਲੇ ਦਿਨਾਂ ਵਿਚ ਸੂਬੇ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਸਕਦਾ ਹੈ। ਭਾਜਪਾ ਦੀ ਕੈਪਟਨ ਦੇ ਨਾਲ-ਨਾਲ ਉਨ੍ਹਾਂ ਦੇ ਹਮਾਇਤੀਆਂ ਉਤੇ ਵੀ ਅੱਖ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚ ਜਲੀਲ ਕੀਤਾ ਗਿਆ, ਉਹ ਪਾਰਟੀ ਦੇ ਹੋਰਨਾਂ ਵੱਡੇ ਨੇਤਾਵਾਂ ਲਈ ਨਸੀਹਤ ਹੈ।

Leave a Reply

Your email address will not be published.