ਮਾਨਸਾ ਨੇੜੇ ਕਾਰ ਦੀ ਬੱਸ ਨਾਲ ਟੱਕਰ-ਦੋ ਬੱਚਿਆਂ ਸਮੇਤ 6 ਮੌਤਾਂ

Home » Blog » ਮਾਨਸਾ ਨੇੜੇ ਕਾਰ ਦੀ ਬੱਸ ਨਾਲ ਟੱਕਰ-ਦੋ ਬੱਚਿਆਂ ਸਮੇਤ 6 ਮੌਤਾਂ
ਮਾਨਸਾ ਨੇੜੇ ਕਾਰ ਦੀ ਬੱਸ ਨਾਲ ਟੱਕਰ-ਦੋ ਬੱਚਿਆਂ ਸਮੇਤ 6 ਮੌਤਾਂ

ਮਾਨਸਾ/ਜੋਗਾ / ਮਾਨਸਾ ਜ਼ਿਲੇ੍ਹ ਦੇ ਕਸਬਾ ਜੋਗਾ ਨੇੜੇ ਅਲਟੋ ਕਾਰ ਤੇ ਇਕ ਨਿੱਜੀ ਬੱਸ ਦੀ ਟੱਕਰ ‘ਚ ਕਾਰ ਸਵਾਰ 6 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ ਜਦਕਿ 2 ਬੱਚੇ ਜ਼ਖ਼ਮੀ ਹੋ ਗਏ |

ਮ੍ਤਿਕਾਂ ‘ਚ ਡਰਾਈਵਰ ਤੋਂ ਇਲਾਵਾ 3 ਔਰਤਾਂ ਤੇ ਇਕ ਬੱਚੀ ਤੇ ਇਕ ਬੱਚਾ ਸ਼ਾਮਿਲ ਹੈ | ਹਾਸਲ ਕੀਤੀ ਜਾਣਕਾਰੀ ਅਨੁਸਾਰ ਜ਼ਿਲੇ੍ਹ ਦੇ ਪਿੰਡ ਹੀਰਕੇ (ਸਰਦੂਲਗੜ੍ਹ) ਵਿਖੇ ਬਾਬਾ ਨਰਾਇਣ ਦਾਸ ਦੀ ਸਮਾਧ ‘ਤੇ ਸਾਲਾਨਾ ਰਾਤਰੀ ਮੇਲਾ ਭਰਦਾ ਹੈ, ਜਿੱਥੇ ਪੰਜਾਬ ਤੋਂ ਇਲਾਵਾ ਗੁਆਂਢੀ ਰਾਜ ਹਰਿਆਣਾ ਤੇ ਰਾਜਸਥਾਨ ‘ਚੋਂ ਵੀ ਲੋਕ ਸ਼ਰਧਾ ਵਜੋਂ ਸ਼ਿਰਕਤ ਕਰਦੇ ਹਨ | ਹਾਦਸੇ ਦਾ ਸ਼ਿਕਾਰ ਹੋਏ ਉਪਰੋਕਤ ਵਿਅਕਤੀ ਜੋ ਝਬਾਲ ਰੋਡ ਨਰੈਣਪੁਰ ਦੇ ਇੱਬਣ ਖ਼ੁਰਦ (ਅੰਮ੍ਤਿਸਰ) ਦੇ ਵਾਸੀ ਸਨ, ਕਿਰਾਏ ‘ਤੇ ਕਾਰ ਲੈ ਕੇ ਸਮਾਧ ‘ਤੇ ਪੁੱਜੇ ਸਨ | ਬੀਤੀ ਰਾਤ ਮੇਲੇ ‘ਚ ਸ਼ਾਮਿਲ ਹੋਣ ਉਪਰੰਤ ਬਾਅਦ ਦੁਪਹਿਰ 4 ਵਜੇ ਦੇ ਕਰੀਬ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਮਾਨਸਾ-ਬਰਨਾਲਾ ਮੁੱਖ ਸੜਕ ‘ਤੇ ਸਥਿਤ ਜੋਗਾ ਕਸਬੇ ਦੇ ਪੁਲ ਦੇ ਕੋਲ ਕਾਰ ਦੀ ਸਿੱਧੀ ਟੱਕਰ ਬੱਸ ਨਾਲ ਹੋ ਗਈ | ਬੱਸ ਸਵਾਰ ਚਸ਼ਮਦੀਦ ਸਵਾਰੀਆਂ ਤੇ ਡਰਾਈਵਰ ਦੇ ਦੱਸਣ ਅਨੁਸਾਰ ਜਦੋਂ ਸਾਹਮਣੇ ਤੋਂ ਡਿੱਕ-ਡੋਲੇ ਆਉਂਦੀ ਕਾਰ ਦਿਖੀ ਤਾਂ ਬੱਸ ਰੋਕਣ ਦੇ ਬਾਵਜੂਦ ਕਾਰ ਦੀ ਟੱਕਰ ਏਨੀ ਭਿਆਨਕ ਹੋਈ ਕਿ 6 ਜਣੇ ਮੌਕੇ ‘ਤੇ ਹੀ ਪ੍ਰਾਣ ਤਿਆਗ ਗਏ |

ਮ੍ਤਿਕਾਂ ‘ਚ ਡਰਾਈਵਰ ਤਰਸੇਮ ਲਾਲ (37) ਵਾਸੀ ਮੋਹਤਲੀ (ਹਿਮਾਚਲ) ਤੋਂ ਇਲਾਵਾ ਭੋਲੀ ਦੇਵੀ (60), ਮਨਪ੍ਰੀਤ ਕੌਰ (35), ਮਨਦੀਪ ਕੌਰ (31) ਦੇ ਨਾਲ ਹੀ 10 ਵਰ੍ਹਿਆਂ ਦੀ ਲੜਕੀ ਤੇ 8 ਸਾਲਾ ਲੜਕਾ ਸ਼ਾਮਿਲ ਹੈ | ਜ਼ਖ਼ਮੀਆਂ ‘ਚ 12 ਵਰ੍ਹਿਆਂ ਦੀ ਲੜਕੀ ਤੇ 2 ਸਾਲ ਦਾ ਬੱਚਾ ਹੈ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਡਰਾਈਵਰ ਤੋਂ ਬਿਨਾਂ ਬਾਕੀ ਸਾਰੇ ਇੱਬਣ ਖ਼ੁਰਦ ਦੇ ਵਾਸੀ ਹਨ | ਪਤਾ ਲੱਗਾ ਹੈ ਕਿ ਇਹ ਪਰਿਵਾਰ 2 ਵਰ੍ਹਿਆਂ ਦੇ ਬੱਚੇ ਦੀ ਸੁੱਖ ਲਾਉਣ ਲਈ ਉਪਰੋਕਤ ਸਥਾਨ ‘ਤੇ ਆਏ ਸਨ | ਘਟਨਾ ਸਥਾਨ ‘ਤੇ ਥਾਣਾ ਜੋਗਾ ਦੇ ਮੁੱਖ ਅਫਸਰ ਅਜੇ ਕੁਮਾਰ ਪਰੋਚਾ ਤੇ ਹੋਰ ਅਧਿਕਾਰੀ ਪਹੁੰਚੇ | ਮ੍ਤਿਕ ਦੇਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ | ਜ਼ਖ਼ਮੀ ਲੜਕੀ ਤੇ ਲੜਕੇ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਅੰਮ੍ਤਿਸਰ ਲਈ ਰੈਫ਼ਰ ਕਰ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਕੱਦਮਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮ੍ਤਿਕਾਂ ਦਾ ਪੋਸਟ ਮਾਰਟਮ ਭਲਕੇ ਹੋਵੇਗਾ |

Leave a Reply

Your email address will not be published.