ਮਾਂ ਨੇ ਭਗਵੰਤ ਨੂੰ ਗਲਵੱਕੜੀ ’ਚ ਲੈ ਕੇ ਕਿਹਾ, ਪੁੱਤਰਾ! ਤੇਰੇ ਤੋਂ ਪੰਜਾਬ ਨੂੰ ਬਹੁਤ ਉਮੀਦਾਂ

ਮਾਂ ਨੇ ਭਗਵੰਤ ਨੂੰ ਗਲਵੱਕੜੀ ’ਚ ਲੈ ਕੇ ਕਿਹਾ, ਪੁੱਤਰਾ! ਤੇਰੇ ਤੋਂ ਪੰਜਾਬ ਨੂੰ ਬਹੁਤ ਉਮੀਦਾਂ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ‘ਆਪ’ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਦਾ ਉਹ ਸਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਗੱਲ ਮੰਨਦਿਆਂ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰਨਾਂ ਪਾਰਟੀਆਂ ਦੇ ਪੋਲਿੰਗ ਬੂਥ ਨਾ ਲਗਾ ਕੇ ਉਨ੍ਹਾਂ ਪ੍ਰਤੀ ਜੋ ਸਨੇਹ ਤੇ ਪਿਆਰ ਜਤਾਇਆ ਹੈ ਉਸ ਦਾ ਦੇਣਾ ਉਹ ਉਮਰ ਭਰ ਨਹੀਂ ਦੇ ਸਕਦੇ।

ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਆਉਣ ਵਾਲੀ 10 ਮਾਰਚ ਨੂੰ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ ਹੋਵੇਗੀ ਤੇ ਸਰਕਾਰ ਵੀ ਬਹੁਮਤ ਨਾਲ ਬਣੇਗੀ। ਆਪਣੇ ਜੱਦੀ ਘਰ ਵਿਖੇ ਪੁੱਜੇ ਮਾਨ ਨੂੰ ਜਦੋਂ ਉਸ ਦੀ ਮਾਤਾ ਹਰਪਾਲ ਕੌਰ ਨੇ ਗਲਵੱਕੜੀ ਪਾਈ ਤਾਂ ਦੋਵੇਂ ਭਾਵੁਕ ਹੋ ਗਏ।

ਮਾਨ ਦੀ ਮਾਤਾ ਨੇ ਕਿਹਾ ਕਿ ‘ਪੁੱਤਰਾ! ਤੇਰੇ ਤੋਂ ਪੰਜਾਬ ਨੂੰ ਬਹੁਤ ਉਮੀਦਾਂ ਹਨ, ਇਸ ਲਈ ਤੂੰ ਡੋਲੀਂ ਨਾ ਕਿਉਂਕਿ ਤੈਨੂੰ ਮੇਰੇ ਤੋਂ ਬਿਨਾਂ ਲੱਖਾਂ ਮਾਵਾਂ ਦਾ ਹਰ ਰੋਜ਼ ਅਸ਼ੀਰਵਾਦ ਮਿਲਦਾ ਹੈ ਜੋ ਕਿ ਹਰਦਮ ਤੇਰੇ ਨਾਲ ਹੈ।’

—————-

ਆਮ ਆਦਮੀ ਪਾਰਟੀ ਦਾ ਨਾ ਪੰਜਾਬ ਨਾਲ ਕੋਈ ਰਿਸ਼ਤਾ ਤੇ ਨਾ ਹਮਦਰਦੀ : ਬਾਦਲ

ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ’ਚ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਨਾ ਤਾਂ ਕੋਈ ਰਿਸ਼ਤਾ ਹੈ ਤੇ ਨਾ ਹੀ ਇਸ ਨੂੰ ਪੰਜਾਬ ਨਾਲ ਹਮਦਰਦੀ ਹੈ। ਇਥੇ ਸਾਰੇ ਬਾਦਲ ਪਰਿਵਾਰ ਦੇ ਨਾਲ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਜੋ ਲੰਬੀ ਹਲਕੇ ਤੋਂ ਚੋਣ ਲੜ ਰਹੇ ਹਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਾਹਰਲਿਆਂ ਦੀ ਪਾਰਟੀ ਹੈ ਤੇ ਇਹ ਕਦੇ ਵੀ ਪੰਜਾਬੀਆਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੀ। ਉੁਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਲਈ ਅਪਮਾਨਜਨਕ ਸ਼ਬਦ ਵਰਤਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਹੋਰਨਾਂ ਰਾਜਾਂ ਦੇ ਲੋਕਾਂ ਨਾਲ ਬਦਸਲੂਕੀ ਕਰੋਗੇ ਤਾਂ ਫਿਰ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਜਾਂ ਬਿਹਾਰ ਜਾਂ ਹੋਰ ਰਾਜਾਂ ਨੇ ਪੰਜਾਬੀਆਂ ਨੂੰ ਬਾਹਰ ਕੱਢ ਦਿੱਤਾ ਤਾਂ ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋਗੇ? ਬਹੁਤ ਸਾਰੇ ਲੋਕ ਬਾਹਰਲੇ ਇਥੇ ਵੱਸਦੇ ਹਨ ਤੇ ਇਥੇ ਹੀ ਉਨ੍ਹਾਂ ਦੇ ਕਾਰੋਬਾਰ ਹਨ। ਤੁਸੀਂ ਉਨ੍ਹਾਂ ਨਾਲ ਬਦਸਲੂਕੀ ਕਰੋਗੇ ਤਾਂ ਤੁਹਾਡੇ ਨਾਲ ਵੀ ਅਜਿਹਾ ਹੀ ਹੋਵੇਗਾ। ਸਾਬਕਾ ਮੁੱਖ ਮੰਤਰੀ ਨੇ ਸਾਰੇ ਪਰਿਵਾਰ ਦੇ ਨਾਲ ਡੱਟਣ ’ਤੇ ਵੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕ ਥਾਂ ’ਤੇ ਖੜ੍ਹੀਆਂ ਹਨ। ਉਨ੍ਹਾਂ ਨੇ ਕਈ ਸਿਆਸੀ ਪਾਰਟੀਆਂ ਵੱਲੋਂ ਵਿਖਾਈ ਮੌਕਾਪ੍ਰਸਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿਆਸਤ ਤੇ ਸਿਆਸਤਦਾਨਾਂ ਦਾ ਪੱਧਰ ਕਈ ਆਗੂਆਂ ਵੱਲੋਂ ਵਾਰ ਵਾਰ ਪਾਰਟੀਆਂ ਬਦਲਣ ਨਾਲ ਹੇਠਾਂ ਆਇਆ ਹੈ।

Leave a Reply

Your email address will not be published.