ਰਾਜਪੁਰਾ / ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਦਰਜ ਕੀਤਾ ਪਰਚਾ ਗਲਤ ਹੈ ।
ਬਿਨਾਂ ਸਬੂਤਾਂ ਦੇ ਆਪਣੀ ਦੁਸ਼ਮਣੀ ਕੱਢਣ ਲਈ ਪਰਚਾ ਕਰਵਾਉਣਾ ਠੀਕ ਨਹੀਂ ਹੈ । ਇਹ ਵਿਚਾਰ ਕੈਪਟਨ ਨੇ ਲੋਕ ਭਲਾਈ ਟਰੱਸਟ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਕੌਂਸਲਰ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖੇ । ਕੈਪਟਨ ਨੇ ਦੱਸਿਆ ਕਿ ਮੇਰੀ ਸਰਕਾਰ ਵਲੋਂ ਮਜੀਠੀਆ ਖ਼ਿਲਾਫ਼ ਭੇਜਿਆ ਸਬੂਤਾਂ ਦਾ ਸੀਲਬੰਦ ਲਿਫ਼ਾਫ਼ਾ ਤਾਂ ਹਾਈਕੋਰਟ ‘ਚ ਬੰਦ ਪਿਆ ਹੈ ਜਿਹੜਾ ਅਜੇ ਤੱਕ ਖੁੱਲ੍ਹਾ ਹੀ ਨਹੀਂ । ਜੇਕਰ ਪੁਲਿਸ ਮਜੀਠੀਆ ਨੂੰ ਗਿ੍ਫ਼ਤਾਰ ਵੀ ਕਰਦੀ ਹੈ ਤੇ ਉਹ ਅਗਲੇ ਦਿਨ ਜ਼ਮਾਨਤ ‘ਤੇ ਆ ਜਾਵੇਗਾ । ਕੈਪਟਨ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਸਥਾਨਕ ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੇ ਸੱਦੇ ‘ਤੇ ਰਾਜਪੁਰਾ ਵਿਖੇ ਪਹੁੰਚੇ ਸਨ । ਇਸ ਮੌਕੇ ਉਨ੍ਹਾਂ ਦਾ ਜਗਦੀਸ਼ ਜੱਗਾ ਤੇ ਭਾਜਪਾ ਆਗੂਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਸਥਾਨਕ ਫੁਆਰਾ ਚੌਕ ਤੋਂ ਕੈਪਟਨ ਨੇ ਬਜ਼ਾਰਾਂ ‘ਚ ਖੁੱਲ੍ਹੀ ਜੀਪ ‘ਚ ਜਾ ਕੇ ਰੋਡ ਸ਼ੋਅ ਕੀਤਾ । ਇਸੇ ਦੌਰਾਨ ਜਗਦੀਸ਼ ਜੱਗਾ ਆਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਛੱਡ ਕੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ‘ਚ ਸ਼ਾਮਿਲ ਹੋ ਗਏ ।
ਕੈਪਟਨ ਨੇ ਕਿਹਾ ਕਿ ਜੋ ਅੱਜ ਮੁੱਖ ਮੰਤਰੀ ਚੰਨੀ ਕਰ ਰਿਹਾ ਹੈ, ਉਹ ਸਾਰਾ ਮੇਰੇ ਵਲੋਂ ਹੀ ਪਾਸ ਕੀਤਾ ਹੋਇਆ ਹੈ ਕਿਉਂਕਿ ਜੋ ਵੀ ਸਰਕਾਰ ਮਤਾ ਪਾਸ ਕਰਦੀ ਹੈ, ਉਸ ਨੂੰ ਲਾਗੂ ਕਰਨ ਲਈ 4 ਮਹੀਨੇ ਤੋਂ ਡੇਢ ਸਾਲ ਲੱਗ ਜਾਂਦਾ ਹੈ । ਦਰਬਾਰ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਸੰਬੰਧੀ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਕੋਸ਼ਿਸ਼ ਕੀਤੀ ਉਹ ਦਿਮਾਗ਼ੀ ਤੌਰ ‘ਤੇ ਕਮਜ਼ੋਰ ਲੱਗਦਾ ਹੈ । ਉਸ ਨੂੰ ਮਾਰਨਾ ਨਹੀਂ ਚਾਹੀਦਾ ਸੀ, ਇਹ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਬਲ ਵਿਅਕਤੀ ਨਹੀਂ ਹਨ, ਇਹ ਸਭ ਨੂੰ ਪਤਾ ਹੈ ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੀ ਸੀਟਾਂ ਦੀ ਵੰਡ ਸੰਬੰਧੀ ਕੋਈ ਗੱਲ ਨਹੀਂ ਹੋਈ ਹੈ ਪਰ ਦੋਵੇਂ ਪਾਰਟੀਆਂ ਦੇ ਆਗੂ ਬੈਠ ਕੇ ਜਿੱਤ ਸਕਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦੇਣਗੇ । ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਕਾਸ ਸ਼ਰਮਾ, ਪ੍ਰਦੀਪ ਨੰਦਾ, ਰਜਿੰਦਰ ਤਲਵਾੜ, ਸ਼ਾਂਤੀ ਸਪਰਾ, ਜਗਦੀਸ਼ ਬੁੱਧੀਰਾਜਾ, ਗੁਰਦੀਪ ਸਿੰਘ ਧਮੌਲੀ, ਅਜਮੇਰ ਸਿੰਘ ਕੋਟਲਾ, ਜਸਵੰਤ ਸਿੰਘ ਮਿਰਜ਼ਾਪੁਰ, ਕਾਲਾ ਨਨਹੇੜਾ, ਪ੍ਰਵੀਨ ਸੁਰਯਵੰਸ਼ੀ, ਨੰਬਰਦਾਰ ਰਜਿੰਦਰ ਕੁਮਾਰ ਸਮੇਤ ਹੋਰ ਸੈਂਕੜੇ ਆਗੂ ਪੰਜਾਬ ਲੋਕ ਕਾਂਗਰਸ ‘ਚ ਸ਼ਾਮਿਲ ਹੋਏ । ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਹੋਏ ਕੇਸ ਬਾਰੇ ਕਿਹਾ ਕਿ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਸੇ ਸਿਆਸੀ ਰੰਜਿਸ਼ ਨੂੰ ਲੈ ਕੇ ਜੇ ਅਜਿਹੀ ਕਾਰਵਾਈ ਹੰੁਦੀ ਹੈ ਤਾਂ ਉਹ ਗਲਤ ਹੈ ।
Leave a Reply