ਭਾਵਨਾਵਾਂ ਦੀ ਕੁਰਬਾਨੀ ਨੂੰ ਬਿਆਨ ਕਰਦੀ ‘ਅਹੂਤੀ’
ਹਮੇਸ਼ਾ ਵਾਂਗ ਸਵੇਰ ਦੀ ਚਾਹ ਲੈ ਕੇ ਆਈ ਪਤਨੀ, ਮੈਨੂੰ ਪੱਗ ਬੰਨ੍ਹਦੇ ਨੂੰ ਵੇਖ ਬੋਲੀ,
‘ਸਰਦਾਰ ਜੀ, ਕਿਧਰ ਦੀ ਤਿਆਰੀ ਕੱਸ ਲਈ ਆ ਸਵੇਰੇ ਈ?’ਜਦੋਂ ਮੈਂ ਉਸ ਨੂੰ ਜਸਬੀਰ ਦੇ ਪੂਰਾ
ਹੋਣ ਬਾਰੇ ਦੱਸਿਆ ਤਾਂ ਉਹ ਬੋਲੀ, ‘ਜੀ ਬਹੁਤ ਮਾੜਾ ਹੋਇਆ, ‘ਭਾਅ ਜੀ ਜਸਬੀਰ ਤਾਂ ਬਹੁਤ ਚੰਗੇ
ਸਨ ਪਰ ਰੱਬ ਦੀ ਡਾਂਗ ਅੱਗੇ ਕੀਹਦਾ ਜ਼ੋਰ ਆ।’ ਪਤਨੀ ਨੇ ਉਦਾਸ ਹੁੰਦਿਆਂ ਕਿਹਾ।
ਕੁਝ ਦਿਨ ਪਹਿਲਾਂ ਈ ਤਾਂ ਮੈਂ ਬਿਮਾਰ ਚੱਲ ਰਹੇ ਜਸਬੀਰ ਨੂੰ ਮਿਲ ਕੇ ਆਇਆ ਸਾਂ। ਰਾਤੀਂ ਦਸ
ਵਜੇ ਜਸਬੀਰ ਦੇ ਨੰਬਰ ਤੋਂ ਫੋਨ ਆਇਆ ਸੀ, ‘ਹੈਲੋ ਵੀਰ ਜੀ, ਮੈਂ ਪ੍ਰੀਤੋ ਬੋਲਦੀ ਆਂ, ਆਖ ਕੇ
ਉਹ ਚੁੱਪ ਜਿਹੀ ਹੋ ਗਈ ਸੀ। ਪ੍ਰੀਤੋ ਦੀ ਆਵਾਜ਼ ਸੁਣ ਕੇ ਮੇਰੇ ਛੇਵੇਂ ਗਿਆਨ ਨੇ ਕਿਸੇ ਅਨਹੋਣੀ
ਘਟਨਾ ਦੀ ਸੂਚਨਾ ਦੇ ਦਿੱਤੀ ਸੀ।
‘ਹਾਂ ਭੈਣੇ ਤਕੜੀ ਏਂ, ਸਭ ਠੀਕ-ਠਾਕ ਆ?’ ਮੇਰੀਆਂ ਸੋਚਾਂ ਵਿਚ ਜਸਬੀਰ ਹੀ ਸੀ। ਆਪਣੇ-ਆਪ ਨੂੰ
ਸੰਭਾਲ ਕੇ ਪ੍ਰੀਤੋ ਫਿਰ ਬੋਲੀ,‘ਜਸਬੀਰ ਤੁਰ ਗਿਆ ਵੀਰ ਜੀ, ਸਾਨੂੰ ਸਾਰਿਆਂ ਨੂੰ ਛੱਡ ਕੇ,
ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਕਿਹਾ ਸੀ ਚਮਕੌਰ ਨੂੰ ਜ਼ਰੂਰ ਦੱਸ ਦੇਣਾ, ਵੀਰੇ ਤੈਨੂੰ
ਉਡੀਕ ਕੇ ਸਸਕਾਰ ਕਰਾਂਗੇ। ਆ ਕੇ ਆਖ਼ਰੀ ਦਰਸ਼ਨ ਕਰ ਲਵੀਂ।’ ਆਖਦੀ ਪ੍ਰੀਤੋ ਫਫਕ ਪਈ ਸੀ। ਫਿਰ
ਫੋਨ ਬੰਦ ਹੋ ਗਿਆ ਸੀ। ਸੁਣੇ ’ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਮੇਰਾ ਛੇਵਾਂ ਗਿਆਨ ਸਿਰ
ਚੜ੍ਹ ਬੋਲ ਰਿਹਾ ਸੀ ਕਿ ਰੱਬ ਵਰਗਾ ਮੇਰਾ ਯਾਰ ਹੁਣ ਦੁਬਾਰਾ ਨਹੀਂ ਮਿਲਣਾ ਸੀ। ਨੀਂਦ
ਉੱਡ-ਪੁੱਡ ਗਈ ਸੀ। ਮੈਂ ਸਾਰੀ ਰਾਤ ਜਸਬੀਰ ਨਾਲ ਫ਼ੌਜ ਵਿਚ ਬਿਤਾਏ ਕੌੜੇ-ਫਿੱਕੇ ਪਲਾਂ ਵਿਚ
ਗੁਆਚਾ ਰਿਹਾ ਸਾਂ। ਬੱਸ ਵਿਚ ਬੈਠੇ ਦੀਆਂ ਮੇਰੀਆਂ ਵਾਰ-ਵਾਰ ਅੱਖਾਂ ਭਰਨ ਕਰਕੇ ਮੈਨੂੰ
ਧੁੰਦਲਾ-ਧੁੰਦਲਾ ਦਿਸਣ ਲੱਗਦਾ। ਕੁਝ ਦਿਨ ਪਹਿਲਾਂ ਆਖ਼ਰੀ ਮਿਲਣੀ ਵੇਲੇ ਜਸਬੀਰ ਦੇ ਬੋਲ ਮੇਰੇ
ਕੰਨਾਂ ਵਿਚ ਗੂੰਜ ਰਹੇ ਸਨ, ‘ਨਦੀ ਨਾਮ ਸੰਜੋਗੀਂ ਮੇਲੇ, ਯਾਰ ਹੌਸਲਾ ਕਰ, ਜੋ ਹੋ ਕੇ ਈ
ਰਹਿਣਾ ਫਿਰ ਉਸਦਾ ਕਾਹਦਾ ਗ਼ਮ, ਚਮਕੌਰ ਵੀਰੇ ਮੈਂ ਠੀਕ ਕੀਤਾ?’
ਹੈਦਰਾਬਾਦ ਵਿਖੇ ਤੋਪਖਾਨੇ ਦੇ ਸਿਖਲਾਈ ਕੇਂਦਰ ਵਿਚ ਸੁਕੈਡ ਨੰਬਰ ਤੇਈ ਵਿਚ ਸਿਰਫ਼ ਦੋ ਹੀ
ਸਰਦਾਰ ਹੋਣ ਕਰਕੇ ਜਸਬੀਰ ਮੇਰਾ ਬਹੁਤ ਹੀ ਨਜ਼ਦੀਕੀ ਦੋਸਤ ਬਣ ਗਿਆ ਸੀ। ਅਸੀਂ ਘਰ ਪਰਿਵਾਰ ਦੀ
ਹਰੇਕ ਗੱਲ ਇਕ-ਦੂਜੇ ਨਾਲ ਸਾਂਝੀ ਕਰ ਲੈਂਦੇ ਸਾਂ। ਇਤਫ਼ਾਕ ਵੱਸ ਸਿਖਲਾਈ ਤੋਂ ਬਾਅਦ ਸਾਡੀ
ਬਦਲੀ ਵੀ ਇਕੱਠਿਆਂ ਦੀ ਇੱਕੋ ਪਲਟਨ ਵਿਚ ਹੀ ਹੋ ਗਈ ਸੀ। ਫ਼ੌਜ ਵਿਚ ਆਮ ਕਹਾਵਤ ਵਰਗੀ ਗੱਲ
ਪ੍ਰਚਲਤ ਹੈ ਕਿ ਫ਼ੌਜੀ ਦੀ ਯਾਰੀ ਵੱਧ ਤੋਂ ਵੱਧ ਰੇਲਵੇ ਸਟੇਸ਼ਨ ਤੱਕ ਹੀ ਹੁੰਦੀ ਹੈ ਪਰ ਮੇਰੀ
ਤੇ ਜਸਬੀਰ ਦੀ ਯਾਰੀ ਪਿੰਡ ਤੱਕ ਨਿਭਦੀ ਰਹੀ। ਸਿਖਲਾਈ ਵੇਲੇ ਤੋਂ ਹੀ ਮੈਂ ਉਸਨੂੰ ਜੱਸੀ ਆਖ
ਕੇ ਬੁਲਾਉਦਾਂ ਸਾਂ। ਮੈਂ ਸ਼ੁਰੂ ਤੋਂ ਹੀ ਸਾਹਿਤਕ ਸ਼ੌਕ ਕਰਕੇ ਕੁਝ ਨਾ ਕੁਝ ਲਿਖਦਾ ਅਤੇ
ਪੜ੍ਹਦਾ ਰਹਿੰਦਾ ਸਾਂ। ਬਹੁਤ ਹੀ ਸਾਊ ਸੁਭਾਅ ਦਾ ਜਸਬੀਰ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ
ਛੋਟਾ ਚੌਥੇ ਥਾਂ ਸੀ। ਜਸਬੀਰ ਦੀਆਂ ਦੋਵੇਂ ਭੈਣਾਂ ਜਸਬੀਰ ਦੇ ਫ਼ੌਜ ਵਿਚ ਭਰਤੀ ਹੋਣ ਤੋਂ
ਪਹਿਲਾਂ ਹੀ ਵਿਆਹੀਆਂ ਹੋਈਆਂ ਸਨ। ਜਸਬੀਰ ਤਾਂ ਕੁਆਰਾ ਹੈ ਹੀ ਸੀ, ਹਾਲੇ ਭੈਣਾਂ ਤੋਂ ਵੱਡਾ
ਭਾਈ ਵੀ ਕੁਆਰਾ ਸੀ। ਮੇਰਾ ਵਿਆਹ ਜਸਬੀਰ ਤੋਂ ਪਹਿਲਾਂ ਹੋ ਗਿਆ।ਮੇਰੇ ਵਿਆਹ ਵਿਚ ਆਇਆ ਜਸਬੀਰ
ਸਾਊ ਹੀ ਬਣਿਆ ਰਿਹਾ। ਮੇਰੇ ਨਾਲ ਬੈਠ ਕੇ ਦੋ ਤਿੰਨ ਪੈੱਗ ਰੰਮ ਦੇ ਜ਼ਰੂਰ ਲਾਏ ਸਨ। ਜੱਸੀ ਨੇ
ਹੱਸਦਿਆਂ ਕਿਹਾ ਸੀ, ‘ਯਾਰ ਚਮਕੌਰੇ, ਥੋਡੇ ਵੰਨੀ ਮਝੈਲ ਦਾਰੂ ਵੀ ਰੱਜ ਕੇ ਪੀਂਦੇ ਨੇ ਤੇ
ਵਿਹੜਾ ਵੀ ਬੜਾ ਪੱਟਦੇ ਨੇ।’
‘ਕੋਈ ਨਾ, ਤੂੰ ਤੇ ਹਿੱਲਿਆ ਨਹੀਂ, ਤੇਰੇ ਵਿਆਹ ਵੇਲੇ ਦੁਆਬੀਆਂ ਨੂੰ ਵੀ ਨੱਚਣਾ
ਸਿਖਾਵਾਂਗੇ।’ ਮੈਂ ਹੱਸਦਿਆਂ ਕਿਹਾ।
‘ਓ ਯਾਰ, ਫ਼ੌਜੀ ਕਰਕੇ ਮੈਨੂੰ ਤਾਂ ਵਾਧੂ ਰਿਸ਼ਤੇ ਲਈ ਕਹੀ ਜਾਂਦੇ ਨੇ, ਬੜਾ ਭਾਈ ਬਹੁਤ ਘੱਟ
ਬੋਲਦਾ ਕਰਕੇ ਕਈ ਉਸ ਨੂੰ ਸਿੱਧਰਾ ਈ ਸਮਝੀ ਜਾਂਦੇ ਹਨ, ਇਸ ਕਰਕੇ ਕੋਈ ਰਿਸ਼ਤਾ ਚੜ੍ਹ ਨਹੀਂ
ਰਿਹਾ।ਊਂ ਉਹ ਘਰ ਦੇ ਸਾਰੇ ਕੰਮ ਸੰਭਾਲਦਾ ਹੈ। ਜੱਸੀ ਦੇ ਕਹਿਣ ਤੋਂ ਭਾਵ ਸੀ ਕਿ ਬੜਾ ਭਾਈ
ਅੜਿੱਕੇ ਸ਼ਾਹ ਬਣਿਆ ਬੈਠਾ ਹੈ ਵਿਆਹ ਤਾਂ ਮੈਂ ਸਵੇਰੇ ਕਰਵਾ ਲਵਾਂ।
ਵੱਡੇ ਭਾਈ ਨੇ ਬਥੇਰਾ ਕਿਹਾ, ‘ਜਸਬੀਰ ਤੂੰ ਵਿਆਹ ਕਰਵਾ ਲੈ, ਘਰੇ ਰੋਟੀ ਪੱਕਦੀ ਹੋ ਜੂ,
ਕੁੜੀਆਂ ਕਿੰਨਾ ਕੁ ਚਿਰ ਸਾਡਾ ਪਾਸਾ ਥੱਲਣਗੀਆਂ?’ਜੱਸੀ ਕਿਵੇਂ ਵੀ ਮੰਨਿਆ ਨਹੀਂ ਸੀ। ਜਸਬੀਰ
ਦਾ ਪਿੰਡ ਪੰਜਾਬ ਹਿਮਾਚਲ ਸਰਹੱਦ ਦੇ ਨੇੜੇ ਕੰਢੀ ਇਲਾਕੇ ਤੋਂ ਥੋੜ੍ਹਾ ਹੱਟ ਕੇ ਪੱਧਰੇ ਉਪਜਾਊ
ਇਲਾਕੇ ਦੁਆਬੇ ਵਿਚ ਸੀ। ਅਕਸਰ ਵਿਆਹ ਦੀ ਵੱਤ ਲੰਘਾਅ ਚੁੱਕੇ ਮੁੰਡੇ ਮਾੜੀ ਆਰਥਿਕਤਾ ਦੇ ਝੰਬੇ
ਨਾਲ ਲੱਗਦੇ ਪਹਾੜਾਂ ’ਚੋਂ ਖ਼ੁਦ ਖ਼ਰਚ ਕਰ ਕੇ ਕੁੜੀਆਂ ਵਿਆਹ ਲਿਆਉਦੇ ਸਨ। ਪਹਿਲਾਂ ਵਿਆਹੀਆਂ
ਕੁੜੀਆਂ ਜਦੋਂ ਪੇਕੀਂ ਜਾ ਕੇ ਦੱਸਦੀਆਂ ਕਿ ਪੰਜਾਬ ਵਿਚ ਦੂਰ-ਦਰੇਡੇ ਚਸ਼ਮਿਆਂ ਤੋਂ ਪਾਣੀ
ਸਿਰਾਂ ’ਤੇ ਚੁੱਕ ਕੇ ਨਹੀਂ ਢੋਣਾ ਪੈਂਦਾ ਤਾਂ ਹੋਰ ਵੀ ਕਈ ਕੁੜੀਆਂ ਇਧਰ ਵਿਆਹ ਕਰਵਾਉਣ ਲਈ
ਤਿਆਰ ਹੋ ਜਾਂਦੀਆਂ। ਛੁੱਟੀ ਗਏ ਜਸਬੀਰ ਨੇ ਵੀ ਕਿਸੇ ਅਜਿਹੇ ਵਿਚੋਲੇ ਨਾਲ ਗੱਲ ਕਰ ਕੇ ਵੱਡਾ
ਭਰਾ ਹਿਮਾਚਲ ਵਿਚ ਵਿਆਹ ਲਿਆ। ਛੁੱਟੀ ਕੱਟ ਕੇ ਆਇਆ ਰਾਤ ਨੂੰ ਪੈੱਗ ਲਾਉਦਿਆਂ ਸਰੂਰ ਜਿਹੇ ’ਚ
ਆਏ ਜਸਬੀਰ ਨੇ ਆਪਣੇ ਬਟੂਏ ਵਿਚੋਂ ਇਕ ਸੱਜਰੀ ਵਿਆਹੀ ਕੁੜੀ ਦੀ ਫੋਟੋ ਕੱਢ ਕੇ ਵਿਖਾਉਦਿਆਂ
ਕਿਹਾ, ‘ਚਮਕੌਰੇ, ਵੇਖੀਂ ਭਲਾ ਬਹੂ ਸੁਹਣੀ ਆ?’
ਮੈਂ ਗੋਰੀ ਨਿਸ਼ੋਹ ਕੁੜੀ ਦੀ ਫੋਟੋ ਵੇਖਦਿਆਂ ਹੀ ਜੱਸੀ ਨੂੰ ਗਲ਼ਮੇ ਤੋਂ ਫੜ ਲਿਆ, ‘ਕੰਜਰਾ
ਚੋਰੀ-ਚੋਰੀ ਵਿਆਹ ਕਰਾਉਦੇ ਨੂੰ ਤੈਨੂੰ ਸ਼ਰਮ ਤਾਂ ਨ੍ਹੀਂ ਆਈ ਹੋਣੀ?’
‘ਓ ਯਾਰ, ਸੁਣ ਤਾਂ ਲੈ ਪਹਿਲਾਂ, ਏਹ ਮੇਰੀ ਭਾਬੀ ਪ੍ਰੀਤੋ ਐ, ਬੜੇ ਭਾਈ ਦੀ ਬਹੂ।’। ਜੱਸੀ ਨੇ
ਮੇਰੇ ਹੱਥੋਂ ਆਪਣੀ ਕਮੀਜ਼ ਛੁਡਾਉਦਿਆਂ ਕਿਹਾ।
‘ਸਾਲਿਆ ਕਹਿ ਤਾਂ ਇਵੇਂ ਰਿਹਾ ਸੀ ਜਿਵੇਂ ਤੇਰੀ ਵਹੁਟੀ ਹੋਵੇ, ਪਹਿਲਾਂ ਨਹੀਂ ਸੀ ਦੱਸਿਆ
ਜਾਂਦਾ?’ ਮੈਂ ਹੋਰ ਗੁੱਸਾ ਜ਼ਾਹਰ ਕਰਦਿਆਂ ਕਿਹਾ, ‘ਹੁਣ ਆਪਣਾ ਵੀ ਕਰਵਾ ਲੈ।’
ਫ਼ੌਜੀ ਸੱਭਿਆਚਾਰ ਅਨੁਸਾਰ ਜਸਬੀਰ ਵੱਲੋਂ ਯਾਰਾਂ ਦੋਸਤਾਂ ਨੂੰ ਭਰਾ ਦੇ ਵਿਆਹ ਦੀ ਪਾਰਟੀ ਵੀ
ਦਿੱਤੀ ਗਈ। ਕਈ ਸਾਥੀ ਕਹਿਣ ਲੱਗੇ, ‘ਚੱਲ ਹੁਣ ਤੇਰਾ ਨੰਬਰ ਵੀ ਲੱਗਣ ਵਾਲਾ ਬਣੂ, ਬਹੁਤੇ
ਥਾਈਂ ਤਾਂ ਫ਼ੌਜੀ ਨੂੰ ਕਮਾਊ ਢੱਗਾ ਸਮਝ ਕੇ ਈ ਵਿਆਹੋਂ ਲੇਟ ਕਰ ਦਿੰਦੇ ਆ।’ ਉਮਰੋਂ ਟੱਪ ਕੇ
ਵਿਆਹਿਆ ਪੱਟੀ ਵੱਲ ਦਾ ਜੀਤਾ ਭਾਊ ਆਪਣਾ ਨਿੱਜੀ ਤਜਰਬਾ ਕਹਿ ਰਿਹਾ ਸੀ।
ਪੰਜ-ਛੇ ਸਾਲ ਭਰਾ ਦੇ ਵਿਆਹ ਹੋਏ ਨੂੰ ਵੀ ਹੋ ਗਏ ਸਨ ਪਰ ਜੱਸੀ ਨੇ ਆਪਣੇ ਵਿਆਹ ਦਾ ਕਦੀ ਨਾਂ
ਹੀ ਨਹੀਂ ਲਿਆ। ਜੱਸੀ ਨੂੰ ਸਾਰੇ ਸਾਥੀ ਹੁਣ ਛੜਾ ਕਹਿ ਕੇ ਹੀ ਬੁਲਾਉਣ ਲੱਗ ਪਏ ਸਨ। ਕਈ
ਆਖਦੇ,‘ਭਰਜਾਈ ਦਾ ਨਾਗ ਵਲ਼ ਤਕੜਾ ਈ ਲੱਗਦੈ ਜਿਹੜਾ ਵਿਆਹ ਦਾ ਨਾਂ ਨਹੀਂ ਲੈਂਦਾ।’ ਜੱਸੀ
ਮੁਸਕਰਾ ਛੱਡਦਾ।
ਮੈਂ ਕਦੀ ਵੀ ਜਸਬੀਰ ਨੂੰ ਮਜ਼ਾਕ ਨਹੀਂ ਕੀਤਾ ਸੀ ਸਗੋਂ ਆਖਦਾ, ‘ਜੱਸੀ ਕਰਵਾ ਲੈ ਵਿਆਹ ਹੁਣ,
ਬਿੱਲਕੁਲ ਚਿੱਟਾ ਹੋ ਕੇ ਈ ਕਰਾਵੇਂਗਾ?’
ਜੱਸੀ ਹਮੇਸ਼ਾ ਸੰਜੀਦਾ ਗੱਲ ਹੀ ਕਰਦਾ, ‘ਵਿਆਹੇ ਕਿਹੜਾ ਸੌਖੇ ਐ, ਕਰਵਾ ਲਵਾਂਗੇ ਵਿਆਹ ਨੂੰ ਕੀ
ਐ?’
ਮੈਂ ਮਹਿਸੂਸ ਕਰਦਾ ਕਿ ਵਿਆਹ ਤੋਂ ਬਾਅਦ ਲੋੜਾਂ ਵਧਣ ਕਰਕੇ ਮੈਂ ਵੀ ਜੱਸੀ ਤੋਂ ਆਪਣੀ ਲੋੜ
ਪੂਰੀ ਕਰ ਲੈਂਦਾ ਸਾਂ, ਜੱਸੀ ਨੂੰ ਵੀ ਲੋੜ ਪੈਣ ’ਤੇ ਮੈਂ ਮਦਦ ਕਰਦਾ ਸਾਂ ਪਰ ਜੱਸੀ ਨੇ
ਹਮੇਸ਼ਾ ਸਿਆਣਿਆਂ ਵਾਂਗ ਮੈਨੂੰ ਸਮਝਾਉਣਾ, ‘ਚਮਕੌਰੇ, ਘਰ ਦੀ ਹਰੇਕ ਗੱਲ ਹਾਰੀ-ਸਾਰੀ ਨਾਲ
ਸਾਂਝੀ ਨਹੀਂ ਕਰੀਦੀ, ਇਹ ਲੋਕ ਫਿਰ ਪਿੱਠ ਪਿੱਛੇ ਮਜ਼ਾਕ ਕਰਦੇ ਨੇ।’।
ਸੰਨ 1984 ਵਿਚ ਭਾਰਤੀ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ ਤੋਂ ਬਾਅਦ ਬਹੁਤ
ਸਾਰੀਆਂ ਸਿੱਖ ਪਲਟਨਾਂ ਵਿਚ ਬਗ਼ਾਵਤ ਹੋ ਗਈ ਸੀ। ਸਾਡੀ ਪਲਟਨ ਵਿਚ ਵੀ ਹੰਗਾਮਾ ਹੋਣ ਕਰਕੇ
ਦੂਸਰੀਆਂ ਪਲਟਨਾਂ ਵਾਂਗ ਸਾਡੀ ਪਲਟਨ ਵੀ ਡਿਸਬੈਂਡ ਕਰ ਦਿੱਤੀ ਗਈ। ਭਾਵ ਜਵਾਨ ਅਦਲਾ-ਬਦਲੀ ਕਰ
ਦਿੱਤੇ ਗਏ ਸਨ। ਅਸੀਂ ਅਲੱਗ-ਅਲੱਗ ਯੂਨਿਟਾਂ ਵਿਚ ਜਾਣ ਵੇਲੇ ਇਕ-ਦੂਜੇ ਦੇ ਗਲ਼ ਲੱਗ-ਲੱਗ ਸਕੇ
ਭਰਾਵਾਂ ਵਾਂਗ ਰੋਏ ਸਾਂ। ਦੂਸਰੀ ਥਾਂ ਜਾ ਕੇ ਅਸੀਂ ਦੋਵੇਂ ਦੋਸਤ ਇਕ-ਦੂਜੇ ਨਾਲ ਚਿੱਠੀਆਂ
ਜ਼ਰੀਹੇ ਜੁੜੇ ਰਹੇ ਸਾਂ। ਮੈਂ ਜਦੋਂ ਵੀ ਜਸਬੀਰ ਨੂੰ ਚਿੱਠੀ ਵਿਚ ਉਸ ਦੇ ਵਿਆਹ ਬਾਰੇ ਪੁੱਛਦਾ
ਤਾਂ ਉਹ ਰਾਜ਼ੀ-ਖ਼ੁਸ਼ੀ ਤੋਂ ਇਲਾਵਾ ਹੋਰ ਕੁਝ ਨਾ ਲਿਖਦਾ।
ਵਕਤ ਨਾਲ ਅਸੀਂ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਸੂਬੇਦਾਰ ਵੀ ਬਣ ਗਏ। ਇਕੱਠਿਆਂ ਸਿਖਲਾਈ
ਪ੍ਰਾਪਤ ਕੀਤੀ ਸੀ ਤੇ ਇਤਫ਼ਾਕੀਆ ਪੈਨਸ਼ਨ ਆਉਣ ਦੀ ਤਰੀਕ ਵੀ ਸਾਡੀ ਇਕੱਠਿਆਂ ਦੀ ਹੀ ਸੀ।ਇਸ
ਤਰ੍ਹਾਂ ਘਰ ਜਾਣ ਵੇਲੇ ਤੋਪਖਾਨੇ ਦੇ ਰਿਕਾਰਡ ਸੈਂਟਰ ਨਾਸਿਕ ਵਿਚ ਇਕੱਠੇ ਹੋਣ ਦਾ ਸਬੱਬ ਬਣ
ਗਿਆ। ਮੈਂ ਸੋਚਦਾ ਸਾਂ ਕਿ ਸੂਬੇਦਾਰ ਬਣਨ ਤੱਕ ਤਾਂ ਜਸਬੀਰ ਨੇ ਵਿਆਹ ਵੀ ਕਰਵਾ ਲਿਆ ਹੋਵੇਗਾ,
ਬੱਚੇ ਵੀ ਹੋ ਗਏ ਹੋਣਗੇ ਪਰ ਮੈਂ ਪੁੱਛਿਆ ਨਹੀਂ ਤੇ ਉਹਨੇ ਦੱਸਿਆ ਵੀ ਨਹੀਂ। ਘਰੋਂ ਫੋਨ ਆਉਦਾ
ਤਾਂ, ‘ਠੀਕ ਆ ਪੀਤੋ, ਵੇਖ ਲਿਓ ਜਿਵੇਂ ਮਰਜ਼ੀ ਕਰ ਲੈਣਾ, ਗੇਜੇ ਨੂੰ ਭੇਜ ਦੇਈਂ ਆਦਿ।’ ਮੈਂ
ਵੀ ਯਾਰੀ ਦੇ ਤਾਣ ਦਿਲ ’ਚ ਗੁੱਸੇ ਨਾਲ ਧਿਆ ਲਿਆ ਕਿ ਜਿੰਨਾ ਚਿਰ ਆਪ ਨਹੀਂ ਦੱਸਦਾ ਮੈਂ
ਪੁੱਛਣਾ ਵੀ ਨਹੀਂ। ਫ਼ੌਜੀ ਦੇ ਪੈਨਸ਼ਨ ਆਉਣ ਵੇਲੇ ਡਿਸਚਾਰਜ ਬੁੱਕ ਵਿਚ ਪੈਨਸ਼ਨਰ ’ਤੇ ਨਿਰਭਰ
ਪਰਿਵਾਰਕ ਮੈਂਬਰਾਂ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਮਹੀਨੇ ਦੀ ਆਖ਼ਰੀ ਤਰੀਕ ਨੂੰ ਸਵੇਰੇ
ਸਾਨੂੰ ਸਾਰੇ ਡਾਕੂਮੈਂਟ ਮਿਲ ਗਏ। ਸ਼ਾਮ ਨੂੰ ਅਸੀਂ ਪੰਜਾਬ ਮੇਲ ਵਿਚ ਬੈਠਣਾ ਸੀ। ਜਸਬੀਰ ਨੇ
ਆਪਣੇ ਸਾਰੇ ਕਾਗ਼ਜ਼ ਮੈਨੂੰ ਫੜਾਉਦਿਆਂ ਕਿਹਾ, ‘ਚਮਕੌਰ ਤੂੰ ਕਮਰੇ ਨੂੰ ਚੱਲ, ਮੈਂ ਕਿਸੇ ਨੂੰ
ਮਿਲ ਕੇ ਹੁਣੇ ਆਇਆ।ਦੋਵੇਂ ਚੱਲਦੇ ਆਂ, ਜਸਬੀਰ ਨੇ ਮੈਨੂੰ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ।
ਕਮਰੇ ਵਿਚ ਪਹੁੰਚ ਕੇ ਮੈਂ ਜਸਬੀਰ ਦੀ ਡਿਸਚਾਰਜ ਬੁੱਕ ਵੇਖਣੋਂ ਆਪਣੇ-ਆਪ ਨੂੰ ਰੋਕ ਨਾ ਸਕਿਆ।
ਪਰਿਵਾਰਕ ਕਾਲਮ ਵਿਚ ਸਿਰਫ਼ ਪਤਨੀ ਪ੍ਰੀਤੋ ਕੌਰ ਹੀ ਲਿਖਿਆ ਹੋਇਆ ਸੀ। ਪ੍ਰੀਤੋ ਤੇ ਜਸਬੀਰ ਦੀ
ਇਕੱਠੀ ਫੋਟੋ ਲੱਗੀ ਹੋਈ ਸੀ। ਪੈਨਸ਼ਨ ਪੇਮੈਂਟ ਆਰਡਰ ਉੱਪਰ ਵੀ ਫੈਮਿਲੀ ਪੈਨਸ਼ਨ ਦੀ ਹੱਕਦਾਰ
ਪ੍ਰੀਤੋ ਕੌਰ ਨੂੰ ਹੀ ਦਰਸਾਇਆ ਗਿਆ ਸੀ। ਮੈਨੂੰ ਚੌਦਾਂ-ਪੰਦਰਾਂ ਸਾਲ ਪਹਿਲਾਂ ਵਾਲੀ ਫੋਟੋ
ਅਤੇ ਇਹ ਮੇਰੀ ਭਾਬੀ ਪ੍ਰੀਤੋ ਐ, ਬੜੇ ਭਾਈ ਦੀ ਬਹੂ।’ ਜਸਬੀਰ ਦੇ ਬੋਲ ਯਾਦ ਆ ਗਏ।ਮੈਂ ਸੋਚਿਆ
ਕਿ ਹੋ ਸਕਦੈ ਬੜਾ ਭਾਈ ਫੌਤ ਹੋ ਗਿਆ ਹੋਵੇ ਤੇ ਪਰਿਵਾਰ ਨੇ ਪ੍ਰੀਤੋ ਨੂੰ ਜਸਬੀਰ ਦੇ ਘਰ
ਬਿਠਾਅ ਦਿੱਤਾ ਹੋਵੇ। ਪੰਜਾਬ ਵਿਚ ਇਹ ਆਮ ਵਰਤਾਰਾ ਹੈ।
ਜੂਨੀਅਰ ਕਮਿਸ਼ਨ ਅਫ਼ਸਰ ਹੋਣ ਕਰਕੇ ਸਾਨੂੰ ਪਹਿਲੇ ਦਰਜੇ ਦੇ ਡੱਬੇ ਵਿਚ ਅਸਾਨੀ ਨਾਲ ਸੀਟਾਂ ਮਿਲ
ਗਈਆਂ ਸਨ। ਰਾਤ ਦੀ ਰੋਟੀ ਦਾ ਆਰਡਰ ਟਰੇਨ ਦੇ ਬੈਰੇ ਨੂੰ ਬੁੱਕ ਕਰਵਾ ਕੇ ਮੈਂ ਰੰਮ ਦੀ ਬੋਤਲ
ਖੋਲ੍ਹ ਲਈ।ਦੋ ਪੈੱਗ ਲੱਗਣ ਤੋਂ ਬਾਅਦ ਜਸਬੀਰ ਨੇ ਖ਼ੁਦ ਹੀ ਗੱਲ ਛੇੜ ਲਈ, ‘ਚਮਕੌਰ ਵੀਰੇ ਮੈਂ
ਮਹਿਸੂਸ ਕਰ ਰਿਹਾ ਹਾਂ ਕਿ ਤੂੰ ਗੁੱਸੇ ਨਾਲ ਹੀ ਦੁਬਾਰਾ ਮੇਰੇ ਵਿਆਹ ਬਾਰੇ ਕੋਈ ਗੱਲ ਨਹੀਂ
ਕੀਤੀ। ਇਹ ਤੇਰਾ ਹੱਕ ਵੀ ਹੈ, ਤੇਰਾ ਰੋਸ ਆਪਣੀ ਜਗ੍ਹਾ ਠੀਕ ਵੀ ਹੋ ਸਕਦਾ ਹੈ ਕਿਉਕਿ ਭਰਤੀ
ਤੋਂ ਬਾਅਦ ਸਿਖਲਾਈ ਤੋਂ ਲੈ ਕੇ ਹੁਣ ਤੱਕ ਸਾਡੀ ਹਰ ਗੱਲ ਸਾਂਝੀ ਰਹੀ ਹੈ।’
‘ਊਂ ਹੂੰ, ਕੁਝ ਗੱਲਾਂ ਨਹੀਂ।’ ਮੇਰਾ ਗੁੱਸਾ ਬਰਕਰਾਰ ਸੀ।
‘ਤੂੰ ਆਪਣੀ ਥਾਂ ਸਹੀ ਏਂ ਪਰ ਆਪਣੇ ਵਿਆਹ ਬਾਰੇ ਮੈਂ ਤੈਨੂੰ ਚਿੱਠੀ ਵਿਚ ਕੀ ਲਿਖਦਾ? ਦੋ
ਜੁਆਕ ਹੋਣ ਤੋਂ ਬਾਅਦ ਬੜਾ ਭਾਈ ਚੁੱਪ ਕੀਤਾ ਅਚਾਨਕ ਹੀ ਕਿਧਰੇ ਚਲਾ ਗਿਆ ਸੀ, ਬਥੇਰਾ ਭਾਲਿਆ
ਨਹੀਂ ਮਿਲਿਆ। ਪ੍ਰੀਤੋ ਵਿਚਾਰੀ ਨਾ ਵਿਧਵਾ ਨਾ ਸੁਹਾਗਣ ਦਾ ਦੁੱਖ ਵੇਖਿਆ ਨਾ ਜਾਂਦਾ। ਦੂਜੇ
ਪਾਸੇ, ਦੁਪਾਸੜ ਦੰਦਿਆਂ ਵਾਲੀ ਦਾਤਰੀ ਦੁਨੀਆ, ਬੜੇ ਭਾਈ ਨੂੰ ਘੱਟ ਬੋਲਣ ਕਰਕੇ ਸਿੱਧਰਾ
ਸਮਝਦੇ ਇਥੋਂ ਤੱਕ ਵੀ ਕਹਿ ਦਿੰਦੇ ਕਿ ਵਿਆਹ ਅਸਲ ਵਿਚ ਮੇਰਾ ਹੋਇਆ ਹੈ ਤੇ ਬੱਚੇ ਵੀ ਮੇਰੇ ਹੀ
ਹਨ। ਕਹਿ ਕੇ ਜੱਸੀ ਨੇ ਪੌਣੀ ਗਲਾਸੀ ਰੰਮ ਦੀ ਇਕੋ ਸਾਹੇ ਹੀ ਖ਼ਤਮ ਕਰ ਦਿੱਤੀ।
ਇਸ ਕਰਕੇ ਹੀ ਫੈਮਿਲੀ ਕਾਲਮ ਵਿਚ ਪ੍ਰੀਤੋ ਲਿਖਵਾਇਆ ਹੈ! ਫਿਰ ਬੱਚਿਆਂ ਦੇ ਨਾਮ ਵੀ ਦਰਜ ਕਰਵਾ
ਲੈਂਦਾ? ਮੈਂ ਆਪਣੇ ਵੱਲੋਂ ਫਿਰ ਇਕ ਤਰ੍ਹਾਂ ਚੋਟ ਹੀ ਕੀਤੀ।
‘ਯਾਰ ਤੂੰ ਸਮਝਦਾ ਕਿਉ ਨਹੀਂ, ਜੇ ਬੱਚੇ ਮੇਰੇ ਹੁੰਦੇ ਤਾਂ ਲਿਖਾਉਦਾ।’ ਜੱਸੀ ਥੋੜ੍ਹਾ ਖਿਝ
ਗਿਆ।
ਪ੍ਰੀਤੋ ਭਾਈ ਨਾਲੋਂ ਤਾਂ ਬਹੁਤ ਛੋਟੀ ਸੀ, ਮੇਰੇ ਤੋਂ ਵੀ ਛੋਟੀ ਹੋਣ ਦੇ ਬਾਵਜੂਦ ਉਹ ਭਰਾ
ਬਾਹਰੀ ਮੈਨੂੰ ਰਿਸ਼ਤੇ ਵਿਚ ਵੱਡੀ ਹੋਣ ਕਰਕੇ ਛੋਟੇ ਭਰਾ ਵਾਂਗ ਹੀ ਸਮਝਦੀ ਜਸਬੀਰ ਆਖ ਕੇ ਹੀ
ਬੁਲਾਉਦੀ ਹੈ।
ਮੇਰੀ ਸੂਈ ਹਾਲੇ ਵੀ ਪ੍ਰੀਤੋ ਨੂੰ ਕਾਗ਼ਜ਼ਾਂ ਵਿਚ ਪਤਨੀ ਲਿਖਣ ਅਤੇ ਫੋਟੋ ’ਤੇ ਹੀ ਅਟਕੀ ਹੋਈ
ਸੀ ਕਿ ਜਸਬੀਰ ਮੰਨ ਕਿਉ ਨਹੀਂ ਰਿਹਾ?
ਅਸੀਂ ਪੈਨਸ਼ਨ ਆ ਕੇ ਵੀ ਇਕ-ਦੂਜੇ ਨੂੰ ਮਿਲਦੇ ਰਹੇ। ਮੇਰੇ ਗਿਆਂ ਪ੍ਰੀਤੋ ਇਕ ਪਤਨੀ ਵਾਂਗ
ਤਾਬਿਆਦਾਰੀ ਵਿਚ ਹਾਜ਼ਰ ਰਹਿੰਦੀ। ਆਉਦੀ-ਜਾਂਦੀ ਆਖਦੀ,‘ਜਸਬੀਰ ਹੋਰ ਕੁਝ ਚਾਹੀਦੈ?’ ਜਸਬੀਰ ਵੀ
ਕਿਸੇ ਹੱਕ ਨਾਲ ਉਸ ਨੂੰ ਪ੍ਰੀਤੋ ਦੀ ਜਗ੍ਹਾ ਪੀਤੋ ਸੰਬੋਧਨ ਹੁੰਦਾ। ਪ੍ਰੀਤੋ ਦੇ ਬੱਚੇ ਵੀ
ਜਸਬੀਰ ਨੂੰ ਪਿਓ ਵਾਂਗ ਬਾਈ ਆਖਦੇ ਸਨ। ਕਈ ਵਾਰ ਮੇਰੀ ਭੈੜੀ ਸੋਚ ਦਿਉਰ ਭਾਬੀ ਦੇ ਪਵਿੱਤਰ
ਰਿਸ਼ਤੇ ਨੂੰ ਨੀਵੇਂ ਪੱਧਰ ’ਤੇ ਵੀ ਲੈ ਆਉਦੀ ਪਰ ਮੈਂ ਜੱਸੀ ਦੇ ਮੂੰਹੋਂ ਸੁਣੇ ਬਗ਼ੈਰ ਕਿਸੇ ਵੀ
ਨਿਰਣੇ ’ਤੇ ਨਾ ਪਹੁੰਚ ਸਕਿਆ।
ਮੈਂ ਇਕ ਵਾਰ ਜਸਬੀਰ ਨੂੰ ਮਿਲਣ ਗਿਆ। ਪ੍ਰੀਤੋ ਉਵੇਂ ਹੀ ਤਬਿਆਦਾਰੀ ਵਿਚ ਸੀ ਪਰ ਸਮੇਂ ਤੋਂ
ਪਹਿਲਾਂ ਉਸਦੇ ਚਿਹਰੇ ਦੀ ਆਬ ਫਿੱਕੀ ਪੈ ਕੇ ਬੁਢਾਪੇ ਦਾ ਪਰਛਾਵਾਂ ਝਲਕਣ ਪਿਆ ਸੀ।‘ਵੀਰ ਜੀ,
ਭੈਣ ਜੀ ਨੂੰ ਵੀ ਨਾਲ ਲੈ ਆਉਦੇ।’ ਮੇਰੇ ਨਾਲ ਪਹਿਲੀ ਵਾਰ ਜ਼ੁਬਾਨ ਸਾਂਝੀ ਕਰਦਿਆਂ ਪ੍ਰੀਤੋ ਨੇ
ਕਿਹਾ ਸੀ। ਇੰਜ ਹੀ ਜਸਬੀਰ ਵੀ ਮਿਲਣ ਆਉਦਾ ਹੀ ਰਹਿੰਦਾ ਸੀ। ਫੋਨ ’ਤੇ ਅਕਸਰ ਗੱਲਬਾਤ ਹੁੰਦੀ
ਹੀ ਰਹਿੰਦੀ, ਘਰ ਪਰਿਵਾਰ ਦੀ ਰਾਜ਼ੀ-ਖ਼ੁਸ਼ੀ ਪਤਾ ਲਗਦੀ ਰਹਿੰਦੀ ਸੀ। ਜਸਬੀਰ ਨੇ ਇਕ ਦੋ ਵਾਰ
ਸਰੀਰ ਢਿੱਲਾ ਮੱਠਾ ਰਹਿਣ ਦਾ ਵੀ ਜ਼ਿਕਰ ਕੀਤਾ ਸੀ।
ਅਚਾਨਕ ਇਕ ਦਿਨ ਜਸਬੀਰ ਦਾ ਫੋਨ ਆਇਆ,‘ਚਮਕੌਰ ਵੀਰੇ ਆ ਕੇ ਮਿਲ ਜਾ, ਸ਼ਾਇਦ ਦੁਬਾਰਾ ਮੇਲੇ ਨਾ
ਹੋਣ।’ ਅੱਗੇ ਕੁਝ ਨਹੀਂ ਬੋਲਿਆ ਜਿਵੇਂ ਉਹਦਾ ਗੱਚ ਭਰ ਗਿਆ ਹੋਵੇ।
ਮੈਂ ਦੁਬਾਰਾ ਫੋਨ ਲਾਇਆ ਪਰ ਬੰਦ ਆ ਰਿਹਾ ਸੀ। ਮੈਂ ਅਗਲੇ ਦਿਨ ਬੱਸੇ ਬੈਠ ਸ਼ਾਮ ਨੂੰ ਜਸਬੀਰ
ਦੇ ਪਿੰਡ ਪਹੁੰਚ ਗਿਆ। ਮੰਜੇ ਦੇ ਨਾਲ ਜੁੜਿਆ ਜਸਬੀਰ ਮੈਨੂੰ ਆਇਆ ਵੇਖ ਕੇ ਹਰਾ ਹੋ ਗਿਆ,
‘ਮੈਨੂੰ ਪਤਾ ਸੀ, ਤੂੰ ਸੁਣ ਕੇ ਪੈਰੀਂ ਜੁੱਤੀ ਨਹੀਂ ਪਾਉਣੀ।’ ਜਸਬੀਰ ਦਾ ਬੋਲ ਇਵੇਂ ਸੀ
ਜਿਵੇਂ ਕੋਈ ਬਿਮਾਰੀ ਹੀ ਨਾ ਹੋਵੇ। ਪਾਣੀ ਲੈ ਕੇ ਆਈ ਪ੍ਰੀਤੋ ਨੇ ਮੈਨੂੰ ਵੀਰ ਜੀ ਸਤਿ ਸ੍ਰੀ
ਅਕਾਲ ਬੋਲੀ। ਮੈਂ ਵੀ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ ਭੈਣ ਜੀ’ ਕਹਿ ਕੇ ਜੁਆਬ ਦਿੱਤਾ।
‘ਪੀਤੋ ਐਂ ਕਰ, ਚਾਹ ਚੂ ਤਾਂ ਹੁਣ ਤੂੰ ਰਹਿਣ ਈ ਦੇ, ਜੇ ਕੋਈ ਸਬਜ਼ੀ-ਭਾਜੀ ਹੈ ਤਾਂ ਦੇ ਜਾ,
ਰੋਟੀ ਦਾ ਆਹਰ ਕਰੋ, ਚਮਕੌਰ ਸਵੇਰ ਦਾ ਤੁੁਰਿਆ ਹੋਵੇਗਾ। ਜਸਬੀਰ ਦਾ ਬੋਲ ਇਵੇਂ ਟੁਣਕਵਾਂ ਸੀ
ਜਿਵੇਂ ਮੇਰੇ ਆਏ ਦਾ ਉਸ ਨੂੰ ਅੰਤਾਂ ਦਾ ਚਾਅ ਹੋਵੇ।
‘ਚਮਕੌਰੇ, ਔਹ ਅਲਮਾਰੀ ਵਿਚੋਂ ਵਿਸਕੀ ਦੀ ਬੋਤਲ ਤੇ ਗਲਾਸ ਫੜ।’ ਜਸਬੀਰ ਨੇ ਸਿਰਾਹਣੇ ਦੀ ਢੋਅ
ਲਾਈ ਅੱਧ ਲੇਟੇ ਨੇ ਹੀ ਅਲਮਾਰੀ ਵੱਲ ਇਸ਼ਾਰਾ ਕੀਤਾ।
‘ਯਾਰ ਮੈਂ ਸ਼ਰਾਬ ਪੀਣ ਨਹੀਂ ਆਇਆ, ਤੂੰ ਤੰਦਰੁਸਤ ਹੋ ਫਿਰ ਆਪ ਹੀ ਮੰਗ ਲਵਾਂਗਾ।’ ਮੈਂ ਡਾਹਡਾ
ਦੁਖੀ ਹੋਏ ਨੇ ਕਿਹਾ।
‘ਯਾਰ, ਨਦੀ ਨਾਮ ਸੰਯੋਗੀਂ ਮੇਲੇ, ਪੀਤੋ ਵੀ ਹਰੇਕ ਆਏ ਗਏ ਨੂੰ ਮੈਨੂੰ ਸ਼ਰਾਬ ਪੀਣ ਤੋਂ
ਮਨ੍ਹਾਂ ਕਰਨ ਲਈ ਆਖਦੀ ਹੈ, ਤੈਨੂੰ ਵੀ ਕਹੂ ਪਰ ਇਹ ਬਿਮਾਰੀ ਸ਼ਰਾਬ ਕਰਕੇ ਨਹੀਂ ਹੈ, ਤੂੰ
ਪੈੱਗ ਬਣਾ ਏਨੇ ਨੂੰ ਪੀਤੋ ਲੈ ਆਊ ਕੁਝ ਨਾ ਕੁਝ।’ ਜੱਸੀ ਨੇ ਫਿਰ ਮੈਨੂੰ ਕਿਹਾ ਜਿਵੇਂ ਪੀਣ
ਲਈ ਕਾਹਲ਼ਾ ਹੋਵੇ ਪਰ ਚਿਹਰੇ ’ਤੇ ਦਰਦ ਦੀਆਂ ਲਕੀਰਾਂ ਨਾ ਲੁਕਾਅ ਸਕਿਆ। ਜਸਬੀਰ ਦੀ ਹਾਲਤ
ਸਮਝਦਾ ਹੋਇਆ ਮੈਂ ਉਸਦੇ ਹਰ ਹੁਕਮ ਦੀ ਪਾਲਣਾ ਕਰ ਰਿਹਾ ਸਾਂ।
ਮੈਨੂੰ ਪਾਣੀ ਨਾ ਪਾਵੀਂ ਤੂੰ ਪਾ ਲੈ, ਨੀਟ ਵਿਸਕੀ ਦੀ ਅੱਧੀ ਗਲਾਸੀ ਅੰਦਰ ਸੁੱਟ ਕੇ ਜਸਬੀਰ
ਬੋਲਿਆ, ‘ਚਮਕੌਰ ਵੀਰੇ ਮੈਨੂੰ ਕੈਂਸਰ ਹੈ ਪਰ ਵੇਖਣ ਵਾਲੇ ਨੂੰ ਪਤਾ ਨਹੀਂ ਲਗਦਾ।’ ਮੈਂ
ਕੈਂਸਰ ਦਾ ਨਾਂ ਸੁਣ ਕੇ ਧੁਰ ਅੰਦਰ ਤਾਈਂ ਝੰਜੋੜਿਆ ਗਿਆ। ਥੋੜ੍ਹੀ ਦੇਰ ਬਾਅਦ ਕੁਝ ਆਂਡਿਆਂ
ਦੀ ਭੁਰਜੀ ਮੇਜ਼ ’ਤੇ ਰੱਖ ਕੇ ਮੁੜਦੀ ਪ੍ਰੀਤੋ ਨੂੰ ਜਸਬੀਰ ਨੇ ਕਿਹਾ, ‘ਪੀਤੋ, ਜਦੋਂ ਮੈਂ
’ਵਾਜ ਮਾਰਾਂ ਫਿਰ ਰੋਟੀ ਲੈ ਕੇ ਆਇਓ।’
ਵਿਸਕੀ ਦਾ ਘੁੱਟ ਭਰ ਕੇ ਜਸਬੀਰ ਫਿਰ ਬੋਲਿਆ, ‘ਮੈਨੂੰ ਕੁਝ ਸਮੇਂ ਤੋਂ ਸਿਰ ਦਰਦ ਤੇ ਹੋਰ ਵੀ
ਤਕਲੀਫ਼ਾਂ ਸਨ ਜੋ ਮੈਂ ਕੋਈ ਬਹੁਤਾ ਗ਼ੌਰ ਨਹੀਂ ਕੀਤਾ ਤਿੰਨ ਚਾਰ ਮਹੀਨੇ ਪਹਿਲਾਂ ਚੈੱਕ ਕਰਾਉਣ
’ਤੇ ਪਤਾ ਲੱਗਾ ਕਿ ਜਿਗਰ ਦੇ ਕੈਂਸਰ ਦੀ ਆਖਰੀ ਸਟੇਜ ਹੈ ਕਦੀ ਵੀ ਮੌਤ ਹੋ ਸਕਦੀ ਹੈ।ਜਦੋਂ ਇਹ
ਸਪੱਸ਼ਟ ਹੈ ਕਿ ਮੈਂ ਕਦੋਂ ਤੁਰ ਜਾਣੈ ਇਹ ਪਤਾ ਹੀ ਨਹੀਂ, ਫਿਰ ਕਿਉ ਨਾ ਰਹਿੰਦਾ ਜੀਵਨ ਹੱਸ ਕੇ
ਜੀਵਿਆ ਜਾਵੇ?’ ਜੱਸੀ ਨੇ ਇੰਜ ਕਿਹਾ ਜਿਵੇਂ ਕੈਂਸਰ ਕੋਈ ਮਾੜੀ ਮੋਟੀ ਬਿਮਾਰੀ ਹੋਵੇ ਪਰ ਉਸ
ਦੇ ਚਿਹਰੇ ਤੋਂ ਲਗਦਾ ਸੀ ਕਿ ਜਿਵੇਂ ਉਹ ਜ਼ਬਰਦਸਤੀ ਖ਼ੁਸ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੂਜੇ ਪੈੱਗ ਵਿਚੋਂ ਸਿਪ ਕਰ ਕੇ ਗਲਾਸੀ ਮੇਜ਼ ’ਤੇ ਰੱਖਦਾ ਜੱਸੀ ਬੋਲਿਆ, ‘ਚਮਕੌਰ ਵੀਰੇ, ਤੇਰੇ
ਤੋਂ ਵੱਧ ਮੈਂ ਆਪਣੇ ਨੇੜੇ ਕਿਸੇ ਨੂੰ ਵੀ ਨਹੀਂ ਸਮਝਦਾ। ਮੈਨੂੰ ਅੱਜ ਵੀ ਲੱਗ ਰਿਹੈ ਕਿ
ਜਿਵੇਂ ਤੂੰ ਦਿਲ ਵਿਚ ਕਹਿ ਰਿਹਾ ਏਂ ਕਿ ਵਿਆਹ ਦੇ ਜੁਆਬ ਵਿਚ ਜੱਸੀ ਨੇ ਹਾਲੇ ਵੀ ਕੁਝ ਨਹੀਂ
ਦੱਸਿਆ।’
‘ਹਾਂ ਬਿਲਕੁਲ, ਪ੍ਰੀਤੋ ਨੂੰ ਪਤਨੀ ਲਿਖਾਉਣਾ ਹਾਲੇ ਵੀ ਅਣਸੁਲਝਿਆ ਸੁਆਲ ਹੈ।’ ਮੇਰੇ ਜੋ ਦਿਲ
ਵਿਚ ਸੀ ਮੈਂ ਕਹਿ ਹੀ ਦਿੱਤਾ।
‘ਇਸਦਾ ਜੁਆਬ ਹੈ, ਪੀਤੋ ਅੱਜ ਵੀ ਮੇਰੀ ਭਾਬੀ ਹੈ।’ ਅੱਜ ਤੈਨੂੰ ਸਾਰਾ ਕੁਝ ਦੱਸਣ ਵਾਸਤੇ ਈ
ਤਾਂ ਸੱਦਿਆ ਹੈ। ਤੇਰੇ ਬਾਰੇ ਮੈਂ ਪੀਤੋ ਨੂੰ ਵੀ ਦੱਸਿਆ ਹੈ ਕਿ ਤੂੰ ਮੇਰੇ ਕਿੰਨਾ ਨੇੜੇ
ਹੈਂ। ਮੈਨੂੰ ਖਿਆਲ ਆਇਆ ਤਾਂ ਹੀ ਪ੍ਰੀਤੋ ਮੈਨੂੰ ਵੀਰ ਜੀ ਕਹਿ ਕੇ ਮੇਰੀ ਇੱਜ਼ਤ ਕਰਦੀ
ਹੈ।ਪਹਿਲਾਂ ਤਾਂ ਘੱਟ ਹੀ ਬੋਲਦੀ ਸੀ।
ਵੱਡੇ ਭਾਈ ਦਾ ਵਿਆਹ ਹੋਣ ਤੋਂ ਬਾਅਦ ਜਦੋਂ ਮੈਨੂੰ ਗਾਨਿਆਂ ਦੀ ਰਸਮ ਮੌਕੇ ਭਾਬੀ ਤੋਂ ਸ਼ਗਨ
ਲੈਣ ਵਾਸਤੇ ਬੁਲਾਇਆ ਤਾਂ ਮੈਂ ਪਹਿਲੀ ਵਾਰ ਨੰਗੇ ਮੂੰਹ ਪੀਤੋ ਨੂੰ ਵੇਖ ਕੇ ਮਹਿਸੂਸ ਕੀਤਾ ਕਿ
ਮਲੂਕ ਜਿਹੀ ਪੀਤੋ ਦਾ ਉਮਰੋਂ ਵੱਡੇ ਭਾਈ ਨਾਲ ਵਿਆਹ ਸਰਾ-ਸਰ ਧੱਕਾ ਹੋਇਆ ਹੈ ਜਿਸ ਦਾ
ਜ਼ਿੰਮੇਵਾਰ ਮੈਂ ਹਾਂ। ਪੀਤੋ ਤਾਂ ਮੇਰੇ ਤੋਂ ਵੀ ਬਹੁਤ ਛੋਟੀ ਸੀ। ਪੀਤੋ ਨੂੰ ਭਾਬੀ ਕਹਿਣ ਨੂੰ
ਮੇਰੀ ਆਤਮਾ ਅੱਜ ਤੱਕ ਨਹੀਂ ਮੰਨੀ। ਰਿਸ਼ਤਿਆਂ ਦੀ ਪਾਕੀਜ਼ਗੀ ਮੈਂ ਤੇਰੀਆਂ ਲਿਖਤਾਂ ਤੋਂ ਸਿੱਖੀ
ਹੈ। ਬਾਈ ਭੋਲ਼ਾ ਸੀ ਸਿੱਧਰਾ ਨਹੀਂ ਸੀ, ਪਤਾ ਨਹੀਂ ਕਿਉ ਚੁੱਪ ਕੀਤਾ ਕਿਧਰੇ ਤੁਰ ਗਿਆ। ਸ਼ਾਇਦ
ਕਿਸੇ ਦਾ ਕਿਹਾ ਦਿਲ ਨੂੰ ਲਾ ਗਿਆ ਹੋਵੇ।ਜੇ ਮੈਂ ਵਿਆਹ ਕਰਵਾ ਲੈਂਦਾ ਤਾਂ ਪੀਤੋ ਅਤੇ ਬੱਚਿਆਂ
ਨੇ ਰੁਲ਼ ਜਾਣਾ ਸੀ। ਪੀਤੋ ਮੈਨੂੰ ਵਾਰ-ਵਾਰ ਆਖਦੀ ਰਹੀ ਸੀ, ‘ਜਸਬੀਰ, ਤੂੰ ਇਕ ਵਾਰ ਹਾਂ ਭਰ
ਮੈਂ ਕੱਲ੍ਹ ਨੂੰ ਆਪਣੇ ਪਿੰਡੋਂ ਕੁੜੀ ਲੈ ਆਉਦੀ ਹਾਂ। ਮੈਂ ਇਕੋ ਵਾਰੀ ਹੀ ਗੱਲ ਨਬੇੜ ਦਿੱਤੀ
ਸੀ ਕਿ ਮੈਨੂੰ ਦੁਬਾਰਾ ਵਿਆਹ ਵਾਸਤੇ ਨਾ ਕਹੀਂ।ਲੋਕਾਂ ਅਨੁਸਾਰ ਪੀਤੋ ਨਾਲ ਜੁੜ ਕੇ ਬਹੁਤ ਹੀ
ਭੋਲ਼ੇ ਭਾਈ ਨਾਲ ਧੋਖਾ ਕਰਨ ਦੀ ਤਾਂ ਮੈਂ ਸੋਚ ਹੀ ਨਹੀਂ ਸਕਦਾ ਸੀ। ਪੀਤੋ ਤਾਂ ਹੈ ਹੀ ਕੋਈ
ਦੇਵੀ। ਮੈਂ ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਤੱਕ ਨਿਭਾਈ ਹੈ।ਜ਼ਿੰਮੇਵਾਰੀ ਸਮਝਦਿਆਂ ਹੀ ਮੈਂ
ਪੈਨਸ਼ਨ ਦੇ ਕਾਗ਼ਜ਼ ਤਿਆਰ ਕਰਨ ਮੌਕੇ ਪੀਤੋ ਦੇ ਨਾਮ ਦਾ ਪਾਰਟ ਟੂ ਆਰਡਰ ਕਰਵਾ ਦਿੱਤਾ ਸੀ।
ਚਮਕੌਰ ਵੀਰੇ ਕੀ ਮੈਂ ਠੀਕ ਕੀਤਾ?’ ਜੁਆਬ ਮੰਗਦੇ ਜਸਬੀਰ ਨੂੰ ਮੈਂ ਆਪਣੇ ਨਾਲ ਘੁੱਟ ਲਿਆ
ਕਿਉਕਿ ਮੇਰੇ ਅਣਸੁਲਝੇ ਸੁਆਲ ਦਾ ਜੁਆਬ ਮਿਲ ਗਿਆ ਸੀ।
‘ਤੂੰ ਮਹਾਨ ਏਂ ਯਾਰਾ।’ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ ਸੀ।
ਉਸ ਦਿਨ ਅਸੀਂ ਸਾਰੀ ਰਾਤ ਫ਼ੌਜ ਵਿਚ ਬਿਤਾਏ ਖ਼ੁਸ਼ੀਆਂ-ਗ਼ਮੀਆਂ ਦੇ ਪਲ ਯਾਦ ਕਰਦੇ ਹੱਸਦੇ ਤੇ
ਭਾਵਕ ਵੀ ਹੁੰਦੇ ਰਹੇ ਸਾਂ। ਪਹਿਲਾਂ ਜਦੋਂ ਵੀ ਮੈਂ ਜੱਸੀ ਨੂੰ ਮਿਲਣ ਆਉਦਾ ਸਾਂ ਤਾਂ ਸਵੇਰੇ
ਬਾਹਰ ਖੇਤਾਂ ਵਿਚ ਜਾਂਦੇ ਸਾਂ। ਉਸ ਦਿਨ ਨਹੀਂ ਗਏ।ਸਵੇਰੇ ਤਿਆਰ ਹੋ ਕੇ ਤੁਰਦੇ ਨੂੰ ਜਸਬੀਰ
ਨੇ ਮੈਨੂੰ ਕਿਹਾ, ‘ਚਮਕੌਰੇ ਮੇਰੇ ਕੋਲੋਂ ਅੱਡੇ ਤੱਕ ਤਾਂ ਜਾ ਨਹੀਂ ਹੋਣਾ, ਫੋਨ ਕਰਦਾ ਰਹੀਂ
ਤੇ ਜਲਦੀ ਗੇੜਾ ਮਾਰੀਂ, ਮੈਂ ਤਾਂ ਹੁਣ ਆ ਨਹੀਂ ਸਕਾਂਗਾ।’ ਕਹਿੰਦਿਆਂ ਜਸਬੀਰ ਦਾ ਗੱਚ ਭਰ
ਆਇਆ ਸੀ। ਤੁਰਨ ਲੱਗਿਆਂ ਯਾਰ ਨੂੰ ਮਿਲਣ ਵੇਲੇ ਮੈਂ ਵੀ ਫਫਕ ਪਿਆ ਸਾਂ। ਜਸਬੀਰ ਮੇਰੀ ਪਿੱਠ
ਪਲੋਸਦਾ ਬੋਲਿਆ ਸੀ, ‘ਯਾਰ, ਜੋ ਹੋ ਕੇ ਹੀ ਰਹਿਣਾ ਫਿਰ ਉਸਦਾ ਕਾਹਦਾ ਗ਼ਮ?’ ਤਕਰੀਬਨ ਕਵਿੰਟਲ
ਭਾਰੀ ਗੰਨ ਦੀ ਬੈਰਲ ਮੋਢੇ ’ਤੇ ਰੱਖ ਕੇ ਅਸਾਨੀ ਨਾਲ ਪਹਾੜੀ ਚੜ੍ਹਨ ਵਾਲਾ ਜੱਸੀ ਪਤਾ ਨਹੀਂ
ਕਿੰਨੇ ਕੁ ਦਿਨਾਂ ਦਾ ਮਹਿਮਾਨ ਸੀ। ਮੈਂ ਸਾਰੇ ਰਾਹ ਸੋਚਦਾ ਆਇਆ ਸਾਂ ਕਿ ਜਸਬੀਰ ਨੇ ਸੋਚ-ਸੋਚ
ਕੇ ਹੀ ਚੰਦਨ ਵਰਗੀ ਦੇਹੀ ਗਾਲ਼ ਲਈ ਹੈ।
ਜਸਬੀਰ ਦੇ ਪਿੰਡ ਮੈਂ ਸਮੇਂ ਸਿਰ ਹੀ ਪਹੁੰਚ ਗਿਆ ਸਾਂ। ਘਰ ਪਹੁੰਚ ਕੇ ਜਦੋਂ ਮੈਂ ਪੱਲਾ ਚੁੱਕ
ਕੇ ਆਪਣੇ ਯਾਰ ਦੇ ਆਖ਼ਰੀ ਦਰਸ਼ਨ ਕਰਦਿਆਂ ਧਾਹ ਮਾਰ ਕੇ ਜੱਫੀ ਪਾਉਦਿਆਂ ਕਿਹਾ,‘ਬਸ ਤੋੜ ’ਤੀ
ਯਾਰੀ! ਤਾਂ ਪ੍ਰੀਤੋ ਨੇ ਮੇਰੇ ਉਪਰ ਡਿਗਦਿਆਂ ਲੇਰ ਮਾਰੀ, ਹੁਣ ਨਹੀਂ ਬੋਲਣਾ ਤੇਰੇ ਦੋਸਤ ਨੇ
ਵੀਰਿਆ।’। ਕੁਝ ਔਰਤਾਂ ਨੇ ਪ੍ਰੀਤੋ ਨੂੰ ਸੰਭਾਲ ਕੇ ਪਾਸੇ ਕੀਤਾ ਤੇ ਮਿ੍ਰਤਕ ਦੇਹ ਦੇ ਆਖ਼ਰੀ
ਸਫ਼ਰ ਦੀ ਤਿਆਰੀ ਹੋੋਣ ਲੱਗ ਪਈ। ਮੇਰੇ ਜ਼ਿਹਨ ਵਿਚ ਜਸਬੀਰ ਦੇ ਬੋਲ ਗੂੰਜ ਰਹੇ ਸਨ,‘ਨਦੀ ਨਾਮ
ਸੰਯੋਗੀ ਮੇਲੇ, ਯਾਰ ਹੌਸਲਾ ਕਰ, ਜੋ ਹੋ ਕੇ ਈ ਰਹਿਣਾ ਫਿਰ ਉਸਦਾ ਕਾਹਦਾ ਗ਼ਮ, ਚਮਕੌਰ ਵੀਰੇ
ਮੈਂ ਠੀਕ ਕੀਤਾ?’
*- ਤਰਸੇਮ ਸਿੰਘ ਭੰਗੂ*